ਨਵੀਂ ਦਿੱਲੀ - ਏਲੋਨ ਮਸਕ ਵਲੋਂ ਟਵਿਟਰ ਨੂੰ ਖਰੀਦਣ ਤੋਂ ਬਾਅਦ ਸੋਸ਼ਲ ਸਾਈਟ ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਫੈਸਲੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ ਵਿੱਚ, ਮਸਕ ਨੇ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ ਅੱਧਾ ਹਿੱਸਾ ਕੱਢਣ ਦਾ ਫੈਸਲਾ ਕੀਤਾ ਹੈ। ਇਹ ਕਾਰਵਾਈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲੋਨ ਮਸਕ ਦੇ ਕੰਪਨੀ ਦੇ ਮਾਲਕ ਬਣਨ ਤੋਂ ਬਾਅਦ ਕੀਤੀ ਗਈ ਹੈ। ਇਸ ਕਾਰਨ ਹਜ਼ਾਰਾਂ ਮੁਲਾਜ਼ਮ ਪਲਾਂ ਵਿੱਚ ਹੀ ਬੇਰੁਜ਼ਗਾਰ ਹੋ ਗਏ। ਅਮਰੀਕਾ ਦੇ ਕੁਝ ਕਰਮਚਾਰੀਆਂ ਨੇ ਇਸ ਨੂੰ ਅਦਾਲਤ 'ਚ ਚੁਣੌਤੀ ਵੀ ਦਿੱਤੀ ਹੈ। ਭਾਰਤ 'ਚ ਮਸਕ ਨੇ ਟਵਿਟਰ ਦੀ ਲਗਭਗ ਪੂਰੀ ਟੀਮ ਨੂੰ ਬਾਹਰ ਕੱਢ ਦਿੱਤਾ ਸੀ। ਪਰ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਟਵਿਟਰ ਸ਼ੁੱਕਰਵਾਰ ਨੂੰ ਹੀ ਉਨ੍ਹਾਂ ਕੁਝ ਲੋਕਾਂ ਨੂੰ ਵਾਪਸ ਬੁਲਾ ਰਿਹਾ ਹੈ, ਜਿਨ੍ਹਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ।
ਬਲੂਮਬਰਗ ਦੀ ਖਬਰ ਮੁਤਾਬਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਵੱਲੋਂ ਜਿਨ੍ਹਾਂ ਲੋਕਾਂ ਨੂੰ ਵਾਪਸ ਬੁਲਾਇਆ ਗਿਆ ਹੈ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਗਲਤੀ ਨਾਲ ਹਟਾਇਆ ਗਿਆ ਸੀ। ਹੁਣ ਕੰਪਨੀ ਨੂੰ ਅਹਿਸਾਸ ਹੋ ਰਿਹਾ ਹੈ ਕਿ ਮਸਕ ਦੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਇਨ੍ਹਾਂ ਕਰਮਚਾਰੀਆਂ ਦੀ ਲੋੜ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Twitter ਤੋਂ ਬਾਅਦ ਹੁਣ META ਕਰ ਰਹੀ 'ਹਜ਼ਾਰਾਂ' ਕਰਮਚਾਰੀਆਂ ਨੂੰ ਨੋਕਰੀਓਂ ਕੱਢਣ ਦੀ ਤਿਆਰੀ
ਏਜੰਸੀ ਦੀਆਂ ਰਿਪੋਰਟਾਂ ਅਨੁਸਾਰ, ਏਲੋਨ ਮਸਕ ਦੀ ਪ੍ਰਾਪਤੀ ਤੋਂ ਬਾਅਦ ਲਗਭਗ 3,700 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਈਮੇਲ ਰਾਹੀਂ ਹਟਾਉਣ ਦੀ ਸੂਚਨਾ ਦਿੱਤੀ ਗਈ ਸੀ। ਹੁਣ ਜਦੋਂ ਕੰਪਨੀ ਇਨ੍ਹਾਂ ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਨੂੰ ਵਾਪਸ ਬੁਲਾ ਰਹੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਛਾਂਟੀ ਦੀ ਇਹ ਪ੍ਰਕਿਰਿਆ ਕਿੰਨੀ ਜਲਦਬਾਜ਼ੀ ਨਾਲ ਕੀਤੀ ਗਈ ਸੀ।
ਇਸ ਦੇ ਨਾਲ ਹੀ, ਮਸਕ ਨੇ ਕਿਹਾ ਕਿ ਕੰਪਨੀ ਨੂੰ ਹਰ ਰੋਜ਼ ਲੱਖਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਮੁਲਾਜ਼ਮਾਂ ਦੀ ਛਾਂਟੀ ਹੀ ਮੁਨਾਫਾ ਕਮਾਉਣ ਦਾ ਸਹੀ ਤਰੀਕਾ ਹੈ। ਮਸਕ ਨੇ ਇੱਕ ਟਵੀਟ ਵਿੱਚ ਕਿਹਾ, "ਜਿੱਥੋਂ ਤੱਕ ਟਵਿੱਟਰ ਦੇ ਕਰਮਚਾਰੀਆਂ ਵਿੱਚ ਕਟੌਤੀ ਦਾ ਸਵਾਲ ਹੈ, ਕੰਪਨੀ ਨੂੰ ਇੱਕ ਦਿਨ ਵਿੱਚ 40 ਲੱਖ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਇਸ ਲਈ ਬਦਕਿਸਮਤੀ ਨਾਲ ਸਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ।"
ਸੂਤਰਾਂ ਦਾ ਕਹਿਣਾ ਹੈ ਕਿ ਟਵਿਟਰ ਦੇ ਹੁਣ 3,700 ਕਰਮਚਾਰੀ ਹਨ। ਛਾਂਟੀ ਤੋਂ ਪਹਿਲਾਂ ਕੰਪਨੀ ਵਿੱਚ ਲਗਭਗ 7,500 ਕਰਮਚਾਰੀ ਕੰਮ ਕਰਦੇ ਸਨ। ਮਸਕ ਨੇ ਬਾਕੀ ਮੁਲਾਜ਼ਮਾਂ ਨੂੰ ਦਿਨ ਰਾਤ ਕੰਮ ਕਰਨ ਲਈ ਕਿਹਾ ਹੈ। ਹਾਲਤ ਇਹ ਹੈ ਕਿ ਕੁਝ ਮੁਲਾਜ਼ਮ ਦਫ਼ਤਰ ਵਿੱਚ ਹੀ ਰਾਤ ਕੱਟ ਰਹੇ ਹਨ।
ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਭਾਰਤ ਲਈ ਸੂਬਿਆਂ ਨੂੰ ਦਿੱਤਾ ਇਹ ਸਬਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੋਟਬੰਦੀ ਦੇ 6 ਸਾਲ ਬਾਅਦ ਲੋਕਾਂ ਤੱਕ ਪਹੁੰਚੀ 30.88 ਲੱਖ ਕਰੋੜ ਦੀ ਨਕਦੀ, ਰਿਕਾਰਡ ਪੱਧਰ 'ਤੇ ਅੰਕੜਾ
NEXT STORY