ਨਵੀਂ ਦਿੱਲੀ- ਇਕਨੋਮੀ ਦੀ ਰਫ਼ਤਾਰ 'ਤੇ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਦਾ ਤਕੜਾ ਝਟਕਾ ਲੱਗ ਸਕਦਾ ਹੈ। ਵੀਰਵਾਰ ਨੂੰ ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 11 ਫ਼ੀਸਦੀ ਤੋਂ ਘਟਾ ਕੇ 9.5 ਫ਼ੀਸਦੀ ਕਰ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ ਮਹਾਮਾਰੀ ਨਾਲ ਜੁੜੇ ਜੋਖਮ ਅੱਗੇ ਵੀ ਬਣੇ ਰਹਿਣਗੇ।
ਗਲੋਬਲ ਰੇਟਿੰਗ ਏਜੰਸੀ ਐੱਸ. ਐਂਡ ਪੀ. ਨੇ ਵਿਕਾਸ ਦਰ ਦੇ ਅਨੁਮਾਨ ਨੂੰ ਘਟਾਉਂਦਿਆਂ ਕਿਹਾ ਕਿ ਅਪ੍ਰੈਲ-ਮਈ ਵਿਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਸੂਬਿਆਂ ਵੱਲੋਂ ਤਾਲਾਬੰਦੀ ਲਾਏ ਜਾਣ ਨਾਲ ਆਰਥਿਕ ਸਰਗਰਮੀਆਂ ਵਿਚ ਤੇਜ਼ੀ ਨਾਲ ਕਮੀ ਆਈ ਹੈ।
ਐੱਸ. ਐਂਡ ਪੀ. ਨੇ ਕਿਹਾ, ''ਅਸੀਂ ਮਾਰਚ ਵਿਚ ਚਾਲੂ ਵਿੱਤੀ ਸਾਲ ਲਈ ਜਤਾਏ ਗਏ 11 ਫ਼ੀਸਦੀ ਦੇ ਪਹਿਲੇ ਅਨੁਮਾਨ ਨੂੰ ਘਟਾ ਕੇ 9.5 ਫ਼ੀਸਦੀ ਕਰ ਦਿੱਤਾ ਹੈ।''
ਏਜੰਸੀ ਨੇ ਕਿਹਾ ਕਿ ਨਿੱਜੀ ਅਤੇ ਜਨਤਕ ਖੇਤਰ ਦੀ ਬੈਲੇਂਸ ਸ਼ੀਟ ਵਿਚ ਹੋਏ ਨੁਕਸਾਨ ਨਾਲ ਅਗਲੇ ਕੁਝ ਸਾਲਾਂ ਦੌਰਾਨ ਵਿਕਾਸ ਦੀ ਰਫ਼ਤਾਰ ਪ੍ਰਭਾਵਿਤ ਹੋ ਸਕਦੀ ਹੈ ਅਤੇ 31 ਮਾਰਚ, 2023 ਨੂੰ ਖ਼ਤਮ ਹੋਣ ਵਾਲੇ ਅਗਲੇ ਵਿੱਤੀ ਵਰ੍ਹੇ ਵਿਚ ਭਾਰਤ ਦੀ ਵਿਕਾਸ ਦਰ 7.8 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਐੱਸ. ਐਂਡ ਪੀ. ਨੇ ਕਿਹਾ ਕਿ ਮਹਾਮਾਰੀ ਨੂੰ ਲੈ ਕੇ ਅੱਗੇ ਵੀ ਜੋਖਮ ਬਣੇ ਹੋਏ ਹਨ ਕਿਉਂਕਿ ਲਗਭਗ 15 ਫ਼ੀਸਦੀ ਆਬਾਦੀ ਨੂੰ ਹੁਣ ਤੱਕ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਮਿਲੀ ਹੈ, ਹਾਲਾਂਕਿ ਹੁਣ ਟੀਕੇ ਦੀ ਸਪਲਾਈ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਗੌਰਤਲਬ ਹੈ ਕਿ ਵਿੱਤੀ ਸਾਲ 2020-21 ਵਿਚ ਤਾਲਾਬੰਦੀ ਲੰਮਾ ਸਮਾਂ ਰਹਿਣ ਨਾਲ ਭਾਰਤ ਦੀ ਆਰਥਿਕਤਾ ਵਿਚ 7.3 ਫ਼ੀਸਦੀ ਦੀ ਗਿਰਾਵਟ ਦਰਜ ਹੋਈ। ਇਸ ਤੋਂ ਪਹਿਲਾਂ 2019-20 ਵਿਚ ਦੇਸ਼ ਨੇ 4 ਫ਼ੀਸਦੀ ਦੀ ਵਾਧਾ ਦਰ ਹਾਸਲ ਕੀਤੀ ਸੀ।
‘ਪੈਮਾਨਿਆਂ ’ਤੇ ਖਰੇ ਨਹੀਂ ਉਤਰੇ ਸੋਇਆਬੀਨ ਬੀਜ ਦੇ ਨਮੂਨੇ, ਸੋਪਾ ਦਾ ਬੀਜ ਲਾਇਸੈਂਸ ਰੱਦ’
NEXT STORY