ਨਵੀਂ ਦਿੱਲੀ— ਜਨਵਰੀ ਤੋਂ ਸਿਨੇਮਾ ਦੇਖਣਾ ਸਸਤਾ ਹੋ ਜਾਵੇਗਾ। 22 ਦਸੰਬਰ 2018 ਨੂੰ ਜੀ. ਐੱਸ. ਟੀ. ਪ੍ਰੀਸ਼ਦ ਵੱਲੋਂ ਸਿਨੇਮਾ ਟਿਕਟ 'ਤੇ ਜੀ. ਐੱਸ. ਟੀ. ਦਰਾਂ 'ਚ ਕਟੌਤੀ ਕੀਤੀ ਗਈ ਸੀ, ਜੋ ਕਿ ਪਹਿਲੀ ਜਨਵਰੀ 2019 ਤੋਂ ਲਾਗੂ ਹੋ ਜਾਵੇਗੀ। ਹੁਣ 100 ਰੁਪਏ ਤਕ ਦੀ ਟਿਕਟ 'ਤੇ ਸਿਰਫ 12 ਫੀਸਦੀ ਟੈਕਸ ਲੱਗੇਗਾ, ਜੋ ਪਹਿਲਾਂ 18 ਫੀਸਦੀ ਚਾਰਜ ਕੀਤਾ ਜਾ ਰਿਹਾ ਸੀ।
ਉੱਥੇ ਹੀ 100 ਰੁਪਏ ਤੋਂ ਮਹਿੰਗੀ ਟਿਕਟ 'ਤੇ ਜੀ. ਐੱਸ. ਟੀ. ਦਰ 28 ਫੀਸਦੀ ਤੋਂ ਘਟ ਕੇ 18 ਫੀਸਦੀ ਹੋ ਜਾਵੇਗੀ, ਯਾਨੀ ਕਿ ਦੋਵੇਂ ਤਰ੍ਹਾਂ ਦੀ ਟਿਕਟ ਹੁਣ ਸਸਤੀ ਪੈਣ ਵਾਲੀ ਹੈ। ਉਦਾਹਰਣ ਦੇ ਤੌਰ 'ਤੇ ਪਹਿਲਾਂ 300 ਰੁਪਏ ਟਿਕਟ 'ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਸੀ, ਜਿਸ ਨਾਲ ਇਹ ਟਿਕਟ ਲੋਕਾਂ ਨੂੰ 384 ਰੁਪਏ 'ਚ ਮਿਲਦੀ ਸੀ ਪਰ ਹੁਣ ਇਹੀ ਟਿਕਟ ਤੁਸੀਂ 350 ਰੁਪਏ 'ਚ ਖਰੀਦ ਸਕੋਗੇ। ਲੋਕਲ ਮਨੋਰੰਜਨ ਟੈਕਸ ਦਫਤਰਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰੰਦੇ ਹੀ, ਪਹਿਲੀ ਜਨਵਰੀ ਨੂੰ ਸਿਨੇਮਾ ਦੀਆਂ ਟਿਕਟਾਂ 'ਚ ਕਟੌਤੀ ਦੇਖਣ ਨੂੰ ਮਿਲੇਗੀ।
ਜ਼ਿਕਰਯੋਗ ਹੈ ਕਿ 1 ਜੁਲਾਈ 2017 ਤੋਂ ਪਹਿਲਾਂ ਦਿੱਲੀ ਅਤੇ ਹਰਿਆਣਾ 'ਚ ਸਿਨੇਮਾ ਦੀਆਂ ਟਿਕਟਾਂ 'ਤੇ 30 ਫੀਸਦੀ ਮਨੋਰੰਜਨ ਟੈਕਸ ਚਾਰਜ ਕੀਤਾ ਜਾਂਦਾ ਸੀ, ਜਦੋਂ ਕਿ ਉੱਤਰ ਪ੍ਰਦੇਸ਼ 'ਚ ਇਹ ਚਾਰਜ 60 ਫੀਸਦੀ ਅਤੇ ਮਹਾਰਾਸ਼ਟਰ 'ਚ 45 ਫੀਸਦੀ ਸੀ। ਸਿਨੇਮਾ ਦੀਆਂ ਟਿਕਟਾਂ 'ਤੇ ਜੀ. ਐੱਸ. ਟੀ. ਲਾਗੂ ਹੋਣ ਪਿਛੋਂ ਵੱਡੀ ਰਾਹਤ ਦੇਖਣ ਨੂੰ ਮਿਲੀ। ਜੀ. ਐੱਸ. ਟੀ. 'ਚ ਸਰਕਾਰ ਨੇ 100 ਰੁਪਏ ਤਕ ਦੀ ਟਿਕਟ 'ਤੇ 18 ਫੀਸਦੀ ਅਤੇ 100 ਰੁਪਏ ਤੋਂ ਉੱਪਰ ਦੀ ਟਿਕਟ 'ਤੇ 28 ਫੀਸਦੀ ਟੈਕਸ ਨਿਰਧਾਰਤ ਕੀਤਾ ਸੀ, ਜੋ ਕਿ ਹੁਣ ਹੋਰ ਵੀ ਘਟਾ ਦਿੱਤਾ ਗਿਆ ਹੈ।
ਨੇਤਰਹੀਨਾਂ ਲਈ RBI ਦੀ ਨਵੀਂ ਪਹਿਲ, ਨੋਟ ਪਛਾਣਨ ਲਈ ਕੀਤੀ ਖਾਸ ਤਿਆਰੀ
NEXT STORY