ਫਰੀਦਕੋਟ (ਹਾਲੀ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਤੰਬਾਕੂ ਕੰਟਰੋਲ ਕਮੇਟੀ ਫਰੀਦਕੋਟ ਅਤੇ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਦੀ ਅਗਵਾਈ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਦੁਰਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਰਾਜ ਤੰਬਾਕੂ ਵਿਰੋਧੀ ਦਿਹਾਡ਼ੇ ਮੌਕੇ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰ ਦੀ ਸਭਾ ਦੌਰਾਨ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾਡ਼ ਨੇ ਅੱਜ ਦੇ ਸਮਾਗਮ ਦੀ ਸਾਰਥਕਤਾ ਸਬੰਧੀ ਵਿਚਾਰ ਰੱਖਦਿਆਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਦੀ ਲੋਡ਼ ਹਨ। ਜ਼ਿਲਾ ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਦੇ ਨੋਡਲ ਅਫਸਰ ਡਾ. ਪੁਸ਼ਪਿੰਦਰ ਸਿੰਘ ਕੂਕਾ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਹਰ ਰੋਜ਼ ਭਾਰਤ ’ਚ 2200 ਮੌਤਾਂ ਤੰਬਾਕੂ ਜਾਂ ਤੰਬਾਕੂ ਪਦਾਰਥਾਂ ਦੇ ਧੂੰਏਂ ਕਾਰਨ ਹੁੰਦੀਆਂ ਹਨ ਅਤੇ ਆਉਣ ਵਾਲੇ ਸਮੇਂ ’ਚ ਤੰਬਾਕੂ ਦੁਨੀਆ ਭਰ ਵਿਚ ਹੋਣ ਵਾਲੀਆਂ ਮੌਤਾਂ ਦਾ ਮੁੱਖ ਜ਼ਿੰਮੇਵਾਰ ਕਾਰਨ ਹੋਵੇਗਾ। ਉਨ੍ਹਾਂ ਕਿਹਾ ਕਿ ਤੰਬਾਕੂ ਅਜਿਹਾ ਨਸ਼ਾ ਹੈ ਜੋ ਵਰਤੋਂ ਕਰਨ ਵਾਲੇ ਲਈ ਤਾਂ ਹਾਨੀਕਾਰਕ ਹੈ ਹੀ, ਵਰਤੋਂ ਨਾ ਕਰਨ ਵਾਲੇ ਲਈ ਵੀ ਬਰਾਬਰ ਹਾਨੀਕਾਰਕ ਹੈ। ਇਹ ਨਸ਼ੇ ਦਾ ਪ੍ਰਵੇਸ਼ ਦੁਆਰ ਹੈ ਅਤੇ ਹੋਰਨਾਂ ਨਸ਼ਿਆਂ ਵੱਲ ਰਾਹ ਖੋਲ੍ਹਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਦੇ ਦੁਰਪ੍ਰਭਾਵਾਂ ਤੋਂ ਬਚਣ ਅਤੇ ਦੂਸਰਿਆਂ ਨੂੰ ਬਚਾਉਣ ਦੇ ਉਪਰਾਲੇ ਕਰਨ ਲਈ ਜਾਗਰੂਕ ਕੀਤਾ। ਸ਼ਿਵਜੀਤ ਸਿੰਘ ਸੰਘਾ ਡੀਲਿੰਗ ਸਹਾਇਕ, ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਦੂਜਿਆਂ ਨੂੰ ਤੰਬਾਕੂ ਤੋਂ ਬਚਾਉਣ ਦਾ ਪ੍ਰਣ ਕਰਵਾਇਆ। ਜ਼ਿਲੇ ਦੇ ਸਮੂਹ ਸਰਕਾਰੀ ਅਤੇ ਨਿੱਜੀ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਵੀ ਵਿਦਿਆਰਥੀਆਂ ਨੇ ਤੰਬਾਕੂ ਦੀ ਵਰਤੋਂ ਨਾ ਕਰਨ ਦਾ ਪ੍ਰਣ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ, ਮਚਾਕੀ ਮੱਲ ਸਿੰਘ ਨੇ ਸਕੂਲ ਦੇ 100 ਗਜ਼ ਦੇ ਘੇਰੇ ’ਚ ਯੈਲੋ ਲਾਈਨ ਲਗਾ ਕੇ ਤੰਬਾਕੂ ਮੁਕਤ ਜ਼ੋਨ ਦੀ ਸਥਾਪਨਾ ਕੀਤੀ।
ਪ੍ਰਧਾਨ ਮੰਤਰੀ ਰੋਜ਼ਗਾਰ ਸਕੀਮ ਤਹਿਤ ਲਾਇਆ ਰੋਜ਼ਗਾਰ ਮੇਲਾ
NEXT STORY