ਨਵੀਂ ਦਿੱਲੀ— ਭਾਰਤ 'ਚ ਬੜੀ ਸ਼ਾਨਦਾਰ ਪਾਰੀ ਖੇਡਣ ਵਾਲੀ ਐਪਲ ਦਾ ਦਬਦਬਾ ਹੁਣ ਫਿੱਕਾ ਹੁੰਦਾ ਜਾ ਰਿਹਾ ਹੈ। ਆਈਫੋਨ ਦਿੱਗਜ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 'ਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਮਹਿੰਗੇ ਮੋਬਾਇਲਾਂ ਦੇ ਮਾਮਲੇ 'ਚ ਅਕਤੂਬਰ-ਦਸੰਬਰ 2017 'ਚ ਇਸ ਦੀ ਬਾਜ਼ਾਰ ਹਿੱਸੇਦਾਰੀ 47 ਫੀਸਦੀ ਸੀ, ਜੋ ਜਨਵਰੀ-ਮਾਰਚ 'ਚ 20 ਫੀਸਦੀ ਅਤੇ ਅਪ੍ਰੈਲ-ਜੂਨ 2018 'ਚ ਘਟ ਕੇ 13.6 ਫੀਸਦੀ ਰਹਿ ਗਈ। ਮਹਿੰਗੇ ਮੋਬਾਇਲਾਂ ਦਾ ਮਤਲਬ 30,000 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਫੋਨਾਂ ਤੋਂ ਹੈ। ਇਹ ਅੰਕੜੇ 'ਕਾਊਂਟਰ ਪੁਆਇੰਟ ਰਿਸਰਚ' ਤੋਂ ਜੁਟਾਏ ਗਏ ਹਨ। ਉੱਥੇ ਹੀ ਵਨਪਲਸ ਵਰਗੇ ਬ੍ਰਾਂਡਜ਼ ਦੀ ਬਾਜ਼ਾਰ ਹਿੱਸੇਦਾਰੀ ਵਧੀ ਹੈ ਅਤੇ ਇਸ ਨੇ ਐਪਲ ਨੂੰ ਤੀਜੇ ਨੰਬਰ 'ਤੇ ਖਿਸਕਾ ਦਿੱਤਾ ਹੈ।
ਕਾਊਂਟਰ ਪੁਆਇੰਟ ਰਿਸਰਚ ਨੇ ਕਿਹਾ ਕਿ ਅਪ੍ਰੈਲ-ਜੂਨ 'ਚ ਐਪਲ ਦੀ ਬਾਜ਼ਾਰ ਹਿੱਸੇਦਾਰੀ ਭਾਰਤ 'ਚ ਸਭ ਤੋਂ ਹੇਠਲੇ ਪੱਧਰ 'ਤੇ ਚਲੀ ਗਈ ਕਿਉਂਕਿ ਹੁਣ ਤਕ ਕਦੇ ਵੀ ਉਸ ਦੀ ਹਿੱਸੇਦਾਰੀ 14 ਫੀਸਦੀ ਤੋਂ ਹੇਠਾਂ ਨਹੀਂ ਗਈ ਸੀ। ਦੂਜੇ ਪਾਸੇ ਅਪ੍ਰੈਲ-ਜੂਨ 'ਚ ਮਹਿੰਗੇ ਫੋਨਾਂ ਦੀ ਵਿਕਰੀ ਦੇ ਲਿਹਾਜ ਨਾਲ ਚੀਨ ਦੀ ਕੰਪਨੀ ਵਨਪਲਸ ਦੀ ਬਾਜ਼ਾਰ ਹਿੱਸੇਦਾਰੀ 40 ਫੀਸਦੀ 'ਤੇ ਪਹੁੰਚ ਗਈ ਅਤੇ ਸੈਮਸੰਗ 34 ਫੀਸਦੀ ਦੇ ਨਾਲ ਦੂਜੇ ਨੰਬਰ 'ਤੇ ਰਿਹਾ।
ਆਈਫੋਨ ਵੇਚਣ ਵਾਲੀ ਕੰਪਨੀ ਐਪਲ ਦੀ ਬਾਜ਼ਾਰ ਹਿੱਸੇਦਾਰੀ 'ਚ ਕਮੀ ਦਾ ਇਕ ਪ੍ਰਮੁੱਖ ਕਾਰਨ ਮੋਬਾਇਲਾਂ 'ਤੇ ਦਰਾਮਦ ਡਿਊਟੀ 'ਚ ਕੀਤਾ ਗਿਆ ਵਾਧਾ ਹੈ। ਦਸੰਬਰ 2017 ਤੋਂ ਮੋਬਾਇਲਾਂ ਦੀ ਦਰਾਮਦ 'ਤੇ ਤਿੰਨ ਵਾਰ ਡਿਊਟੀ ਵਧਾਈ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਭਾਰਤ 'ਚ ਆਪਣੀ ਮਾਰਕੀਟਿੰਗ ਰਣਨੀਤੀ ਵੀ ਬਦਲੀ ਹੈ। ਪਿਛਲੇ ਸਾਲ ਐਪਲ ਦੇ ਭਾਰਤ 'ਚ ਪੰਜ ਡਲਿਵਰੀ ਪਾਰਟਨਰ ਸਨ, ਜੋ ਹੁਣ ਚਾਰ ਰਹਿ ਗਏ ਹਨ। ਬਾਜ਼ਾਰ ਸੂਤਰਾਂ ਮੁਤਾਬਕ ਐਪਲ ਇਨ੍ਹਾਂ 'ਚੋਂ ਸਿਰਫ ਦੋ ਨੂੰ ਹੀ ਅੱਗੇ ਬਣਾਈ ਰੱਖ ਸਕਦੀ ਹੈ ਕਿਉਂਕਿ ਉਸ ਦੀ ਯੋਜਨਾ ਆਨਲਾਈਨ ਡਲਿਵਰੀ ਮਾਡਲ 'ਚ ਉਤਰਨ ਦੀ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਮਾਹਰਾਂ ਦਾ ਕਹਿਣਾ ਹੈ ਦਰਾਮਦ ਡਿਊਟੀ 'ਚ ਹੋਏ ਲਗਾਤਾਰ ਵਾਧੇ ਕਾਰਨ ਕੰਪਨੀ ਗਾਹਕਾਂ ਨੂੰ ਛੋਟ ਦੇਣ ਦੀ ਸਥਿਤੀ 'ਚ ਨਹੀਂ ਹੈ। ਹਾਲ ਹੀ 'ਚ ਐਪਲ ਨੇ ਇਸ ਦਾ ਭਾਰ ਗਾਹਕਾਂ 'ਤੇ ਪਾਇਆ ਹੈ ਅਤੇ ਆਈਫੋਨ ਦੀਆਂ ਕੀਮਤਾਂ 'ਚ ਤਕਰੀਬਨ 3 ਫੀਸਦੀ ਦਾ ਵਾਧਾ ਕੀਤਾ ਹੈ। ਕੀਮਤਾਂ 'ਚ ਵਾਧੇ ਕਾਰਨ ਉਸ ਨੂੰ ਵੀਵੋ, ਓਪੋ ਅਤੇ ਵਨਪਲਸ ਵਰਗੇ ਬ੍ਰਾਂਡਜ਼ ਤੋਂ ਸਖਤ ਟੱਕਰ ਮਿਲ ਰਹੀ ਹੈ।
70 ਰੁਪਏ ਤਕ ਪਹੁੰਚੇਗਾ ਡਾਲਰ, ਵਿਦੇਸ਼ ਘੁੰਮਣਾ ਹੋਵੇਗਾ ਮਹਿੰਗਾ!
NEXT STORY