ਬਿਜਨੈੱਸ ਡੈਸਕ- ਦੁਨੀਆ ਦੀ ਪ੍ਰਸਿੱਧ ਮਾਈਕ੍ਰੋ ਬਲਾਗਿੰਗ ਐਪ ਟਵਿੱਟਰ ਹੁਣ ਦੁਨੀਆ ਦੇ ਸਭ ਤੋਂ ਅਮੀਰ ਏਲਨ ਮਸਕ ਦੀ ਹੋ ਗਈ ਹੈ। ਮਸਕ ਨੇ ਇਸ ਦੀ ਕਮਾਨ ਸੰਭਾਲਦੇ ਹੀ ਸੀ.ਈ.ਓ. ਪਰਾਗ ਅਗਰਵਾਲ ਸਮੇਤ ਕਈ ਉੱਚ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਟੇਸਲਾ ਦੇ ਸੀ.ਈ.ਓ ਏਲਨ ਮਸਕ ਸ਼ੁੱਕਰਵਾਰ ਨੂੰ ਟਵਿੱਟਰ ਪ੍ਰਾਪਤੀ ਦੇ ਸਮੇਂ ਸੀਮਾ ਖਤਮ ਹੋਣ ਤੋਂ ਪਹਿਲਾਂ ਇਸ ਦੇ ਨਵੇਂ ਮਾਲਕ ਬਣ ਗਏ।
ਖਬਰਾਂ ਮੁਤਾਬਕ ਮਸਕ ਦੇ ਮਾਲਕ ਬਣਨ ਤੋਂ ਬਾਅਦ ਹੀ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪਰਾਗ ਅਗਰਵਾਲ ਅਤੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਨੇਡ ਸੇਗਲ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਉਨ੍ਹਾਂ ਨੂੰ ਟਵਿੱਟਰ ਦੇ ਹੈੱਡਕੁਆਰਟਰ ਤੋਂ ਬਾਹਰ ਕੱਢੇ ਜਾਣ ਦੀ ਖ਼ਬਰ ਹੈ। ਨੌਕਰੀ ਤੋਂ ਕੱਢੇ ਗਏ ਸਾਬਕਾ ਅਧਿਕਾਰੀਆਂ 'ਚ ਟਵਿੱਟਰ ਦੀ ਕਾਨੂੰਨੀ ਟੀਮ ਦੇ ਮੁਖੀ ਵਿਜੇ ਗੱਡੇ ਵੀ ਸ਼ਾਮਲ ਹਨ।
ਪਰਾਗ ਅਗਰਵਾਲ ਸਮੇਤ ਸਾਬਕਾ ਅਧਿਕਾਰੀ ਇਸ ਲਈ ਸਨ ਨਿਸ਼ਾਨੇ 'ਤੇ
ਪਰਾਗ ਅਗਰਵਾਲ, ਨੇਡ ਸੇਗਲ, ਵਿਜੇ ਗਾਡੇ ਸਮੇਤ ਟਵਿੱਟਰ ਦੇ ਚੋਟੀ ਦੇ ਅਧਿਕਾਰੀ ਏਲਨ ਮਸਕ ਦੇ ਲੰਬੇ ਸਮੇਂ ਤੋਂ ਨਿਸ਼ਾਨੇ 'ਤੇ ਸਨ। ਉਨ੍ਹਾਂ ਦੇ ਅਤੇ ਮਸਕ ਵਿਚਕਾਰ ਟਵਿੱਟਰ ਦੀ ਪ੍ਰਾਪਤੀ ਤੋਂ ਪਹਿਲਾਂ ਤੋਂ ਤਨਾਤਨੀ ਅਤੇ ਜੁਬਾਨੀ ਜੰਗ ਜਾਰੀ ਸੀ। ਇਸ ਲਈ ਮਸਕ ਨੇ ਇਸ ਸੋਸ਼ਲ ਮੀਡੀਆ ਸਾਈਟ ਦੀ ਪ੍ਰਾਪਤੀ ਕਰਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਛੁੱਟੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਟਵਿੱਟਰ ਦੇ ਨਾਲ ਏਲਨ ਮਸਕ ਦੀ ਡੀਲ ਪੂਰੀ ਹੋਈ ਸੀ, ਉਦੋਂ ਸੀ.ਈ.ਓ ਪਰਾਗ ਅਗਰਵਾਲ ਅਤੇ ਸੇਗਲ ਟਵਿੱਟਰ ਦੇ ਦਫ਼ਤਰ ਵਿੱਚ ਹੀ ਸਨ। ਕੁਝ ਹੀ ਦੇਰ 'ਚ ਉਨ੍ਹਾਂ ਨੂੰ ਟਵਿੱਟਰ ਹੈੱਡਕੁਆਰਟਰ ਤੋਂ ਬਾਹਰ ਕੱਢ ਦਿੱਤਾ ਗਿਆ।

ਅਪ੍ਰੈਲ ਵਿੱਚ ਕੀਤਾ ਸੀ ਪ੍ਰਾਪਤੀ ਦਾ ਐਲਾਨ
ਮਸਕ ਨੇ ਇਸ ਸਾਲ 13 ਅਪ੍ਰੈਲ ਨੂੰ ਟਵਿੱਟਰ ਦੀ ਪ੍ਰਾਪਤੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ 54.2 ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ 44 ਬਿਲੀਅਨ ਡਾਲਰ 'ਚ ਇਸ ਕਰਾਰ ਦਾ ਪ੍ਰਸਤਾਵ ਦਿੱਤਾ ਸੀ। ਹਾਲਾਂਕਿ ਟਵਿੱਟਰ ਦੇ ਫਰਜ਼ੀ ਅਕਾਊਂਟਸ ਕਾਰਨ ਟਵਿੱਟਰ ਅਤੇ ਉਨ੍ਹਾਂ ਵਿਚਾਲੇ ਤਕਰਾਰ ਹੋਈ ਅਤੇ ਉਨ੍ਹਾਂ ਨੇ 9 ਜੁਲਾਈ ਨੂੰ ਇਸ ਡੀਲ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਸੀ।
ਇਸ ਤੋਂ ਬਾਅਦ ਟਵਿੱਟਰ ਨੇ ਮਸਕ ਦੇ ਖ਼ਿਲਾਫ਼ ਅਮਰੀਕੀ ਅਦਾਲਤ 'ਚ ਕੇਸ ਦਾਇਰ ਕੀਤਾ ਸੀ। ਇਸ 'ਤੇ ਡੇਲਾਵੇਅਰ ਦੀ ਅਦਾਲਤ ਨੇ 28 ਅਕਤੂਬਰ ਤੱਕ ਟਵਿਟਰ ਦੀ ਡੀਲ ਨੂੰ ਪੂਰਾ ਕਰਨ ਦਾ ਆਦੇਸ਼ ਦਿੱਤਾ ਹੈ। ਮਸਕ ਬੁੱਧਵਾਰ ਨੂੰ ਸਿੰਕ ਲੈ ਕੇ ਟਵਿੱਟਰ ਦੇ ਦਫ਼ਤਰ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸੈਂਸੈਕਸ 212 ਅੰਕ ਚੜ੍ਹਿਆ, ਨਿਫਟੀ 80 ਅੰਕ ਮਜ਼ਬੂਤ
NEXT STORY