ਜਲੰਧਰ (ਸੋਮਨਾਥ)–ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਨੇੜੇ ਲੰਮੇ ਸਮੇਂ ਤੋਂ ਸੀਵਰੇਜ ਬਲਾਕੇਜ ਦੀ ਸਮੱਸਿਆ ਹੈ ਅਤੇ ਨਗਰ ਨਿਗਮ ਪੂਰੀ ਤਰ੍ਹਾਂ ਮੂਕਦਰਸ਼ਕ ਬਣੀ ਬੈਠੀ ਹੈ। ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਅਜਿਹੇ ਵਿਚ ਪਹਿਲਾਂ ਵਾਂਗ ਇਲਾਕਾ ਵਾਸੀਆਂ ਨੂੰ ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਜੂਝਣਾ ਪਵੇਗਾ, ਉਥੇ ਹੀ ਗੰਦਾ ਪਾਣੀ ਘਰਾਂ ਵਿਚ ਦਾਖ਼ਲ ਹੋਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਫੈਲ ਸਕਦੀਆਂ ਹਨ। ਸੀਵਰੇਜ ਬਲਾਕੇਜ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਮੰਗਲਵਾਰ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਉਥੋਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸੇ ਵਿਚਕਾਰ ਕੁਝ ਲੋਕਾਂ ਨੇ ਵਿਧਾਇਕ ਨੂੰ ਧਮਕੀ ਤੱਕ ਦੇ ਦਿੱਤੀ ਅਤੇ ਕਿਹਾ ਕਿ ਰਮਨ ਅਰੋੜਾ ਦੇ ਵਿਧਾਇਕ ਬਣਨ ਦੇ ਬਾਅਦ ਤੋਂ ਕੰਮ ਠੱਪ ਹੋ ਕੇ ਰਹਿ ਗਿਆ ਹੈ। ਇਸ ਦੌਰਾਨ ਕਾਫ਼ੀ ਬਹਿਸਬਾਜ਼ੀ ਵੀ ਹੋਈ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਇਹ ਸਮੱਸਿਆ ਤਾਂ 4 ਸਾਲ ਪਹਿਲਾਂ ਦੀ ਹੈ। ਮੌਕੇ ’ਤੇ ਉਨ੍ਹਾਂ ਬਹਿਸਬਾਜ਼ੀ ਕਰਨ ਵਾਲੇ ਲੋਕਾਂ ਨੂੰ ਸੀਵਰੇਜ ਦੀ ਉਕਤ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਯਤਨ ਅਤੇ ਉਸ ਦੀ ਡਰਾਇੰਗ ਵੀ ਦਿਖਾਈ। ਇਸ ਮੌਕੇ ਪੁਲਸ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਕਈ ਵਾਰ ਰੋਸ ਪ੍ਰਗਟਾ ਚੁੱਕੇ ਹਨ ਅਤੇ ਵਿਭਾਗ ਦੇ ਅਧਿਕਾਰੀਆਂ ਅੱਗੇ ਵੀ ਧਰਨਾ-ਪ੍ਰਦਰਸ਼ਨ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਇਸ ਮੌਕੇ ਰਮਨ ਅਰੋੜਾ ਨੇ ਜਿਥੇ ਨਗਰ ਨਿਗਮ ਅਧਿਕਾਰੀਆਂ ਨੂੰ ਯੋਜਨਾਬੱਧ ਢੰਗ ਨਾਲ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ, ਉਥੇ ਹੀ ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਤੈਅ ਸਮੇਂ ਵਿਚ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਵਿਧਾਇਕ ਨੇ ਮੌਕੇ ’ਤੇ ਹੀ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਲਾਕੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਰਾਜੂ ਮਦਾਨ, ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਸੇਵਾਦਾਰ ਦੀਨਾਨਾਥ ਪ੍ਰਧਾਨ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਵਿਧਾਇਕ ਇਲਾਕੇ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹਨ ਪਰ ਕੁਝ ਲੋਕ ਹਨ ਇਸ ਨੂੰ ਸਿਆਸੀ ਮੁੱਦਾ ਬਣਾਉਣ ਵਿਚ ਲੱਗੇ ਹੋਏ ਹਨ।
ਸਾਢੇ 4 ਸਾਲਾਂ ’ਚ ਕਈ ਵਾਰ ਮੁੱਦਾ ਉਠਾਇਆ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ: ਵਿਵੇਕ ਖੰਨਾ
ਇਸ ਮੌਕੇ ਭਾਜਪਾ ਦੇ ਮੀਤ ਪ੍ਰਧਾਨ ਅਤੇ ਕੌਂਸਲਰਪਤੀ ਵਿਵੇਕ ਖੰਨਾ ਨੇ ਕਿਹਾ ਕਿ ਅਸੀਂ ਪਿਛਲੇ ਸਾਢੇ 4 ਸਾਲਾਂ ਤੋਂ ਇਸ ਸਮੱਸਿਆ ਨੂੰ ਉਠਾਉਂਦੇ ਆ ਰਹੇ ਹਾਂ ਅਤੇ ਇਸਦੇ ਲਈ ਨਿਗਮ ਪ੍ਰਸ਼ਾਸਨ ਅਤੇ ਇੰਪਰੂਵਮੈਂਟ ਟਰੱਸਟ ਨੂੰ ਮੰਗ-ਪੱਤਰ ਵੀ ਦਿੱਤੇ ਹਨ। ਇਸ ਵਾਰ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਵੀ ਸਵੱਛਤਾ ਤੇ ਸਫ਼ਾਈ ਬਾਰੇ ਮੇਅਰ ਅਤੇ ਕਮਿਸ਼ਨਰ ਨੂੰ ਜਾਣੂ ਕਰਵਾਇਆ।

ਖੰਨਾ ਨੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਨੇ 80 ਲੱਖ ਦੀ ਲਾਗਤ ਨਾਲ ਸੀਵਰ ਲਾਈਨ ਵਿਛਾਈ। ਹਾਈਵੇ ਅਥਾਰਿਟੀ ਦੀ ਪਰਮਿਸ਼ਨ ਨਾ ਮਿਲਣ ਕਾਰਨ ਉਹ ਪੈਸੇ ਅਜਾਈਂ ਗਏ। ਮੌਜੂਦਾ ਵਿਧਾਇਕ ਵੱਲੋਂ ਸਥਾਨਕ ਨਿਵਾਸੀਆਂ ਦੀ ਕਮੇਟੀ ਬਣਾ ਕੇ ਦੂਜੇ ਰੂਟ ’ਤੇ ਕੰਮ ਸ਼ੁਰੂ ਕਰਵਾਉਣ ਦੀ ਯੋਜਨਾ ਬਣਾਈ ਗਈ। ਇਸ ਦੀ ਵਰਕ ਰਿਪੋਰਟ ਬਣਾ ਕੇ ਚੰਡੀਗੜ੍ਹ ਭੇਜੀ ਗਈ ਹੈ। ਖੰਨਾ ਨੇ ਕਿਹਾ ਕਿ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਤਾਂ ਕਿ ਕਰੋੜਾਂ ਰੁਪਏ ਖਰਚ ਕਰ ਕੇ ਉਥੇ ਰਹਿ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ: 26,000 ਨਵੀਆਂ ਭਰਤੀਆਂ ਕਰਨਾ ਤੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਵਿਜੇ ਜੰਜੂਆ
ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਸਬੰਧੀ ਐੱਸ. ਡੀ. ਓ. ਨੇ ਦਿੱਤੀ ਥਾਣਾ ਰਾਮਾ ਮੰਡੀ ਵਿਚ ਸ਼ਿਕਾਇਤ
ਉਕਤ ਸਾਰੇ ਮਾਮਲੇ ਨੂੰ ਦੇਖਦੇ ਹੋਏ ਨਗਰ ਨਿਗਮ ਜਲੰਧਰ ਦੇ ਐੱਸ. ਡੀ. ਓ. ਕਰਣ ਦੱਤਾ ਨੇ ਡਿਊਟੀ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਉਣ ਅਤੇ ਜਾਨ-ਮਾਲ ਦੀ ਸੁਰੱਖਿਆ ਸਬੰਧੀ ਥਾਣਾ ਰਾਮਾ ਮੰਡੀ ਦੇ ਇੰਚਾਰਜ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਉਹ ਦੁਪਹਿਰ ਸਮੇਂ ਐੱਮ. ਐੱਲ. ਏ. ਤੇ ਕਮਿਸ਼ਨਰ ਸਾਹਿਬ ਨਾਲ ਮੌਕਾ ਦੇਖਣ ਲਈ ਆਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੜਾਈ-ਝਗੜੇ ਦੇ ਮਾਮਲੇ ’ਚ 3 ਦੋਸ਼ੀਆਂ ਵਿਰੁੱਧ ਪਰਚਾ ਦਰਜ
NEXT STORY