ਜਲੰਧਰ (ਪੁਨੀਤ)— ਆਰਥਿਕ ਤੰਗੀ ਨਾਲ ਜੂਝ ਰਿਹਾ ਇੰਪਰੂਵਮੈਂਟ ਟਰੱਸਟ ਡਿਫਾਲਟਿਡ ਜਾਇਦਾਦਾਂ ਨੂੰ ਜ਼ਬਤ ਕਰਨ ਜਾ ਰਿਹਾ ਹੈ, ਜਿਨ੍ਹਾਂ 'ਚ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਤੋਂ ਇਲਾਵਾ ਫਲੈਟ ਵੀ ਸ਼ਾਮਲ ਹਨ। ਇਸ ਸਿਲਸਿਲੇ 'ਚ ਪਹਿਲੀ ਲਿਸਟ 'ਚ 94.97 ਏਕੜ ਸੂਰਿਆ ਐਨਕਲੇਵ ਐਕਸਟੈਂਸ਼ਨ ਸਕੀਮ ਦੇ 37 ਪਲਾਟ ਸ਼ਾਮਲ ਹਨ। ਪਲਾਟ ਜ਼ਬਤ ਕਰਕੇ ਟਰੱਸਟ ਵੱਲੋਂ ਇਨ੍ਹਾਂ ਨੂੰ ਦੋਬਾਰਾ ਵੇਚਿਆ ਜਾਵੇਗਾ। ਜਿਸ ਲਈ ਦੋ ਵਿਵਸਥਾਵਾਂ ਹਨ, ਟਰੱਸਟ ਚਾਹੇ ਤਾਂ ਡਰਾਅ ਦੇ ਜ਼ਰੀਏ ਜਾਂ ਨੀਲਾਮੀ ਕਰਵਾ ਕੇ ਉਕਤ ਪਲਾਟ ਵੇਚਣ ਦਾ ਅਧਿਕਾਰ ਰੱਖਦਾ ਹੈ।250 ਕਰੋੜ ਦੀਆਂ ਦੇਣਦਾਰੀਆਂ ਵਿਚ ਫਸ ਚੁੱਕੇ ਇੰਪਰੂਵਮੈਂਟ ਟਰੱਸਟ ਵਲੋਂ ਫੰਡ ਇਕੱਠੇ ਕਰਨ ਲਈ ਯਤਨ ਤੇਜ਼ ਕੀਤੇ ਜਾ ਰਹੇ ਹਨ ਜਿਸ ਕਾਰਨ ਪਲਾਟ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਕੜੀ ਵਿਚ ਕਰਮਚਾਰੀਆਂ ਨੂੰ ਛੁੱਟੀ ਵਾਲੇ ਦਿਨ ਵੀ ਲਿਸਟਾਂ ਤਿਆਰ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਛੁੱਟੀ ਵਾਲੇ ਦਿਨ ਪਬਲਿਕ ਨਹੀਂ ਆਉਂਦੀ ਅਤੇ ਰੁਟੀਨ ਤੋਂ ਹਟ ਕੇ ਕੀਤਾ ਜਾਣ ਵਾਲਾ ਕੰਮ ਚੰਗੀ ਤਰ੍ਹਾਂ ਹੋ ਜਾਂਦਾ ਹੈ। ਟਰੱਸਟ ਆਫਿਸ ਵਿਚ ਅੱਜ ਪਹੁੰਚੇ ਸਟਾਫ ਅਮਰਜੀਤ ਸਿੰਘ, ਪਵਨ ਸ਼ਰਮਾ, ਅਨਿਲ ਕੁਮਾਰ, ਅਜੇ ਮਲਹੋਤਰਾ, ਦਮਨਦੀਪ, ਆਰਤੀ ਨੇ ਸ਼ਾਮ ਤਕ ਕੰਮਕਾਜ ਕੀਤਾ ਅਤੇ 94.97 ਏਕੜ ਸਕੀਮ ਨਾਲ ਸੰਬੰਧਤ ਜ਼ਬਤ ਕੀਤੇ ਜਾਣ ਵਾਲੇ ਪਲਾਟਾਂ ਦੀਆਂ ਲਿਸਟਾਂ ਤਿਆਰ ਕੀਤੀਆਂ। ਇਨ੍ਹਾਂ ਵਿਚ ਦੋ ਤਰ੍ਹਾਂ ਦੇ ਪਲਾਟ ਸ਼ਾਮਲ ਹਨ ਜਿਨ੍ਹਾਂ ਵਿਚ 10 ਫੀਸਦੀ ਅਤੇ 25 ਫੀਸਦੀ ਰਕਮ ਅਦਾ ਕਰਨ ਵਾਲਿਆਂ ਦੇ ਪਲਾਟ ਸ਼ਾਮਲ ਹਨ।
10 ਫੀਸਦੀ ਰਕਮ ਦੇ ਕੇ ਅੱਗੇ ਦੀ ਅਦਾਇਗੀ ਰੋਕ ਦੇਣ ਵਾਲਿਆਂ ਦੇ 22 ਪਲਾਟਾਂ ਦੀ ਪਛਾਣ ਹੋਈ ਜਦੋਂ ਕਿ 25 ਫੀਸਦੀ ਰਕਮ ਜਮ੍ਹਾ ਕਰਵਾ ਕੇ ਅੱਗੇ ਦੀਆਂ ਕਿਸ਼ਤਾਂ ਨਾ ਦੇਣ ਵਾਲਿਆਂ ਦੇ 15 ਪਲਾਟ ਸ਼ਾਮਲ ਹਨ। ਫਿਲਹਾਲ ਇਹ ਸ਼ੁਰੂਆਤੀ ਲਿਸਟ ਹੈ। ਇਸ 'ਤੇ ਅੱਗੋਂ ਵੀ ਕੰਮ ਜਾਰੀ ਰਹੇਗਾ ਅਤੇ ਜ਼ਬਤ ਕੀਤੇ ਜਾਣ ਵਾਲੇ ਪਲਾਟਾਂ ਦੀ ਗਿਣਤੀ ਵਧਣਾ ਸੁਭਾਵਿਕ ਹੀ ਹੈ। ਇਸ ਤੋਂ ਇਲਾਵਾ ਕਈ ਅਜਿਹੇ ਪਲਾਟ ਹਨ ਜਿਨ੍ਹਾਂ ਨੇ 25 ਫੀਸਦੀ ਤੋਂ ਬਾਅਦ ਇਕ-ਦੋ ਕਿਸ਼ਤਾਂ ਜਮ੍ਹਾ ਕਰਵਾਈਆਂ ਹਨ। ਅਜਿਹੇ ਪਲਾਟ ਹੋਲਡਰਾਂ ਨੂੰ ਟਰੱਸਟ ਵਲੋਂ ਨੋਟਿਸ ਭੇਜ ਕੇ ਕਾਰਨ ਪੁੱਛਿਆ ਜਾਵੇਗਾ। ਜੇਕਰ ਦੱਸਿਆ ਜਾਣ ਵਾਲਾ ਕਾਰਨ ਤਸੱਲੀਬਖਸ਼ ਹੋਇਆ ਤਾਂ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਜਾਵੇਗਾ ਨਹੀਂ ਤਾਂ ਉਹ ਪਲਾਟ ਵੀ ਜ਼ਬਤ ਕੀਤੇ ਜਾਣਗੇ। ਉਥੇ ਅਜਿਹੀਆਂ ਵੀ ਕਈ ਜਾਇਦਾਦਾਂ ਹੋ ਸਕਦੀਆਂ ਸਨ ਜਿਨ੍ਹਾਂ ਨੂੰ ਟਰੱਸਟ ਅਜੇ ਤਕ ਵੇਚਣ ਦੀ ਪ੍ਰਕਿਰਿਆ ਵਿਚ ਸ਼ਾਮਲ ਵੀ ਨਾ ਕਰ ਸਕਿਆ ਹੋਵੇ, ਇਨ੍ਹਾਂ ਨੂੰ ਵੀ ਲੱਭਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਤੇ ਜ਼ਖਮੀ ਜਵਾਨਾਂ ਨੂੰ 1-1 ਲੱਖ ਰੁਪਏ ਦੀ ਵਿੱਤੀ ਮਦਦ ਦੇਵੇਗਾ
NEXT STORY