ਨਵੀਂ ਦਿੱਲੀ— ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਆਪਣਾ ਨਾਂ ਗੂੰਜਣ 'ਤੇ ਅਡਾਨੀ ਗਰੁੱਪ ਨੇ ਕਿਹਾ ਕਿ ਉਹ ਨਾ ਤਾਂ ਕਿਸਾਨਾਂ ਤੋਂ ਅਨਾਜ ਖ਼ਰੀਦਦਾ ਹੈ ਅਤੇ ਨਾ ਹੀ ਇਸ ਦਾ ਮੁੱਲ ਨਿਰਧਾਰਤ ਕਰਦਾ ਹੈ। ਕੰਪਨੀ ਨੇ ਕਿਹਾ ਕਿ ਉਹ ਸਿਰਫ਼ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਲਈ ਅਨਾਜ ਭੰਡਾਰਣ ਲਈ 'ਸਾਈਲੋ' ਯਾਨੀ ਸਟੋਰਜ ਲਈ ਬੁਨਿਆਦੀ ਢਾਂਚਾ ਵਿਕਸਤ ਕਰਦੀ ਹੈ ਅਤੇ ਉਸ ਦਾ ਸੰਚਾਲਨ ਕਰਦੀ ਹੈ।
ਗਰੁੱਪ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਰੀ ਇਕ ਬਿਆਨ 'ਚ ਕਿਹਾ, ''ਸਟੋਰੇਜ਼ ਦੀ ਮਾਤਰਾ ਨਿਰਧਾਰਤ ਕਰਨ ਅਤੇ ਅਨਾਜ ਦੀ ਕੀਮਤ ਨਿਰਧਾਰਤ ਕਰਨ 'ਚ ਕੰਪਨੀ ਦੀ ਕੋਈ ਭੂਮਿਕਾ ਨਹੀਂ ਹੈ, ਉਹ ਸਿਰਫ ਐੱਫ. ਸੀ. ਆਈ. ਲਈ ਇਕ ਸੇਵਾ ਅਤੇ ਬੁਨਿਆਦੀ ਢਾਂਚਾ ਪ੍ਰਦਾਤਾ ਕੰਪਨੀ ਹੈ।'' ਭਾਰਤੀ ਖੁਰਾਕ ਨਿਗਮ ਕਿਸਾਨਾਂ ਤੋਂ ਅਨਾਜ ਖਰੀਦਦੀ ਹੈ ਅਤੇ ਉਸ ਨੂੰ ਜਨਤਕ ਨਿੱਜੀ ਭਾਈਵਾਲੀ ਵੱਲੋਂ ਬਣਾਏ ਗਏ 'ਸਾਈਲੋ' 'ਚ ਸਟੋਰ ਕਰਦੀ ਹੈ। ਨਿੱਜੀ ਭਾਈਵਾਲਾਂ ਨੂੰ ਅਨਾਜ ਭੰਡਾਰ ਸਥਾਨ ਦੇ ਨਿਰਮਾਣ ਅਤੇ ਸਟੋਰਜ ਲਈ ਫੀਸ ਦਿੱਤੀ ਜਾਂਦੀ ਹੈ ਪਰ ਅਨਾਜ ਦੀ ਮਾਲਕੀ ਦੇ ਨਾਲ-ਨਾਲ ਇਸ ਦੇ ਮਾਰਕੀਟਿੰਗ ਤੇ ਵੰਡ ਦੇ ਅਧਿਕਾਰ ਸਿਰਫ਼ ਐੱਫ. ਸੀ. ਆਈ. ਕੋਲ ਹੁੰਦੇ ਹਨ।
ਇਹ ਵੀ ਪੜ੍ਹੋ- ਨੌਕਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ, ਜਾਣੋ ਸਕੀਮ
ਗਰੁੱਪ ਨੇ ਕਿਹਾ ਕਿ ਉਹ ਮੁਕਾਬਲੇਬਾਜ਼ੀ ਅਤੇ ਪਾਰਦਰਸ਼ੀ ਬੋਲੀ ਜਿੱਤਣ ਤੋਂ ਬਾਅਦ ਸਾਲ 2005 ਤੋਂ ਐੱਫ. ਸੀ. ਆਈ. ਲਈ ਅਨਾਜ ਦੇ ਭੰਡਾਰਣ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਉਸ ਦਾ ਸੰਚਾਲਨ ਕਰਨ ਦੇ ਕਾਰੋਬਾਰ 'ਚ ਹੈ। ਨਿੱਜੀ ਰੇਲ ਲਾਈਨਾਂ ਜੋ ਇਸ ਟੈਂਡਰ ਦੇ ਹਿੱਸੇ ਵਜੋਂ ਵਿਕਸਤ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦਾ ਮਕਸਦ ਦੇਸ਼ ਭਰ ਦੇ ਵੰਡ ਕੇਂਦਰਾਂ ਤੇ ਸਾਈਲੋ ਯੂਨਿਟਾਂ ਵਿਚਕਾਰ ਆਵਾਜਾਈ ਨੂੰ ਆਸਾਨ ਬਣਾਉਣਾ ਹੈ।
ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ
ਕੰਪਨੀ ਨੇ ਕਿਹਾ ਕਿ ਐੱਫ. ਸੀ. ਆਈ. ਦੇਸ਼ 'ਚ ਸਟੋਰੇਜ ਅਤੇ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਅਜਿਹੇ ਠੇਕੇ ਮੁਹੱਈਆ ਕਰਾਉਂਦੀ ਹੈ ਤਾਂ ਜੋ ਅਨਾਜ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾ ਸਕੇ ਅਤੇ ਚੰਗੀ ਕੁਆਲਿਟੀ ਦਾ ਅਨਾਜ ਪੀ. ਡੀ. ਐੱਸ. ਸਿਸਟਮ ਨੂੰ ਸਪਲਾਈ ਕੀਤਾ ਜਾ ਸਕੇ। ਕੰਪਨੀ ਦੀ ਇਹ ਟਿੱਪਣੀ ਉਸ ਮਗਰੋਂ ਆਈ ਹੈ ਜਦੋਂ ਕੁਝ ਕਿਸਾਨ ਸੰਗਠਨਾਂ ਨੇ ਦੋਸ਼ ਲਾਏ ਹਨ ਕਿ ਅਡਾਨੀ ਸਮੂਹ ਅਨਾਜ ਦੀ ਜਮ੍ਹਾਖੋਰੀ ਲਈ ਭੰਡਾਰਣ ਸੁਵਿਧਾਵਾਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਬਾਅਦ 'ਚ ਉਸ ਨੂੰ ਜ਼ਿਆਦਾ ਕੀਮਤਾਂ 'ਤੇ ਵੇਚਿਆ ਜਾਂਦਾ ਹੈ। ਕੰਪਨੀ ਨੇ ਕਿਹਾ ਕਿ ਉਹ ਕਿਸਾਨਾਂ ਤੋਂ ਐੱਫ. ਸੀ. ਆਈ. ਵੱਲੋਂ ਖਰੀਦੇ ਗਏ ਅਨਾਜ ਦੀ ਨਾ ਤਾਂ ਮਾਲਕ ਹੈ ਅਤੇ ਨਾ ਹੀ ਇਸ ਨਾਲ ਜੁੜੀਆਂ ਕੀਮਤਾਂ ਨਾਲ ਉਸ ਦਾ ਕੋਈ ਸਬੰਧ ਹੈ। ਕੰਪਨੀ ਨੇ ਕਿਹਾ, ''ਮੌਜੂਦਾ ਚੱਲ ਰਹੇ ਮੁੱਦਿਆਂ ਨੂੰ ਕਿਸੇ 'ਤੇ ਚਿੱਕੜ ਉਛਾਲਣ ਲਈ ਇਸਤੇਮਾਲ ਕਰਨਾ, ਇਕ ਜਿੰਮੇਵਾਰ ਕਾਰਪੋਰੇਟ ਦੀ ਸਾਖ਼ ਨੂੰ ਖ਼ਰਾਬ ਕਰਨ ਦੀ ਨਾ ਸਿਰਫ਼ ਇਕ ਸਪੱਸ਼ਟ ਕੋਸ਼ਿਸ਼ ਹੈ ਸਗੋਂ ਜਨਤਾ ਦੇ ਨਜ਼ਰੀਏ ਨੂੰ ਵੀ ਗੁੰਮਰਾਹ ਕਰਦੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੀ ਹੈ।''
ਇਹ ਵੀ ਪੜ੍ਹੋ- ਬੁਲੇਟ ਟਰੇਨ ਨਾਲ ਜੁੜੇਗੀ ਦਿੱਲੀ-ਆਯੁੱਧਿਆ, ਡੀ. ਪੀ. ਆਰ. 'ਤੇ ਹੋ ਰਿਹੈ ਕੰਮ
14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ
NEXT STORY