ਮੈਲਬੌਰਨ (ਭਾਸ਼ਾ): ਆਗਾਮੀ ਮਾਲਾਬਾਰ ਜਲ ਸੈਨਾ ਯੁੱਧ ਅਭਿਆਸ ਵਿਚ ਭਾਰਤ, ਅਮਰੀਕਾ ਅਤੇ ਜਾਪਾਨ ਦੇ ਨਾਲ ਆਸਟ੍ਰੇਲੀਆ ਵੀ ਹਿੱਸਾ ਲਵੇਗਾ। ਆਸਟ੍ਰੇਲੀਆਈ ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਇਹ ਚਾਰ ਦੇਸ਼ਾਂ ਦਾ ਸਮੂਹ ਕਵਾਡ ਦੀ ਮਿਲਟਰੀ ਪੱਧਰ 'ਤੇ ਪਹਿਲੀ ਹਿੱਸੇਦਾਰੀ ਹੋਵੇਗੀ। ਭਾਰਤ-ਚੀਨ ਸਰਹੱਦੀ ਵਿਵਾਦ ਦੇ ਵਿਚ ਭਾਰਤ ਨੇ ਸੋਮਵਾਰ ਨੂੰ ਆਗਾਮੀ ਮਾਲਾਬਾਰ ਜਲ ਸੈਨਾ ਯੁੱਧ ਅਭਿਆਸ ਵਿਚ ਅਮਰੀਕਾ ਅਤੇ ਜਾਪਾਨ ਦੇ ਨਾਲ ਆਸਟ੍ਰੇਲੀਆ ਦੇ ਵੀ ਹਿੱਸਾ ਲੈਣ ਦੀ ਘੋਸ਼ਣਾ ਕੀਤੀ ਸੀ।
ਭਾਰਤ ਵੱਲੋਂ ਆਸਟ੍ਰੇਲੀਆਈ ਜਲ ਸੈਨਾ ਨੂੰ ਅਗਲੇ ਮਹੀਨੇ ਹੋਣ ਵਾਲੇ ਯੁੱਧ ਅਭਿਆਸ ਵਿਚ ਹਿੱਸਾ ਲੈਣ ਦਾ ਸੱਦਾ ਦੇਣ ਦਾ ਕਦਮ ਟੋਕੀਓ ਵਿਚ ਕਵਾਡ ਦੇ ਵਿਦੇਸ਼ ਮੰਤਰੀਆਂ ਦੀ ਵਾਰਤਾ ਦੇ ਦੋ ਹਫਤੇ ਬਾਅਦ ਚੁੱਕਿਆ ਗਿਆ ਹੈ। ਬੈਠਕ ਵਿਚ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਨੂੰ ਵਧਾਉਣ ਦੇ ਉਪਾਆਂ 'ਤੇ ਧਿਆਨ ਕੇਂਦਰਿਤ ਕੀਤਾ ਸੀ, ਜਿੱਥੇ ਚੀਨ ਦਾ ਮਿਲਟਰੀ ਦਬਾਅ ਲਗਾਤਾਰ ਵੱਧ ਰਿਹਾ ਹੈ। ਆਸਟ੍ਰੇਲੀਆ ਦੀ ਰੱਖਿਆ ਮੰਤਰੀ ਲਿੰਡਾ ਰੇਨਾਲਡਸ ਅਤੇ ਵਿਦੇਸ਼ ਮੰਤਰੀ ਮੈਰਿਸੇ ਪੇਨੇ ਨੇ ਇਕ ਸੰਯੁਕਤ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਘੋਸ਼ਣਾ ਭਾਰਤ ਦੇ ਨਾਲ ਆਸਟ੍ਰੇਲੀਆ ਦੇ ਸੰਬੰਧ ਹੋਰ ਡੂੰਘੇ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਬਿਆਨ ਦੇ ਮੁਤਾਬਕ, ਸੰਘੀ ਸਰਕਾਰ ਨੇ ਕਿਹਾ ਹੈ ਕਿ ਭਾਰਤ ਦੇ ਸੱਦੇ ਦੇ ਬਾਅਦ ਆਸਟ੍ਰੇਲੀਆ ਮਾਲਾਬਾਰ ਜਲ ਸੈਨਾ ਯੁੱਧ ਅਭਿਆਸ ਵਿਚ ਹਿੱਸਾ ਲਵੇਗਾ।
ਇਹ ਅਭਿਆਸ ਖੇਤਰ ਦੇ ਚਾਰ ਪ੍ਰਮੁੱਖ ਹਿੱਸੇਦਾਰਾਂ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਨੂੰ ਨਵੰਬਰ ਵਿਚ ਇਕੱਠਿਆਂ ਲਿਆਵੇਗਾ। ਰੇਨਾਲਡਸ ਨੇ ਕਿਹਾ ਕਿ ਮਾਲਾਬਾਰ-2020 ਆਸਟ੍ਰੇਲੀਆ ਰੱਖਿਆ ਬਲ ( ਏ.ਡੀ.ਐੱਫ.) ਲਈ ਮਹੱਤਵਪੂਰਨ ਮੌਕਾ ਹੋਵੇਗਾ। ਉਹਨਾਂ ਨੇ ਕਿਹਾ,''ਮਾਲਾਬਾਰ ਜਿਹੇ ਅਤਿ ਆਧੁਨਿਕ ਮਿਲਟਰੀ ਅਭਿਆਸ ਆਸਟ੍ਰੇਲੀਆ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਵਧਾਉਣ, ਸਾਡੇ ਕਰੀਬੀ ਸਹਿਯੋਗੀਆਂ ਦੇ ਨਾਲ ਤਾਲਮੇਲ ਨਾਲ ਕੰਮ ਕਰਨ ਅਤੇ ਮੁਕਤ ਅਤੇ ਖੁਸ਼ਹਾਲ ਹਿੰਦ -ਪ੍ਰਸ਼ਾਂਤ ਦਾ ਸਮਰਥਨ ਕਰਨ ਦੇ ਸਾਡੇ ਸਾਮੂਹਿਕ ਸੰਕਲਪ ਦਾ ਪ੍ਰਦਰਸ਼ਨ ਕਰਦੇ ਹਨ।''
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੱਚਿਆਂ ਨੂੰ ਪੱਕਿਆਂ ਕਰਨ ਦੀ ਮੰਗ, ਇਮੀਗ੍ਰੇਸ਼ਨ ਵਿਭਾਗ ਦੇ ਦਫਤਰ ਬਾਹਰ ਕੀਤਾ ਮੁਜ਼ਾਹਰਾ
ਵਿਦੇਸ਼ ਮੰਤਰੀ ਪੇਨੇ ਨੇ ਕਿਹਾ ਕਿ ਮਾਲਾਬਾਰ ਯੁੱਧ ਅਭਿਆਸ ਹਿੰਦ-ਪ੍ਰਸ਼ਾਂਤ ਦੇ ਚਾਰ ਪ੍ਰਮੁੱਖ ਲੋਕਤੰਤਰੀ ਦੇਸ਼ਾਂ ਦੇ ਵਿਚ ਡੂੰਘੇ ਭਰੋਸੇ ਅਤੇ ਸਾਂਝੇ ਸੁਰੱਖਿਆ ਹਿਤਾਂ 'ਤੇ ਇਕੱਠੇ ਕੰਮ ਕਰਨ ਦੀ ਉਹਨਾਂ ਦੀ ਇੱਛਾ ਨੂੰ ਵੀ ਦਰਸਾਉਂਦਾ ਹੈ। ਉਹਨਾਂ ਨੇ ਕਿਹਾ,''ਇਸ ਦਾ ਆਧਾਰ ਵਿਆਪਕ ਰਣਨੀਤਕ ਹਿੱਸੇਦਾਰੀ ਹੈ ਜਿਸ ਦੇ ਲਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚ 4 ਜੂਨ, 2020 ਨੂੰ ਸਹਿਮਤੀ ਬਣੀ ਸੀ ਅਤੇ ਜਿਸ ਨੂੰ ਮੈਂ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਦੇ ਨਾਲ ਇਸ ਮਹੀਨੇ ਟੋਕੀਓ ਵਿਚ ਮੁਲਾਕਾਤ ਦੇ ਦੌਰਾਨ ਅੱਗੇ ਵਧਾਇਆ।''
ਪੇਨੇ ਨੇ ਕਿਹਾ,''ਇਹ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੇ ਲਈ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੀ ਮਿਲ ਕੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਏਗਾ।'' ਉਹਨਾਂ ਨੇ ਕਿਹਾ ਕਿ ਜਲਸੈਨਾ ਅਭਿਆਸ ਵਿਚ ਹਿੱਸਾ ਲੈਣਾ ਹਿੰਦ-ਪ੍ਰਸ਼ਾਂਤ ਵਿਚ ਖੇਤਰੀ ਸੁਰੱਖਿਆ ਅਤੇ ਖੁਸ਼ਹਾਲੀ ਵਧਾਉਣ ਅਤੇ ਏ.ਡੀ.ਐੱਫ. ਦੀ ਆਪਸੀ ਕੰਮ ਕਰਨ ਦੀ ਸਮਰੱਥਾ ਦੇ ਪ੍ਰਤੀ ਆਸਟ੍ਰੇਲੀਆ ਦੀ ਸਥਾਈ ਵਚਨਬੱਧਤਾ ਨੂੰ ਦਰਸਾਉਂਦਾ ਹੈ। ਆਸਟ੍ਰੇਲੀਆ ਨੇ ਆਖਰੀ ਵਾਰ 2007 ਵਿਚ ਮਾਲਾਬਾਰ ਜਲ ਸੈਨਾ ਯੁੱਧ ਅਭਿਆਸ ਵਿਚ ਹਿੱਸਾ ਲਿਆ ਸੀ।
ਨਾਈਜ਼ੀਰੀਆ 'ਚ ਕੋਰੋਨਾ ਨਾਲ ਹੋਈ 16 ਡਾਕਟਰਾਂ ਦੀ ਮੌਤ
NEXT STORY