ਨਵੀਂ ਦਿੱਲੀ — ਕਾਰਵੀ ਸਟਾਕ ਬ੍ਰੋਕਿੰਗ ਤੋਂ ਬਾਅਦ ਹੁਣ ਅਜਿਹੇ ਬਹੁਤ ਸਾਰੇ ਹੋਰ ਦਲਾਲ(ਬ੍ਰੋਕਰ) ਮਾਰਕੀਟ ਰੈਗੂਲੇਟਰ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਨਿਸ਼ਾਨੇ 'ਤੇ ਆ ਗਏ ਹਨ ਜਿਹੜੇ ਕਿ ਗਾਹਕਾਂ ਦੇ ਸ਼ੇਅਰਾਂ ਦੀ ਵਰਤੋਂ ਕਰਨ ਦੀ ਗਤੀਵਿਧੀ ਵਿਚ ਲੱਗੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਇਹ ਮੁੱਦਾ ਸਿਰਫ ਕਾਰਵੀ ਸਟਾਕ ਬਰੋਕਿੰਗ ਤੱਕ ਹੀ ਸੀਮਿਤ ਨਹੀਂ ਹੈ। ਗਾਹਕਾਂ ਦੇ 10,000 ਕਰੋੜ ਰੁਪਏ ਦੇ ਫੰਡ ਦੀ ਦੁਰਵਰਤੋਂ ਨੂੰ ਲੈ ਕੇ ਤਿੰਨ ਦਰਜਨ ਤੋਂ ਵਧ ਬ੍ਰੋਕਰ ਸੇਬੀ ਦੇ ਨਿਸ਼ਾਨੇ 'ਤੇ ਹਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬਹੁਤ ਸਾਰੇ ਬ੍ਰੋਕਰ ਗਾਹਕਾਂ ਦਾ ਪੈਸਾ ਵਾਪਸ ਕਰਨ ਲਈ ਸੇਬੀ ਵਲੋਂ ਤੈਅ ਆਖਰੀ ਤਾਰੀਖ 31 ਅਗਸਤ ਤੱਕ ਪੈਸੇ ਵਾਪਸ ਨਹੀਂ ਕਰ ਸਕੇ।
ਬਜ਼ਾਰ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਜੇਕਰ ਇਹ ਬ੍ਰੋਕਰ ਆਪਣੇ ਗਾਹਕਾਂ ਦਾ ਪੈਸਾ ਨਹੀਂ ਵਾਪਸ ਕਰ ਸਕੇ ਜਾਂ ਉਨ੍ਹਾਂ ਨੂੰ ਖੁਦ ਦੇ ਕਾਰੋਬਾਰ 'ਚ ਘਾਟਾ ਹੋਇਆ ਹੈ ਤਾਂ ਇਹ ਮੁੱਦਾ ਵੱਡੀ ਸਮੱਸਿਆ ਬਣ ਸਕਦਾ ਹੈ। ਸੇਬੀ ਨੇ ਸ਼ੁੱਕਰਵਾਰ ਨੂੰ ਗਾਹਕਾਂ ਦੀਆਂ ਪ੍ਰਤੀਭੂਤੀਆਂ ਦੀ ਕਥਿਤ ਤੌਰ 'ਤੇ ਦੁਰਵਰਤੋਂ ਦੇ ਕਾਰਨ ਕਾਰਵੀ 'ਤੇ ਪਾਬੰਦੀ ਲਗਾ ਦਿੱਤੀ ਸੀ। ਸੂਤਰਾਂ ਅਨੁਸਾਰ ਸੇਬੀ ਫਿਲਹਾਲ ਅਜਿਹੇ ਕਈ ਬ੍ਰੋਕਰਾਂ ਦੇ ਖਾਤਿਆਂ ਦੀ ਜਾਂਚ-ਪੜਤਾਲ ਕਰ ਰਿਹਾ ਹੈ ਜਿਨ੍ਹਾਂ ਨੇ ਹੋਰ ਗਾਹਕਾਂ ਦੀਆਂ ਦੇਣਦਾਰੀਆਂ ਪੂਰੀਆਂ ਕਰਨ ਲਈ ਗਾਹਕਾਂ ਦੇ ਪੈਸਿਆਂ ਦਾ ਇਸਤੇਮਾਲ ਕੀਤਾ ਜਾਂ ਹੋਰ ਗਾਹਕਾਂ ਦੀ ਮਾਰਜਨ ਜ਼ਰੂਰਤਾਂ ਪੂਰੀਆਂ ਕਰਨ ਜਾਂ ਖੁਦ ਦੀਆਂ ਦੇਣਦਾਰੀਆਂ ਪੂਰੀਆਂ ਕਰਨ ਲਈ ਗਾਹਕਾਂ ਦੇ ਪੈਸਿਆਂ ਨੂੰ ਬੈਂਕਾਂ ਕੋਲ ਗਿਰਵੀ ਰੱਖ ਦਿੱਤਾ। ਕੁਝ ਬ੍ਰੋਕਰਾਂ ਦੀ ਰਿਅਲ ਅਸਟੇਟ ਵਰਗੇ ਕਾਰੋਬਾਰ 'ਚ ਪੈਸਾ ਟਰਾਂਸਫਰ ਕਰਨ ਦੀ ਸੰਭਾਵਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਕੁਝ ਮਾਮਲਿਆਂ 'ਚ ਗਾਹਕਾਂ ਨੇ ਆਪਣੇ ਕਾਰੋਬਾਰੀ ਖਾਤੇ 'ਚ ਲੰਮੇ ਸਮੇਂ ਤੋਂ ਕੋਈ ਲੈਣ-ਦੇਣ ਨਾ ਹੋਣ ਦੇ ਬਾਵਜੂਦ ਪ੍ਰਤੀਭੂਤੀਆਂ ਵਾਪਸ ਨਹੀਂ ਲਈਆਂ। ਇਸ ਗੱਲ ਦਾ ਵੀ ਖਦਸ਼ਾ ਹੈ ਕਿ ਇਨ੍ਹਾਂ ਨੂੰ ਉੱਚੀ ਵਿਆਜ ਦਰ ਦੀ ਉਮੀਦ 'ਚ ਬ੍ਰੋਕਰਾਂ ਨੂੰ ਕਰਜ਼ੇ ਦੇ ਰੂਪ ਵਿਚ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਮੁੱਦੇ ਨੂੰ ਸੰਭਲ ਕੇ ਸੁਝਾਉਣ ਦੀ ਜ਼ਰੂਰਤ ਹੈ ਕਿਉਂਕਿ ਹੰਗਾਮੇ ਤੋਂ ਬਚਣ ਅਤੇ ਸ਼ਾਂਤ ਰਹਿਣ ਵਾਲੇ ਨਿਵੇਸ਼ਕਾਂ ਦੀ ਜਾਇਦਾਦ ਦਾਅ 'ਤੇ ਲੱਗੀ ਹੋਈ ਹੈ। ਹੁਣ ਤੱਕ ਬ੍ਰੋਕਰਾਂ ਦਾ ਆਪਣੇ ਗਾਹਕਾਂ ਦੀਆਂ ਪ੍ਰਤੀਭੂਤੀਆਂ ਦਾ ਇਸਤੇਮਾਲ ਦੂਜੇ ਗਾਹਕਾਂ ਦੇ ਕਾਰੋਬਾਰ ਲਈ ਗਿਰਵੀ ਰੱਖਣ ਜਾਂ ਖੁਦ ਕਾਰੋਬਾਰ ਕਰਨ 'ਚ ਇਸਤੇਮਾਲ ਕਰਨਾ ਆਮ ਸੀ। ਕੁਝ ਬ੍ਰੋਕਰ ਗਾਹਕਾਂ ਦੇ ਪਏ ਹੋਏ ਸ਼ੇਅਰਾਂ ਨੂੰ ਪੂੰਜੀ ਇਕੱਠੀ ਕਰਨ ਲਈ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਕੋਲ ਗਿਰਵੀ ਰੱਖ ਦਿੰਦੇ ਸਨ। ਬ੍ਰੋਕਰਾਂ ਨੇ ਅਜਿਹੇ ਲੈਣ-ਦੇਣ ਲਈ ਕਥਿਤ 'ਸਟਾਕ ਬ੍ਰੋਕਰ-ਕਲਾਇੰਟ ਅਕਾਊਂਟ' ਬਣਾ ਲਏ ਸਨ। ਸੇਬੀ ਨੇ ਜੂਨ 'ਚ ਅਜਿਹੀਆਂ ਗਤੀਵਿਧਿਆਂ ਦੀ ਜਾਂਚ ਸ਼ੁਰੂ ਕੀਤੀ ਸੀ। ਰੈਗੂਲੇਟਰੀ ਨੇ ਸਾਰੇ ਬ੍ਰੋਕਰਾਂ ਨੂੰ ਅਜਿਹੇ ਖਾਤੇ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।
ਮਾਹਰਾਂ ਅਨੁਸਾਰ, 'ਜੂਨ 'ਚ ਨਵਾਂ ਨਿਯਮ ਲਾਗੂ ਹੋਣ ਤੱਕ ਬ੍ਰੋਕਿੰਗ ਉਦਯੋਗ 'ਚ ਗਾਹਕਾਂ ਦੇ ਫੰਡ ਦਾ ਇਸਤੇਮਾਲ ਆਮ ਸੀ। ਨਵੇਂ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਤੀਭੂਤੀਆਂ ਤੋਂ ਮਿਲਣ ਵਾਲੀ ਰਕਮ ਨੂੰ ਸਿੱਧੇ ਪੂਲ ਖਾਤੇ ਵਿਚੋਂ ਕਾਲੇਟਰਲ ਡੀਮੈਟ ਖਾਤੇ ਵਿਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ। ਇਸ ਦੀ ਬਜਾਏ ਇਸ ਨੂੰ ਸਭ ਤੋਂ ਪਹਿਲਾਂ ਸੰਬੰਧਿਤ ਗਾਹਕਾਂ ਦੇ ਡੀਮੈਟ ਖਾਤੇ ਵਿਚ ਟਰਾਂਸਫਰ ਕਰਨਾ ਹੋਵੇਗਾ ਤਾਂ ਜੋ ਅਜਿਹੇ ਕਾਲੇਟਰਲ ਨੂੰ ਗਾਹਕਾਂ ਦੀ ਮਨਜ਼ੂਰੀ ਮਿਲ ਸਕੇ। ਪਿਛਲੇ ਹਫਤੇ ਇਸ ਮੁੱਦੇ 'ਤੇ ਸੇਬੀ ਦੇ ਚੇਅਰਮੈਨ ਅਜੇ ਤਿਆਗੀ ਨੇ ਕਿਹਾ,'ਅਸੀਂ ਨਿਯਮਾਂ ਵਿਚ ਬਦਲਾਅ ਕੀਤਾ ਹੈ, ਜਿਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬ੍ਰੋਕਰ ਗਾਹਕਾਂ ਦੇ ਫੰਡ ਦਾ ਉਚਿਤ ਇਸਤੇਮਾਲ ਕਰਨ। ਇਸ ਦਿਸ਼ਾ 'ਚ ਕਾਫੀ ਕੰਮ ਕੀਤਾ ਜਾ ਚੁੱਕਾ ਹੈ ਅਤੇ ਕੁਝ ਹੋਰ ਕਦਮ ਚੁੱਕੇ ਜਾਣਗੇ।'
ਸ਼ਹਿਦ ਬਰਾਮਦ ਨੂੰ ਉਤਸ਼ਾਹ ਦੇਣ ਲਈ ਸ਼ਹਿਦ ਦਾ NMR ਨਿਰੀਖਣ ਲਾਜ਼ਮੀ ਕਰੇ EIC : ਸਰਕਾਰ
NEXT STORY