ਮੁੰਬਈ- ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਮਨੋਜ ਵਾਜਪਾਈ ਅਕਸਰ ਲੀਕ ਤੋਂ ਹਟ ਕੇ ਫਿਲਮਾਂ ਦੀ ਚੋਣ ਕਰਦੇ ਹਨ ਅਤੇ ਉਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਵੀ ਮਿਲਦਾ ਹੈ। ਇਨ੍ਹੀਂ ਦਿਨੀਂ ਅਦਾਕਾਰ ਆਪਣੀ ਆਉਣ ਵਾਲੀ ਫਿਲਮ ‘ਗਵਰਨਰ’ ਨੂੰ ਲੈ ਕੇ ਚਰਚਾ ਵਿਚ ਹਨ। ਚਿਨਮਯ ਮਾਂਡਲੇਕਰ ਵੱਲੋਂ ਨਿਰਦੇਸ਼ਤ ਇਹ ਫਿਲਮ ਦੇਸ਼ ਦੇ 18ਵੇਂ ਆਰ. ਬੀ. ਆਈ. ਗਵਰਨਰ ਦੀ ਇਤਿਹਾਸਕ ਕਹਾਣੀ ਹੈ। ਮਨੋਜ ਵਾਜਪਾਈ ਫਿਲਮ ’ਚ ਸਾਬਕਾ ਆਰ. ਬੀ. ਆਈ. ਗਵਰਨਰ ਐੱਸ. ਐੱਸ. ਵੈਂਕਟਰਮਣਨ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ 12 ਜੂਨ ਨੂੰ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਬਾਰੇ ਮਨੋਜ ਵਾਜਪਾਈ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।
ਪ੍ਰ. ਫਿਲਮ ‘ਗਵਰਨਰ’ ’ਚ ਜੋ ਹੀਰੋਇਜ਼ਮ ਦੇਖਣ ਨੂੰ ਮਿਲਦਾ ਹੈ, ਉਹ ਰਵਾਇਤੀ ਹੀਰੋਇਜ਼ਮ ਤੋਂ ਕਾਫ਼ੀ ਵੱਖਰਾ ਹੈ। ਇਸ ਕਿਰਦਾਰ ਬਾਰੇ ਦੱਸੋ?
-ਇਹ ਕੋਈ ਅਜਿਹਾ ਹੀਰੋ ਨਹੀਂ ਹੈ ਜੋ ਬੰਦੂਕ ਚੁੱਕ ਕੇ ਲੜਾਈ ਲੜਦਾ ਹੈ ਜਾਂ ਐਕਸ਼ਨ ਕਰਦਾ ਹੈ। ਇਹ ਇਕ ਅਣਸੁਣਿਆ ਹੀਰੋਇਜ਼ਮ ਹੈ। ਅਜਿਹੇ ਲੋਕ ਸਾਡੇ ਦੇਸ਼ ’ਚ ਹੁੰਦੇ ਹਨ ਜੋ ਸੰਕਟ ਸਮੇਂ ਆਪਣੇ ਵਿਵੇਕ, ਬੁੱਧੀ ਅਤੇ ਦ੍ਰਿੜ ਵਿਸ਼ਵਾਸ ਨਾਲ ਦੇਸ਼ ਨੂੰ ਮੁਸ਼ਕਲ ਹਾਲਾਤ ’ਚੋਂ ਬਾਹਰ ਕੱਢਦੇ ਹਨ। ਫਿਲਮ ਦਾ ਕਿਰਦਾਰ ਵੀ ਅਜਿਹਾ ਹੀ ਹੈ। ਉਸ ਨੇ ਇਕ ਅਜਿਹਾ ਰਸਤਾ ਚੁਣਿਆ, ਜਿਸ ’ਤੇ ਪਹਿਲਾਂ ਕੋਈ ਨਹੀਂ ਸੀ ਚੱਲਿਆ। ਲਗਾਤਾਰ ਲੋਕਾਂ ਨੂੰ ਸਮਝਾਉਂਦਾ ਰਿਹਾ, ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਰਿਹਾ ਤੇ ਆਪਣੇ ਫ਼ੈਸਲਿਆਂ ’ਤੇ ਅਡੋਲ ਰਿਹਾ।
ਪ੍ਰ. ਫਿਲਮ ਦੀ ਤਿਆਰੀ ਦੌਰਾਨ ਕੀ ਤੁਹਾਨੂੰ ਅਸਲ ਜੀਵਨ ਦੇ ਗਵਰਨਰਾਂ ਅਤੇ ਬਿਊਰੋਕ੍ਰੇਟਸ ਬਾਰੇ ਬਹੁਤ ਕੁਝ ਜਾਣਨ ਲਈ ਮਿਲਿਆ?
ਜਦੋਂ ਤੁਸੀਂ ਅਜਿਹੇ ਕਿਰਦਾਰ ਨਿਭਾਉਂਦੇ ਹੋ ਤਾਂ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਉਸ ਨੂੰ ਸਮਝਣਾ। ਇਹ ਕੋਈ ਆਮ ਹਿੰਦੀ ਫਿਲਮ ਦਾ ਹੀਰੋ ਨਹੀਂ ਹੈ। ਇਸ ਦਾ ਸਾਰਾ ਕੰਮ ਦਿਮਾਗ ਨਾਲ ਹੁੰਦਾ ਹੈ। ਉਸ ਨੇ ਨੀਤੀਆਂ ਬਣਾਉਣੀਆਂ ਹੁੰਦੀਆਂ ਹਨ, ਫੈਸਲੇ ਲੈਣੇ ਹੁੰਦੇ ਹਨ ਅਤੇ ਫਿਰ ਉਨ੍ਹਾਂ ਫੈਸਲਿਆਂ ਨੂੰ ਨੇਤਾਵਾਂ ਅਤੇ ਨੀਤੀ ਘਾੜਿਆਂ ਤੱਕ ਪਹੁੰਚਾਉਣਾ ਹੁੰਦਾ ਹੈ। ਉਨ੍ਹਾਂ ਨੂੰ ਸਮਝਾਉਣਾ ਅਤੇ ਭਰੋਸਾ ਦਿਵਾਉਣਾ ਪੈਂਦਾ ਹੈ ਕਿ ਕਿਹੜਾ ਰਸਤਾ ਦੇਸ਼ ਲਈ ਸਹੀ ਰਹੇਗਾ। ਅਸੀਂ ਸਾਰੇ ਆਰ. ਬੀ. ਆਈ. ਨੂੰ ਜਾਣਦੇ ਹਾਂ ਪਰ ਬਹੁਤ ਘੱਟ ਲੋਕ ਇਸ ਦੇ ਕੰਮਕਾਜ ਦੀਆਂ ਬਾਰੀਕੀਆਂ ਨੂੰ ਸਮਝਦੇ ਹਨ। ਸਾਡੇ ਹੱਥ ’ਚ ਜੋ ਵੀ ਨੋਟ ਹੁੰਦਾ ਹੈ, ਉਸ ’ਤੇ ਗਵਰਨਰ ਦੇ ਦਸਤਖ਼ਤ ਹੁੰਦੇ ਹਨ ਪਰ ਅਸੀਂ ਸ਼ਾਇਦ ਹੀ ਕਦੇ ਸੋਚਦੇ ਹਾਂ ਕਿ ਉਸ ਵਿਅਕਤੀ ਦੀਆਂ ਜ਼ਿੰਮੇਵਾਰੀਆਂ ਕੀ ਹਨ। ਇਸ ਫਿਲਮ ਨੇ ਮੈਨੂੰ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਨੇੜਿਓਂ ਸਮਝਣ ਦਾ ਮੌਕਾ ਦਿੱਤਾ।
ਪ੍ਰ. ਨਿਰਦੇਸ਼ਕ ਚਿਨਮਯ ਅਤੇ ਪੂਰੀ ਟੀਮ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਚਿਨਮਯ ਨਾਲ ਕੰਮ ਕਰਨਾ ਹਮੇਸ਼ਾ ਸ਼ਾਨਦਾਰ ਅਨੁਭਵ ਹੁੰਦਾ ਹੈ। ਉਨ੍ਹਾਂ ਦੀ ਪਹਿਲੀ ਫਿਲਮ ‘ਇੰਸਪੈਕਟਰ ਜ਼ੇਂਡੇ’ ਕਰਦੇ ਸਮੇਂ ਵੀ ਮੈਨੂੰ ਬਹੁਤ ਮਜ਼ਾ ਆਇਆ ਸੀ। ਉਹ ਖ਼ੁਦ ਸ਼ਾਨਦਾਰ ਅਦਾਕਾਰ ਹਨ, ਇਸ ਲਈ ਅਦਾਕਾਰ ਦੀਆਂ ਪ੍ਰੇਸ਼ਾਨੀਆਂ ਤੇ ਜ਼ਰੂਰਤਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਜੇ ਕਿਸੇ ਅਦਾਕਾਰ ਨੂੰ ਕਿਸੇ ਦ੍ਰਿਸ਼ ’ਚ ਮੁਸ਼ਕਲ ਆ ਰਹੀ ਹੋਵੇ ਤਾਂ ਉਹ ਤੁਰੰਤ ਸਮਝ ਜਾਂਦੇ ਹਨ ਕਿ ਸਮੱਸਿਆ ਕੀ ਹੈ ਅਤੇ ਉਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨਾਲ ਕੰਮ ਕਰਨਾ ਬਹੁਤ ਸਹਿਜ ਹੋ ਜਾਂਦਾ ਹੈ।
ਫਿਲਮ ਦੀ ਪ੍ਰਾਪਤੀ ਇਹ ਹੈ ਕਿ ਵਿਸ਼ਾ ਜਿੰਨਾ ਗੰਭੀਰ, ਉਨੇ ਹੀ ਰੌਚਕ ਤਰੀਕੇ ਨਾਲ ਪੇਸ਼ ਕੀਤਾ
ਪ੍ਰ. ਫਿਲਮ ਵਿਸ਼ੇ ਦੇ ਲਿਹਾਜ਼ ਨਾਲ ਕਾਫ਼ੀ ਚੁਣੌਤੀਪੂਰਨ ਲੱਗਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਦਰਸ਼ਕ ਇਸ ਨਾਲ ਕਿੰਨਾ ਕੁ ਜੁੜਨਗੇ?
ਇਹੋ ਇਸ ਫਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਵਿਸ਼ਾ ਜਿੰਨਾ ਗੰਭੀਰ ਹੈ, ਉਸ ਨੂੰ ਉਨੇ ਹੀ ਰੌਚਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਚਿਨਮਯ ਦੀ ਇਹ ਸਿਰਫ਼ ਦੂਜੀ ਫਿਲਮ ਹੈ ਅਤੇ ਇੰਨੀ ਵੱਡੀ ਚੁਣੌਤੀ ਨੂੰ ਲੈਣਾ ਆਪਣੇ ਆਪ ’ਚ ਹਿੰਮਤ ਦੀ ਗੱਲ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਫਿਲਮ ਦਰਸ਼ਕਾਂ ਨੂੰ ਅੰਕੜਿਆਂ ਅਤੇ ਤਕਨੀਕੀ ਗੱਲਾਂ ’ਚ ਨਹੀਂ ਉਲਝਾਉਂਦੀ। ਇਹ ਉਨ੍ਹਾਂ ਨੂੰ ਕਹਾਣੀ ਨਾਲ ਜੋੜ ਕੇ ਰੱਖਦੀ ਹੈ। ਮੈਨੂੰ ਯਕੀਨ ਹੈ ਕਿ ਜਦੋਂ ਦਰਸ਼ਕ ਥੀਏਟਰ ਤੋਂ ਬਾਹਰ ਨਿਕਲਣਗੇ ਤਾਂ ਉਨ੍ਹਾਂ ਨੂੰ ਸਿਰਫ ਚੰਗੀ ਫਿਲਮ ਦੇਖਣ ਦਾ ਅਨੁਭਵ ਹੀ ਨਹੀਂ ਹੋਵੇਗਾ, ਸਗੋਂ ਉਹ ਉਸ ਆਰਥਿਕ ਸੰਕਟ ਅਤੇ ਉਸ ਨਾਲ ਜੁੜੇ ਲੋਕਾਂ ਬਾਰੇ ਵੀ ਬਹੁਤ ਕੁਝ ਜਾਣ ਚੁੱਕੇ ਹੋਣਗੇ।
ਹੁਣ ਮੁਫ਼ਤ 'ਚ ਦੇਖੋ ਅਮਿਤਾਭ ਬੱਚਨ ਦਾ 'ਕੌਣ ਬਣੇਗਾ ਕਰੋੜਪਤੀ', ਦੂਰਦਰਸ਼ਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫ਼ਾ
NEXT STORY