ਨਵੀਂ ਦਿੱਲੀ— ਜੇਕਰ ਤੁਹਾਡਾ ਵੀ ਖਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਐੱਸ. ਬੀ. ਆਈ. ਦੇ ਗਾਹਕਾਂ ਨੇ ਸੋਮਵਾਰ ਤਕ ਤਿੰਨ ਕੰਮ ਨਾ ਕੀਤੇ ਤਾਂ ਉਨ੍ਹਾਂ ਨੂੰ ਬੈਂਕ 'ਚ ਜਮ੍ਹਾ ਆਪਣੇ ਹੀ ਪੈਸੇ ਕਢਵਾਉਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਵੇਂ ਸਾਲ ਦਾ ਜਸ਼ਨ ਫਿੱਕਾ ਪੈ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤਿੰਨ ਕੰਮਾਂ ਬਾਰੇ-
1. ਭਾਰਤੀ ਸਟੇਟ ਬੈਂਕ ਨੇ ਇਕ ਦਸੰਬਰ ਤੋਂ ਆਪਣਾ ਮੋਬਾਇਲ ਵਾਲਿਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਜੇਕਰ ਤੁਹਾਡੇ ਵੀ ਐੱਸ. ਬੀ. ਆਈ. ਦੇ ਬੱਡੀ ਵਾਲਿਟ 'ਚ ਪੈਸੇ ਜਮ੍ਹਾ ਹਨ ਤਾਂ ਉਹ ਤੁਰੰਤ ਕੱਢ ਲਓ। ਐੱਸ. ਬੀ. ਆਈ. ਨੇ ਆਪਣੇ ਵਾਲਿਟ ਨੂੰ ਬੰਦ ਕਰਕੇ ਯੋਨੋ ਐਪ ਲਾਂਚ ਕੀਤਾ ਹੈ। ਐੱਸ. ਬੀ. ਆਈ. ਹੁਣ ਇਸ ਐਪ ਜ਼ਰੀਏ ਹੀ ਵਾਲਿਟ ਦੀ ਸੁਵਿਧਾ ਦੇ ਰਿਹਾ ਹੈ। ਅਜਿਹੇ 'ਚ ਐੱਸ. ਬੀ. ਆਈ. ਗਾਹਕਾਂ ਨੂੰ 31 ਦਸੰਬਰ ਤਕ ਪੁਰਾਣੇ ਵਾਲਿਟ 'ਚੋਂ ਪੈਸੇ ਕੱਢਣ ਦੀ ਛੋਟ ਦਿੱਤੀ ਗਈ ਹੈ।
2. ਜੇਕਰ ਹੁਣ ਤਕ ਤੁਸੀਂ ਐੱਸ. ਬੀ. ਆਈ. ਦੀ ਨਵੀਂ ਚੈੱਕ ਬੁੱਕ ਨਹੀਂ ਲਈ ਹੈ ਤਾਂ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤਿੰਨ ਮਹੀਨੇ ਪਹਿਲਾਂ ਹੀ ਬੈਂਕਾਂ ਨੂੰ 1 ਜਨਵਰੀ 2019 ਤੋਂ 'ਨਾਨ ਸੀ. ਟੀ. ਐੱਸ.' ਚੈੱਕ ਬੁੱਕ ਦਾ ਇਸਤੇਮਾਲ ਬੰਦ ਕਰਨ ਦੇ ਹੁਕਮ ਦੇ ਚੁੱਕਾ ਹੈ। ਜੇਕਰ ਤੁਸੀਂ 31 ਦਸੰਬਰ ਤਕ ਨਵੀਂ ਚੈੱਕ ਬੁੱਕ ਨਾ ਲਈ ਤਾਂ ਤੁਸੀਂ ਪੁਰਾਣੀ ਚੈੱਕ ਬੁੱਕ ਨਾਲ ਪੈਸੇ ਨਹੀਂ ਕਢਾ ਸਕੋਗੇ।
3. ਜੇਕਰ ਤੁਸੀਂ ਆਪਣਾ ਏ. ਟੀ. ਐੱਮ. ਕਾਰਡ ਨਹੀਂ ਬਦਲਵਾਇਆ ਹੈ, ਤਾਂ ਨਵੇਂ ਸਾਲ 'ਚ ਤੁਹਾਡਾ ਕਾਰਡ ਮਸ਼ੀਨ 'ਚ ਨਹੀਂ ਚੱਲੇਗਾ। ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਅਨੁਸਾਰ ਸਾਰੇ ਬੈਂਕ ਮੈਗਨੇਟਿਕ ਸਟ੍ਰਿਪ ਵਾਲੇ ਕਾਰਡ ਨੂੰ ਈ. ਐੱਮ. ਵੀ. ਯਾਨੀ ਚਿਪ ਵਾਲੇ ਕਾਰਡ ਨਾਲ ਬਦਲ ਰਹੇ ਹਨ। ਇਸ ਦੀ ਅੰਤਿਮ ਤਰੀਕ 31 ਦਸੰਬਰ 2018 ਹੈ। ਇਸ ਦੇ ਬਾਅਦ ਸਾਰੇ ਮੈਗਨੇਟਿਕ ਸਟ੍ਰਿਪ ਵਾਲੇ ਕਾਰਡਾਂ ਨੂੰ ਬਲਾਕ ਕਰ ਦਿੱਤਾ ਜਾਵੇਗਾ, ਯਾਨੀ ਤੁਸੀਂ ਨਵੇਂ ਸਾਲ 'ਚ ਪੁਰਾਣੇ ਕਾਲੀ ਪੱਟੀ ਵਾਲੇ ਏ. ਟੀ. ਐੱਮ. ਕਾਰਡ ਨਾਲ ਪੈਸੇ ਨਹੀਂ ਕਢਾ ਸਕੋਗੇ। ਇਸ ਪ੍ਰੇਸ਼ਾਨੀ ਤੋਂ ਬਚਣ ਲਈ ਸੋਮਵਾਰ ਨੂੰ ਹੀ ਬੈਂਕ ਜਾ ਕੇ ਨਵਾਂ ਕਾਰਡ ਅਪਲਾਈ ਕਰ ਲਵੋ।
ਬਾਜ਼ਾਰ ਨਿਗਰਾਨੀ ਪ੍ਰਣਾਲੀ, ਡਾਟਾ ਭੰਡਾਰਨ ਨੂੰ ਮਜ਼ਬੂਤ ਕਰਨ ਦੀ ਤਿਆਰੀ 'ਚ ਸੇਬੀ
NEXT STORY