ਬੇਰੁੱਤ (ਬਿਊਰੋ): ਪਲਾਸਟਿਕ ਕਚਰਾ ਪੂਰੀ ਦੁਨੀਆ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਹਰ ਦੇਸ਼ ਦੀ ਸਰਕਾਰ ਇਸ ਖਤਰੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ।ਮੱਧ ਪੂਰਬੀ ਦੇਸ਼ ਲੇਬਨਾਨ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰ ਕੇ ਵਿਸ਼ੇਸ਼ ਤਰ੍ਹਾਂ ਦਾ ਕ੍ਰਿਸਮਸ ਟ੍ਰੀ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਦਾ ਉਦੇਸ਼ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਰੋਕਣ ਲਈ ਜਾਗਰੂਕ ਕਰਨਾ ਹੈ। ਇਸ 28.5 ਮੀਟਰ ਲੰਬੇ ਕ੍ਰਿਸਮਸ ਟ੍ਰੀ ਨੂੰ ਬਣਾਉਣ ਲਈ 1 ਲੱਖ 20 ਹਜਾਰ ਬੋਤਲਾਂ ਦੀ ਵਰਤੋਂ ਕੀਤੀ ਗਈ। ਇਸ ਟ੍ਰੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉੱਤਰੀ ਲੇਬਨਾਨ ਦੇ ਚੇੱਕਾ ਪਿੰਡ ਵਿਚ 1,20,000 ਪਲਾਸਟਿਕ ਦੀਆਂ ਬੋਤਲਾਂ ਨਾਲ ਇਹ ਕ੍ਰਿਸਮਸ ਟ੍ਰੀ 20 ਦਿਨ ਵਿਚ ਤਿਆਰ ਕੀਤਾ ਗਿਆ ਹੈ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਨਾਲ ਬਣਿਆ ਇਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਸਮਸ ਟ੍ਰੀ ਹੈ ਜੋ ਜਲਦੀ ਹੀ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਹੋਵੇਗਾ। ਇਸ ਦੀ ਪ੍ਰਾਜੈਕਟ ਹੈੱਡ ਕੈਰੋਲਿਨੀ ਛੇਬਿਟਿਨੀ ਦਾ ਕਹਿਣਾ ਹੈ ਕਿ ਇਹ ਟ੍ਰੀ ਦੁਨੀਆ ਭਰ ਦੇ ਲੋਕਾਂ ਨੂੰ ਪਲਾਸਟਿਕ ਤੋਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦੇਵੇਗਾ।

ਇਸ ਟ੍ਰੀ ਨੂੰ ਬਣਾਉਣ ਦੀ ਤਿਆਰੀ 6 ਮਹੀਨੇ ਪਹਿਲਾਂ ਹੋਈ ਸੀ। ਪਿੰਡ ਵਾਲਿਆਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਲਗਾਤਾਰ 6 ਮਹੀਨੇ ਤੱਕ 1,29,000 ਬੋਤਲਾਂ ਇਕੱਠੀਆਂ ਕੀਤੀਆਂ। ਪ੍ਰਾਜੈਕਟ ਹੈੱਡ ਕੈਰੋਲਿਨੀ ਦੇ ਮੁਤਾਬਕ,''ਪਲਾਸਟਿਕ ਦੀਆਂ ਬੋਤਲਾਂ ਨੂੰ ਇਕੱਠਾ ਕਰਨ ਲਈ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਬੋਤਲਾਂ ਸੁੱਟਣ ਦੀ ਬਜਾਏ ਸਾਨੂੰ ਦੇਣ ਦੀ ਅਪੀਲ ਕੀਤੀ ਗਈ ਸੀ। ਲੋਕਾਂ ਨੇ ਇਸ ਪਹਿਲ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।'' ਕੈਰੋਲਿਨੀ ਦੱਸਦੀ ਹੈ,''ਕ੍ਰਿਸਮਸ ਟ੍ਰੀ ਨੂੰ ਕਰੀਬ ਡੇਢ ਮਹੀਨੇ ਤੱਕ ਲੋਕਾਂ ਲਈ ਰੱਖਿਆ ਜਾਵੇਗਾ। ਇਸ ਦੇ ਬਾਅਦ ਬੋਤਲਾਂ ਨੂੰ ਰੀਸਾਈਕਲ ਲਈ ਭੇਜ ਦਿੱਤਾ ਜਾਵੇਗਾ। ਨਾਲ ਹੀ ਗਿਨੀਜ਼ ਵਰਲਡ ਰਿਕਾਰਡ ਲਈ ਐਪਲੀਕੇਸ਼ਨ ਦਿੱਤੀ ਗਈ ਹੈ। ਇਸ ਲਈ ਸੰਸਥਾ ਨੇ ਸਾਨੂੰ ਕ੍ਰਿਸਮਸ ਟ੍ਰੀ ਨਾਲ ਸਬੰਧਤ ਸਬੂਤ ਅਤੇ ਜਾਣਕਾਰੀ ਭੇਜਣ ਲਈ ਕਿਹਾ ਹੈ।''

ਇਸ ਤੋਂ ਪਹਿਲਾਂ ਸਾਲ 2018 ਵਿਚ ਪਲਾਸਟਿਕ ਬੋਤਲਾਂ ਨਾਲ ਤਿਆਰ ਕ੍ਰਿਸਮਸ ਟ੍ਰੀ ਦਾ ਰਿਕਾਰਡ ਮੈਕਸੀਕੋ ਦੇ ਨਾਮ ਸੀ। ਜਿਸ ਨੂੰ 98 ਹਜ਼ਾਰ ਬੋਤਲਾਂ ਨਾਲ ਤਿਆਰ ਕੀਤਾ ਗਿਆ ਸੀ। 22 ਟਨ ਦੇ ਟ੍ਰੀ ਨੂੰ ਮੈਕਸੀਕੋ ਦੀ ਸੰਸਥਾ ਗੋਰਬਿਯਰਨੋ ਡੇਲ ਐਸਟਡੋ ਡੇਅ ਐਗੁਆਸਕੇਲਿਨੇਟਸ ਨੇ ਤਿਆਰ ਕੀਤਾ ਸੀ। ਲੇਬਨਾਨ ਵਿਚ ਕ੍ਰਿਸਮਸ ਟ੍ਰੀ ਬਣਾਉਣ ਵਾਲੀ ਟੀਮ ਕਾਫੀ ਖੁਸ਼ ਹੈ। ਪ੍ਰਾਜੈਕਟ ਨਾਲ ਜੁੜੇ ਯੂਸੇਫ-ਅਲ-ਸ਼ੇਖ ਦਾ ਕਹਿਣਾ ਹੈ ਕਿ ਇਹ ਟ੍ਰੀ ਵਾਤਾਵਰਨ ਨੂੰ ਬਚਾਉਣ ਦੀ ਪਹਿਲ ਹੈ। ਟੀਮ ਨਾਲ ਜੁੜੇ ਅਲੈਗਜ਼ੈਂਡਰ ਕਹਿੰਦੇ ਹਨ ਕਿ ਇਸ ਟ੍ਰੀ ਵਿਚ ਵਰਤੀਆਂ ਗਈਆਂ ਬੋਤਲਾਂ ਨੂੰ ਰੀਸਾਈਕਲ ਕਰਨ ਦੇ ਬਾਅਦ ਹੋਣ ਵਾਲੀ ਕਮਾਈ ਰੈੱਡ ਕ੍ਰਾਸ ਨੂੰ ਦਿੱਤੀ ਜਾਵੇਗੀ। ਲੇਬਨਾਨ ਲਈ ਇਹ ਪਹਿਲ ਕਾਫੀ ਮਹੱਤਵਪੂਰਨ ਹੈ ਕਿਉਂਕਿ 2015 ਵਿਚ ਇੱਥੇ ਕਚਰੇ ਦਾ ਨਿਪਟਾਰਾ ਇਕ ਵੱਡੀ ਸਮੱਸਿਆ ਬਣ ਗਿਆ ਸੀ। ਸਰਕਾਰ ਕੋਲ ਇਸ ਨਾਲ ਨਜਿੱਠਣ ਦਾ ਕੋਈ ਉਪਾਅ ਨਹੀਂ ਸੀ। ਪ੍ਰਦੂਸ਼ਣ ਇੰਨਾ ਵੱਧ ਗਿਆ ਸੀ ਕਿ ਕੈਂਸਰ ਦੇ ਮਾਮਲੇ ਕਾਫੀ ਵੱਧ ਗਏ ਸਨ।
ਅਫਗਾਨਿਸਤਾਨ 'ਚ ਅਮਰੀਕੀ ਫੌਜੀ ਦੀ ਮੌਤ, ਤਾਲਿਬਾਨ ਨੇ ਲਈ ਜ਼ਿੰਮਵਾਰੀ
NEXT STORY