ਮੁੰਬਈ—ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ 'ਬਾਜੀਰਾਵ ਮਸਤਾਨੀ' ਕਾਫੀ ਵਾਹਾਵਾਹੀ ਖੱਟ ਰਹੀ ਹੈ ਪਰ ਰਣਵੀਰ ਇਸ ਫਿਲਮ ਦੇ ਇਕ ਸੀਨ ਕਾਰਨ ਇਹ ਫਿਲਮ ਆਪਣੀ ਮਾਂ ਨੂੰ ਦਿਖਾਉਣ ਤੋਂ ਡਰ ਰਹੇ ਹਨ। ਉਸ ਨੇ ਆਪਣੀ ਮਾਂ ਨੂੰ ਲੰਬੇ ਸਮੇਂ ਤੱਕ ਇਹ ਫਿਲਮ ਨਹੀਂ ਦਿਖਾਈ ਸੀ ਪਰ ਉਹ ਹੁਣ ਉਨ੍ਹਾਂ ਨੂੰ ਹੋਰ ਜ਼ਿਆਦਾ ਰੋਕ ਨਹੀਂ ਸਕੇ ਅਤੇ ਫਿਲਮ ਦੀ ਸਿਫਤ ਸੁਣ ਕੇ ਉਨ੍ਹਾਂ ਦੀ ਮਾਂ ਨੇ ਫਿਲਮ ਦੇਖ ਹੀ ਲਈ।
ਅਸਲ 'ਚ ਉਸ ਦਾ ਆਪਣੀ ਮਾਂ ਨੂੰ ਫਿਲਮ ਨਾ ਦਿਖਾਉਣ ਦਾ ਕਾਰਨ ਬਹੁਤ ਸਧਾਰਨ ਜਿਹਾ ਹੈ। ਹਰ ਮਾਂ ਵਾਂਗ ਰਣਵੀਰ ਦੀ ਮਾਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਹੈ। ਕੋਈ ਵੀ ਮਾਂ ਆਪਣੇ ਬੱਚੇ ਨਾਲ ਕਿਸੇ ਤਰ੍ਹਾ ਦੀ ਵੀ ਅਣਹੋਣੀ ਹੁੰਦਿਆਂ ਨਹੀਂ ਦੇਖਣਾ ਚਾਹੁੰਦੀ ਭਾਵੇਂ ਉਹ ਪਰਦੇ 'ਤੇ ਹੀ ਕਿਉਂ ਨਾ ਹੋਵੇ। ਅਸਲ 'ਚ ਇਸ ਤੋਂ ਪਹਿਲਾਂ ਜਦੋਂ ਰਣਵੀਰ ਦੀ ਮਾਂ ਨੇ ਉਸ ਦੀ ਫਿਲਮ 'ਗੁੰਡੇ' ਅਤੇ 'ਲੁਟੇਰਾ' ਵੇਖੀ ਤਾਂ ਉਨ੍ਹਾਂ ਨੂੰ ਬਹੁਤ ਦੁਖ ਹੋਇਆ ਸੀ ਕਿਉਂਕਿ ਇਸ 'ਚ ਉਸ ਦੀ ਆਖੀਰ 'ਚ ਮੌਤ ਹੋ ਜਾਂਦੀ ਹੈ। ਇਹ ਹੀ ਮਾਮਲਾ ਫਿਲਮ 'ਬਾਜੀਰਾਵ ਮਸਤਾਨੀ' ਦਾ ਵੀ ਹੈ। ਇਸ ਫਿਲਮ 'ਚ ਵੀ ਰਣਵੀਰ ਫਿਲਮ ਦੇ ਆਖੀਰ 'ਚ ਮਰ ਜਾਂਦੇ ਹਨ। ਇਸ ਕਾਰਨ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਮਾਂ ਨਮ ਅੱਖਾਂ ਨਾਲ ਸਿਨੇਮਾਹਾਲ 'ਚੋਂ ਨਿਕਲਣ। ਅੰਤ ਉਸ ਦੀ ਮਾਂ ਨੇ ਇਹ ਫਿਲਮ ਦੇਖ ਹੀ ਲਈ ਅਤੇ ਫਿਲਮ ਦੇ ਅੰਤ 'ਚ ਰਣਵੀਰ ਦੀ ਮੌਤ 'ਤੇ ਦੁੱਖ ਵੀ ਹੋਇਆ। ਉਹ ਆਪਣੇ ਲੜਕੇ ਦੀ ਅਦਾਕਾਰੀ ਤੋਂ ਬਹੁਤ ਖੁਸ਼ ਹੋਈ ਅਤੇ ਰਣਵੀਰ ਨੂੰ ਗਲੇ ਲਗਾ ਲਿਆ। ਉਨ੍ਹਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਅੱਥਰੂ ਸਨ। ਇਹ ਫਿਲਮ ਮਰਾਠਾ ਪੇਸ਼ਵਾ ਬਾਜੀਰਾਵ ਅਤੇ ਮੁਸਲਿਮ ਰਾਜਕੁਮਾਰੀ ਮਸਤਾਨੀ ਦੀ ਪ੍ਰੇਮ ਕਹਾਣੀ 'ਤੇ ਬਣੀ ਹੈ ਜੋ ਕਿ 18 ਦਸੰਬਰ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਰਣਵੀਰ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਰਹੀ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੇ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਦਰਸ਼ਕਾਂ ਦਾ ਬਹੁਤ ਪਿਆਰ ਵੀ ਹਾਸਲ ਕੀਤਾ ਹੈ। ਆਲੋਚਕਾਂ ਨੇ ਵੀ ਇਸ ਨੂੰ ਚੰਗੀ ਫਿਲਮ ਦੱਸਿਆ ਹੈ। ਇਸ ਫਿਲਮ 'ਚ ਪ੍ਰਿਯੰਕਾ ਚੋਪੜਾ 'ਕਾਸ਼ੀਬਾਈ' ਦੇ ਕਿਰਦਾਰ 'ਚ ਨਜ਼ਰ ਆਈ ਹੈ ਜੋ ਕਿ ਬਾਜੀਰਾਵ ਦੀ ਪਤਨੀ ਹੈ।
ਡਾਂਸ ਨੂੰ ਦਿਲ ਦੇ ਕਰੀਬ ਮੰਨਦੀ ਹੈ ਅਦਾਕਾਰਾ ਕ੍ਰਿਤੀ
NEXT STORY