ਭੂਗੋਲਿਕ ਸਥਿਤੀ ਅਤੇ ਵਾਤਾਵਰਨ:
ਨਿਊਜ਼ੀਲੈਂਡ ਨੂੰ ਜੇਕਰ ਇੱਕ ਪਰੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਨਸਾਨਾਂ ਦੁਆਰਾ ਨਿਰਮਿਤ ਇਮਾਰਤਾਂ ਤੋਂ ਲੈ ਕੇ ਕੁਦਰਤੀ ਨਜ਼ਾਰਿਆਂ ਤੱਕ ਸਾਰੇ ਹੀ ਸੱਜ ਵਿਆਹੀ ਦੁਲਹਣ ਦੀ ਕਿਆਸ ਕਰਵਾਉਂਦੇ ਹਨ। ਇਥੋਂ ਦੀ ਇੱਕ-ਇੱਕ ਚੀਜ਼ ਨੂੰ ਆਪਣੇ ਅੰਦਰ ਸਮੋਅ ਲੈਣ ਨੂੰ ਜੀਅ ਕਰਦਾ ਹੈ। ਨਿਊਜ਼ੀਲੈਂਡ ਇੱਕ ਟਾਪੂ ’ਤੇ ਬਹੁਤ ਛੋਟਾ ਜਿਹਾ ਦੇਸ਼ ਹੈ, ਜਿਸਦਾ ਖੇਤਰਫਲ ਕੁਲ ਮਿਲਾਕੇ ਪੰਜਾਬ ਕੁ ਜਿੰਨਾ ਹੋਵੇਗਾ। ਨਕਸ਼ੇ ਵਿੱਚ ਇਹ ਲੰਬਾਈ ਦੇ ਰੁਖ, ਆਸਟ੍ਰੇਲੀਆ ਦੇ ਦੱਖਣ ਪੂਰਬ ਵਿੱਚ ਸਥਿੱਤ ਹੈ, ਜੋ ਚਾਰੇ ਪਾਸਿਓਂ ਸਮੁੰਦਰ ਨਾਲ ਘਿਰਿਆ ਹੈ। ਇਹ ਇੱਕ ਨਦੀ ਰਾਹੀਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ,- ਉੱਤਰੀ ਤੇ ਦੱਖਣੀ ਨਿਊਜ਼ੀਲੈਂਡ। ਧਰਾਤਲ ਦੇ ਅਧਾਰ ’ਤੇ ਜ਼ਮੀਨ ਸਮਤਲ ਨਹੀਂ ਸਗੋਂ ਪਹਾੜੀ ਹੈ। ਇਸਦਾ ਧਰਾਤਲ, ਇਸਦੀ ਖ਼ੂਬਸੂਰਤੀ ਨੂੰ ਪਹਾੜਾਂ, ਜੰਗਲਾਂ ਝਰਨਿਆਂ ਤੇ ਕੁਦਰਤ ਦੇ ਅਦੁੱਤੀ ਨਜ਼ਾਰਿਆਂ ਕਾਰਨ ਸਵਰਗ ਦੀ ਇੱਕ ਝਲਕ ਪ੍ਰਦਾਨ ਕਰਦਾ ਹੈ। ਜਿਧਰ ਨਜ਼ਰ ਮਾਰੋ ਹਰਿਆਲੀ ਹੀ ਹਰਿਆਲੀ, ਨਜ਼ਰਾਂ ਨੂੰ ਬੰਨ੍ਹ ਲੈਂਦੀ ਹੈ। ਦਿਲ ਕਰਦਾ ਹੈ ਕਾਸ਼! ਮੇਰੀ ਬੁੱਕਲ ਐਡੀ ਵੱਡੀ ਹੋ ਜਾਵੇ ਕਿ ਮੈਂ ਸਾਰੀ ਕਾਇਨਾਤ ਇਸ ਵਿੱਚ ਭਰ ਲਵਾਂ।
ਇਹ ਦੁਨੀਆਂ ਦਾ ਸਭ ਤੋਂ ਪਹਿਲਾ ਪੂਰਬੀ ਦੇਸ਼ ਹੈ, ਜਿਥੇ ਸੂਰਜ ਸਾਰੇ ਜਗਤ ਨਾਲੋਂ ਪਹਿਲਾਂ ਦਰਸ਼ਨ ਦਿੰਦਾ ਹੈ। ਸਾਲ ਦੇ ਆਗਮਨ ਦਾ ਜਸ਼ਨ ਸਭ ਤੋਂ ਪਹਿਲਾਂ ਇਥੇ ਮਨਾਇਆ ਜਾਂਦਾ ਹੈ। ਇਸਦੇ ਨਾਲ-ਨਾਲ ਇਕ ਰੌਚਕ ਗੱਲ ਇਹ ਹੈ ਕਿ ਇਥੇ ਸੂਰਜ ਪੱਛਮ ਦੇ ਮੁਕਾਬਲੇ ਧਰਤੀ ਦੇ ਜ਼ਿਆਦਾ ਨੇੜੇ ਹੋਣ ਕਾਰਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਅਤੇ ਬਹੁਤ ਤੇਜ਼ ਪੈਂਦੀਆਂ ਹਨ, ਜਿਸ ਕਾਰਨ ਧੁੱਪ ਵਿੱਚ ਕੁੱਝ ਮਿੰਟ ਵੀ ਨਹੀਂ ਖੜਿਆ ਜਾਂਦਾ। ਭਾਂਵੇ ਘੋਰ ਸਰਦੀ ਦਾ ਹੀ ਮੌਸਮ ਕਿਉਂ ਨਾ ਹੋਵੇ, ਬੇਸ਼ਰਤੇ ਹਵਾ ਰੁਕੀ ਹੋਣੀ ਚਾਹੀਦੀ ਹੈ। ਸਰਦੀਆਂ ਬਹੁਤ ਸੀਤ ਹਵਾ ਅਤੇ ਮੀਂਹ ਵਾਲੀਆਂ ਹੁੰਦੀਆਂ ਹਨ। ਗਰਮੀਆਂ ਨਵੰਬਰ-ਦਿਸੰਬਰ ਤੋਂ ਸ਼ੁਰੂ ਹੋ ਕੇ ਮਾਰਚ-ਅਪਰੈਲ ਤੱਕ ਰਹਿੰਦੀਆਂ ਹਨ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੱਕ ਰਹਿੰਦਾ ਹੈ। ਇਥੋ ਦੇ ਅਸਲੀ ਵਸਨੀਕ ਮੌਰੀ ਲੋਕ ਹਨ ਪਰ ਨਿਊਜ਼ੀਲੈਂਡ ਇੱਕ ਬਹੁ-ਸਭਿਆਚਾਰਕ ਦੇਸ਼ ਹੈ। ਲੱਗਭਗ ਦੁਨੀਆਂ ਦੇ ਹਰ ਮੁਲਕ ਦੇ ਲੋਕਾਂ ਦੀ ਇਹ ਪਹਿਲੀ ਪਸੰਦ ਹੈ। ਸੈਰ ਸਪਾਟਾ, ਡੇਅਰੀ ਫਾਰਮਿੰਗ, ਭੇਡਾਂ ਪਾਲਣਾ, ਫਲਾਂ ਦੇ ਬਾਗ ਆਮ ਧੰਦੇ ਹਨ। ਇੱਕ ਚੀਜ਼ ਜ਼ਰੂਰ ਦੱਸਾਂਗੀ ਕਿ ਹਰ ਮੁਲਕ ਦੇ ਅੰਗਰੇਜ਼ ਵੱਖਰੀ ਕਿਸਮ ਦੇ ਹਨ ਅਤੇ ਏਥੇ ਦੇ ਸਾਰੀ ਦੁਨੀਆਂ ਦੇ ਅੰਗਰੇਜ਼ਾਂ ਨਾਲੋਂ ਸੁਭਾਅ ਦੇ ਪੱਖੋਂ ਨਰਮ ,ਸਲੀਕੇ ਵਾਲੇ ,ਆਦਰ ਕਰਨ ਵਾਲੇ ਤੇ ਸੂਖਮ ਸੋਚ ਰੱਖਣ ਵਾਲੇ ਹਨ। ਇਹ ਨਸਲਵਾਦ ਵਿੱਚ ਬਹੁਤ ਘੱਟ ਵਿਸ਼ਵਾਸ ਰੱਖਦੇ ਹਨ। ਇਸ ਦੇਸ਼ ਵਿੱਚ ਦੇਖਣ ਵਾਲੀਆਂ ਹਜ਼ਾਰਾਂ ਥਾਵਾਂ ਹਨ, ਇੱਕ ਹੀ ਲੇਖ ਵਿੱਚ ਇੰਨਾ ਕੁਝ ਸਮਾਉਣਾ ਅਸੰਭਵ ਹੈ। ਇਸ ਲਈ ਇੱਕ-ਇੱਕ ਸ਼ਹਿਰ ਅਤੇ ਨਾਲ ਲਗਦੀਆਂ ਹੁਸੀਨ ਥਾਂਵਾਂ ਦਾ ਜ਼ਿਕਰ ਕੀਤਾ ਜਾਵੇਗਾ।
ਆਂਕਲੈਂਡ :
ਆਕਲੈਂਡ ਨਿਊਜ਼ੀਲੈਂਡ ਦੀ ਆਰਥਿਕ ਰਾਜਧਾਨੀ ਹੋਣ ਦੇ ਨਾਲ-ਨਾਲ ਇਮਾਰਤਾਂ ਤੇ ਕੁਦਰਤੀ ਨਜ਼ਾਰਿਆਂ ਪੱਖੋਂ ਸਿਰਮੌਰ ਸ਼ਹਿਰ ਗਿਣਿਆ ਜਾਂਦਾ ਹੈ, ਕਿਉਂਕਿ ਦੇ ਸ਼ਹਿਰ ਵਿੱਚ ਵੜ ਜਾਈਏ ਤਾਂ ਇਮਾਰਤਾਂ, ਖ਼ਾਸ ਕਰ ਸਕਾਈ ਟਾਵਰ, ਸੜਕਾਂ, ਪਾਰਕਾਂ, ਮਾੱਲਸ਼, ਬਿੱਗ ਬਜਾਰ, ਸਿਨੇਮਾਘਰਾਂ, ਹਰ ਅਦੁੱਤੀ ਮਾਨਵਨਿਰਮਿਤ ਚੀਜ਼ਾਂ ਨੂੰ ਦੇਖ ਕੇ ਹੱਕੇ ਬੱਕੇ ਰਹਿ ਜਾਈਦਾ ਹੈ ।
ਸਕਾਈ ਟਾਵਰ:
ਆਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ। ਸਕਾਈ ਟਾਵਰ ਸ਼ਹਿਰ ਦੇ ਵਿਚਕਾਰ 328 ਮੀਟਰ ਉੱਚਾ ਤੇ ਇਮਾਰਤਮਈ ਖ਼ੂਬਸੂਰਤ ਖੰਭਾ ਹੈ। ਇਹ ਇਮਾਰਤ ਜ਼ਿਆਦਾਤਰ ਮੋਟੇ ਅਤੇ ਮਜ਼ਬੂਤ ਕੱਚ ਦੀ ਬਣੀ ਹੈ। ਉੱਪਰ ਜਾਣ ਲਈ ਖ਼ੂਬਸੂਰਤ ਲਿਫਟ ਦਾ ਇੰਤਜ਼ਾਮ ਹੈ। ਇਸ ਉਪਰੋਂ ਪੂਰਾ ਸ਼ਹਿਰ ਨਜ਼ਰ ਆਉਂਦਾ ਹੈ। ਸੜਕਾਂ ’ਤੇ ਚਲਦੇ ਵਾਹਨ ਕੀੜੇ ਮਕੌੜੇ ਜਾਪਦੇ ਹਨ। ਸ਼ਾਮ ਦੇ ਸਮੇਂ ਨਜ਼ਾਰਾ ਹੋਰ ਜਾਦੂਮਈ ਹੋ ਜਾਂਦਾ ਹੈ, ਜਦੋਂ ਚਾਰੇ ਪਾਸੇ ਰੌਸ਼ਨੀ ਹੀ ਰੌਸ਼ਨੀ ਜਗਮਗਾਉਂਦੀ ਹੈ। ਇਸ ਅੱਗੇ ਦੀਵਾਲੀ ਦੀਆਂ ਰੌਸ਼ਨੀਆਂ ਵੀ ਫਿੱਕੀਆਂ ਲੱਗਦੀਆਂ ਹਨ। ਇਹ ਨਜ਼ਾਰਾ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦਾ। ਮਜ਼ੇ ਦੀ ਗੱਲ ਇਹ ਹੈ ਕਿ ਕੱਚ ਦੇ ਬਣੇ ਫਰਸ ’ਤੇ ਚੱਲਦਿਆਂ ਥੱਲੇ ਵੇਖਕੇ ਦਿਲ ਥੱਲੇ ਜਿਹੇ ਨੂੰ ਖਿਸਕਦਾ ਮਹਿਸੂਸ ਹੁੰਦਾ ਹੈ। ਇਸ ਟਾਵਰ ਦੇ ਅੰਦਰ ਬਹੁਤ ਸਾਰੀਆਂ ਦੁਕਾਨਾਂ ਅਤੇ ਰੈਸਟੋਰੈਂਟ ਵੀ ਹਨ। ਸ਼ੌਕੀਨ ਲੋਕ ਆਪਣੀਆਂ ਵਿਆਹ ਪਾਰਟੀਆਂ ਤੱਕ ਇਥੇ ਮਨਾਉਂਦੇ ਹਨ। ਅਸੀਂ ਆਕਲੈਂਡ ਦਾ ਨਜ਼ਾਰਾ ਵੇਖਕੇ ਗੱਦ-ਗੱਦ ਹੋ ਉੱਠੇ ਸਾਂ। ਇਨੀ ਉਚਾਈ ਤੋਂ ਦੁਨੀਆਂ ਨੂੰ ਵੇਖਣ ਦਾ ਸੁਭਾਗ ਪਹਿਲੀ ਵਾਰ ਜੋ ਹਾਸਿਲ ਹੋਇਆ ਸੀ।
ਆਕਲੈਂਡ ਅਜਾਇਬ ਘਰ:
ਅਜਾਇਬ ਘਰ ਆਕਲੈਂਡ ਦਾ ਇੱਕ ਅਦੁੱਤੀ ਸਥਾਨ ਹੈ, ਜਿਸ ਨੂੰ ਦੇਖਕੇ ਉਥੋਂ ਦੇ ਰੱਖ ਰਖਾਵ ਲਈ ਆਪ ਮੁਹਾਰੇ ਤਾਰੀਫਾਂ ਦੇ ਪੁੱਲ ਬੰਨਣ ਨੂੰ ਜੀ ਕਰਦਾ ਹੈ। ਇਹ ਸੁੰਦਰ ਇਮਾਰਤ ਤਿੰਨ ਮੰਜ਼ਿਲਾਂ ਵਿੱਚ ਤਕਸੀਮ ਹੈ। ਸਭ ਤੋਂ ਥੱਲੇ ਵਾਲ਼ੀ ਮੰਜ਼ਿਲ ਮਾਉਰੀ ਸਭਿਆਚਾਰ ’ਤੇ ਅਧਾਰਿਤ ਹੈ। ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਮਾਉਰੀ ਲੋਕ ਆਦਿਵਾਸੀ ਲੋਕ ਸਨ, ਜੋ ਕਬੀਲਿਆਂ ਵਿੱਚ ਵਿਚਰਦੇ ਸਨ। ਸੋ ਇਨ੍ਹਾਂ ਕਬੀਲਿਆਂ ਦੇ ਮੋਢੀ, ਸਰਦਾਰ ਜਾਂ ਰਾਜੇ ਹੋਇਆ ਕਰਦੇ ਸਨ। ਇਸ ਮੰਜ਼ਿਲ ’ਤੇ ਰਾਜਿਆਂ, ਸਰਦਾਰਾਂ ਤੇ ਆਮ ਲੋਕਾਂ ਦੇ ਕੱਪੜੇ, ਗਹਿਣੇ, ਹਥਿਆਰ, ਬਰਤਨ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਮਿਲਦੀਆਂ ਹਨ।
ਇਥੇ ਪਹੁੰਚ ਕੇ ਮੈਨੂੰ ਦੋ ਚੀਜਾਂ ਮਹਿਸੂਸ ਹੋਈਆਂ, ਉਹ ਇਹ ਕਿ ਮਉਂਰੀ ਸੱਭਿਆਚਾਰ ਵੀ ਆਪਣੇ ਪੁਰਾਤਨ ਭਾਰਤੀ ਸੱਭਿਆਚਾਰ ਨਾਲ ਮੇਲ ਖਾਂਦਾ ਸੀ ਤੇ ਦੂਸਰਾ ਇੰਝ ਲੱਗਿਆ ਜਿਵੇਂ ਮੈਂ ਉਸ ਕਬੀਲਿਆਂ ਵਾਲੇ ਯੁਗ ਦਾ ਹਿੱਸਾ ਹੋਵਾਂ। ਵੱਡੇ-ਵੱਡੇ ਬਰਛਿਆਂ ਵਰਗੇ ਹਥਿਆਰ ਤੇ ਵੱਡੇ-ਵੱਡੇ ਕੜਾਹੇ ਸਾਨੂੰ ਪੂਰੀ ਤਰ੍ਹਾਂ ਉਸ ਕਬੀਲਿਆਂ ਤੇ ਸ਼ਿਕਾਰ ਕਰਨ ਵਾਲਿਆਂ ਦਾ ਅਹਿਸਾਸ ਦਿਵਾ ਰਹੇ ਸਨ। ਇੱਥੇ ਇੱਕ ਵਿਲੱਖਣ ਗੱਲ ਦੇਖਣ ਨੂੰ ਮਿਲੀ ਕਿ ਇਥੇ ਇੱਕ ਮੰਦਰ ਨੁਮਾ ਇਮਾਰਤ ਸੰਭਾਲੀ ਹੋਈ ਸੀ, ਜਿਹੜਾ ਕਿ ਰਾਜੇ ਦਾ ਨਿਵਾਸ ਸਥਾਨ ਸੀ।
ਇਥੋਂ ਤ੍ਰਿਪਤ ਹੋ ਕੇ ਅਸੀਂ ਦੂਜੀ ਮੰਜ਼ਿਲ ਵੱਲ ਵਧੇ। ਇਹ ਤਲ ਨਿਊਜ਼ੀਲੈਂਡ ਦੇ ਹੋਂਦ ਵਿੱਚ ਆਉਣ ਨੂੰ ਦਰਸਾਉਂਦਾ ਹੈ। ਇਥੇ ਪਹੁੰਚ ਕੇ ਪਤਾ ਲੱਗਿਆ ਕਿ ਇਹ ਦੇਸ਼ ਸਿਰਫ਼ ਛੇ ਸੌ ਸਾਲ ਪਹਿਲਾਂ ਹੀ ਹੋਂਦ ਵਿੱਚ ਆਇਆ ਹੈ। ਕੁਝ ਕੁਦਰਤੀ ਪ੍ਰਕਿਰਿਆਵਾਂ ਜਿਵੇਂ ਭੂਚਾਲ, ਜਵਾਲਾ ਮੁਖੀ ਤੇ ਬਹੁਤ ਸ਼ਕਤੀਸ਼ਾਲੀ ਵਾਵਰੋਲਿਆਂ ਦੇ ਕਾਰਨ ਇਥੇ ਦੇ ਧਰਾਤਲ ਦੀ ਅਜੋਕੀ ਬਣਤਰ ਬਣੀ ਹੈ। ਇਹ ਸਭ ਕੁਝ ਬੜੇ ਕਰੀਨੇ ਨਾਲ ਸੰਜੋਇਆ ਗਿਆ ਹੈ, ਤਾਂਕਿ ਲੋਕ ਹਰੇਕ ਚੀਜ਼ ਦਾ ਪੂਰਾ ਅਨੰਦ ਲੈ ਸਕਣ। ਤੀਸਰੀ ਮੰਜ਼ਿਲ ਦੂਸਰੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਨਾਲ ਸਜਾਈ ਗਈ ਸੀ।ਇਥੇ ਟੈਂਕ , ਤੋਪਾਂ, ਹੱਥ ਗੋਲੇ ਤੇ ਬਹੁਤ ਦੂਰ ਤੱਕ ਮਾਰ ਕਰਨ ਵਾਲੇ ਹਥਿਆਰਾਂ ਦਾ ਜ਼ਖ਼ੀਰਾ ਸੰਭਾਲਿਆ ਹੋਇਆ ਹੈ।
ਚਿੜਿਆਂ ਘਰ:
ਇਹ ਵੀ ਸਿਟੀ ਸੈਂਟਰ ਵਿੱਚ ਸਥਿਤ ਹੈ। ਲੱਗਭੱਗ ਦਸ ਕਿਲੋਮੀਟਰ ਵਿੱਚ ਫੈਲੇ ਇਸ ਪਾਰਕ ਵਿੱਚ ਆ ਕੇ ਲੱਗਦਾ ਇੰਝ ਜਿਵੇਂ ਚਿੜੀਆ ਘਰ ਦੇ ਨਾਲ-ਨਾਲ ਕਿਸੇ ਪਿਕਨਿਕ ’ਤੇ ਆਏ ਹਾਂ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆ ਰਹੀ ਸੀ। ਰੰਗ ਬਰੰਗੀਆਂ ਚਿੜੀਆਂ, ਹਰੇ, ਲਾਲ, ਨੀਲੇ ਤੋਤਿਆਂ ਤੋਂ ਲੈਕੇ ਬਿਲੀਆਂ, ਚੂਹਿਆਂ ਕਬੂਤਰਾਂ, ਖ਼ਰਗੋਸ਼ਾਂ ਹਾਥੀਆ, ਦਰਿਆਈ ਘੋੜਿਆਂ, ਤੇ ਰਾਇਨੋ ਜਿਹੀਆਂ ਵੱਖ-ਵੱਖ ਪ੍ਰਜਾਤੀਆਂ ਤੇ ਉਨ੍ਹਾਂ ਦੇ ਆਲੀਸ਼ਾਨ ਰੱਖ ਰਖਾਅ ਨੂੰ ਵੇਖਕੇ ਸਾਡੀ ਸਾਰੀ ਥਕਾਨ ਹਵਾ ਹੋ ਗਈ ਸੀ। ਹੁਣ ਸ਼ਾਮ ਪੈ ਜਾਣ ਕਾਰਣ ਅਗਲਾ ਪ੍ਰੋਗਰਾਮ ਅਗਲੇ ਦਿਨ ’ਤੇ ਛੱਡਣਾ ਪਿਆ।
ਕੈਲੀ ਟਾਰਟਨ:
ਇਹ ਇੱਕ ਬਹੁਤ ਵੱਡਾ ਧਰਤੀ ਹੇਠਾਂ ਬਣਿਆ ਇਕਵੇਰਿਅਮ ਹੈ। ਟਿਕਟ ਲੈਕੇ ਅੰਦਰ ਵੜਦਿਆਂ ਸਾਰ ਅਸੀਂ ਇੱਕ ਸੁਰੰਗ ਵਿੱਚ ਦਾਖਿਲ ਹੁੰਦੇ ਹਾਂ। ਇਹ ਰੋਮਾਂਚਿਤ ਕਰ ਦੇਣ ਵਾਲੀ ਸੁਰੰਗ ਖੁੱਲੀ ਡੁੱਲੀ ਤੇ ਸੱਤ ਅੱਠ ਫੁਟ ਉੱਚੀ ਸੀ, ਜਿਸ ਵਿੱਚ ਅਸੀਂ ਖੁੱਲੇ ਡੁੱਲੇ ਤੁਰਕੇ ਨਜ਼ਾਰਾ ਦੇਖ ਸਕਦੇ ਸੀ। ਸਭ ਤੋਂ ਰੋਮਾਂਚਿਤ ਕਰਨ ਵਾਲਾ ਦ੍ਰਿਸ਼ ਉਹ ਸੀ, ਜਦੋਂ ਸਾਡੇ ਤਿੰਨਾਂ ਪਾਸਿਆਂ ਤੇ ਇਕਵੇਰੀਅ ਸੀ ਅਤੇ ਉਸ ਵਿੱਚ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਮੱਛੀ ਤਰ ਰਹੀ ਸੀ। ਬੱਚੇ ਕਿਲਕਾਰੀਆਂ ਮਾਰ ਰਹੇ ਸਨ। ਉਸ ਤੋਂ ਅੱਗੇ ਪੈਂਗੁਇਨਜ ਦੇਖੀਆਂ ਤੇ ਵਾਪਸੀ ਕੀਤੀ। ਸਿਟੀ ਸੈਂਟਰ ਵਿੱਚੋਂ ਗੁਜਰਦੇ ਹੋਏ ਓਟੀਆਂ ਸਕੇਅਰ, ਜੋ ਤਿਉਹਾਰ ਆਦਿ ਸਮੇਂ ਇਕੱਠ ਕਰਨ ਲਈ ਬਣਾਈ ਗਈ ਖੁੱਲ੍ਹੀ ਥਾਂ ਹੈ, ਦਾ ਵੀ ਨਜ਼ਾਰਾ ਲਿਆ।
ਕਿਵੀ ਵੈਲੀ:
ਅਗਲੇ ਦਿਨ ਸਵੇਰੇ ਹੀ ਅਸੀਂ ਅਗਲੀ ਮੰਜ਼ਿਲ ਵੱਲ ਵਧੇ, ਕਿਉਂਕਿ ਬਹੁਤ ਸਾਰੀਆਂ ਥਾਵਾਂ ਦਾ ਨਜ਼ਾਰਾ ਅਜੇ ਬਾਕੀ ਸੀ। ਪੂਰਾ ਸ਼ਹਿਰ ਚਾਰ ਭਾਗਾਂ ਵਿੱਚ ਵੰਡਿਆ ਹੋਣ ਕਾਰਣ, ਇਹ ਇਲਾਕਾ ਪੱਛਮ ਵਿੱਚ ਆਉਂਦਾ ਹੈ। ਏਥੇ ਦੀਆਂ ਹਰੀਆਂ ਭਰੀਆਂ ਵਾਦੀਆਂ, ਹਰੇ ਕਚੂਰ ਉੱਤੇ ਲੰਮੇ ਦਰੱਖ਼ਤ, ਖੁੱਲ੍ਹੀਆਂ-ਖੁੱਲ੍ਹੀਆਂ ਚਰਾਗਾਹਾਂ ਇਨ੍ਹਾਂ ਵਿੱਚ ਸੱਪ ਵਾਂਗ ਵੱਲ ਖਾਂਦੀਆਂ ਸੜਕਾਂ ਕਿਸੇ ਅਣਦੇਖੇ ਸਵਰਗ ਨਾਲੋਂ ਘੱਟ ਨਹੀਂ ਸਨ। ਪੰਜ-ਛੇ ਕਿਲੋਮੀਟਰ ਦੀ ਦੂਰੀ ’ਤੇ ਖੱਬੇ ਹੱਥ ਕਿਵੀ ਵੈਲੀ ਦਾ ਬੋਰਡ ਲੱਗਿਆ ਸੀ। ਅਸੀਂ ਕਾਰ ਉਧਰ ਮੋੜ ਲਈ। ਦਾਖਿਲ ਹੁੰਦਿਆਂ ਹੀ ਖੁੱਲ੍ਹੀ ਪਾਰਕਿੰਗ, ਆਲੇ-ਦੁਆਲੇ ਦੀ ਹਰਿਆਲੀ ਤੇ ਮਨਮੋਹਣੀਆਂ ਘਾਟੀਆਂ ਨੇ ਕੁਝ ਪਲਾਂ ਲਈ ਸਾਨੂੰ ਉਥੇਹੀ ਬੰਨ ਲਿਆ। ਟਿਕਟ ਲੈਕੇ ਸਵਾਗਤ ਦਵਾਰ ਤੋਂ ਚੰਦ ਕੁ ਕਦਮਾਂ ’ਤੇ ਖ਼ੂਬਸੂਰਤ ਖ਼ਰਗੋਸ਼ਾਂ ਨੂੰ ਗੋਦੀ ’ਚ ਫੜਨ ਦਾ ਤੇ ਇੱਕ ਗੋਲਡਨ ਰਿਟਰੀਵਰ ਨੂੰ ਲਾਡ ਕਰਨ ਦਾ ਮੌਕਾ ਮਿਲਿਆ। ਇਵੇਂ ਲੱਗਿਆ ਜਿਵੇਂ ਚਿਰਾਂ ਦੀ ਹਸਰਤ ਪੂਰੀ ਹੋਈ ਹੋਵੇ। ਇਸਤੋਂ ਅੱਗੇ ਵਧੇ ਤਾਂ ਭੇਡਾਂ, ਬੱਕਰੀਆਂ, ਮੁਰਗੀਆਂ, ਬੱਤਖਾਂ, ਤਰਾਂ-ਤਰਾਂ ਦੇ ਪੰਛੀ, ਜਿਵੇਂ ਪੈਲਾਂ ਪਾਉਂਦੇ ਮੋਰ, ਰੰਗ ਬਰੰਗੀਆਂ ਚਿੜੀਆਂ ਤੇ ਤੋਤਿਆਂ ਨੂੰ ਖਾਣਾ ਖੁਆਉਂਦੇ ਅੱਗੇ ਵਧੇ ਤਾਂ ਇੱਕ ਟਰੈਕਟਰ, ਟਰਾਲੀ ਸਮੇਤ ਸਾਡਾ ਇੰਤਜ਼ਾਰ ਕਰ ਰਿਹਾ ਸੀ, ਜਿਸਨੇ ਕਿ ਸਾਨੂੰ ਇਸ ਖ਼ੂਬਸੂਰਤ ਵਾਦੀ ਦੀ ਸੈਰ ਕਰਵਾਉਣੀ ਸੀ। ਦੱਸਣਯੋਗ ਹੈ ਕਿ ਉਚੇ ਨੀਵੇਂ ਤੇ ਕੱਚੇ ਰਸਤੇ ’ਤੇ ਚੱਲਣ ਵਾਲੇ ਇਸ ਟਰੈਕਟਰ ਦੀ ਡਰਾਇਵਰ ਇੱਕ ਕੁੜੀ ਸੀ। ਇਸ ਟਰੈਕਟਰ ਵਿੱਚ ਤੀਹ ਦੇ ਲੱਗਭੱਗ ਵੱਖ-ਵੱਖ ਦੇਸ਼ਾਂ ਦੇ ਲੋਕ ਆਪਣੇ ਬੱਚਿਆਂ ਸਮੇਤ ਬੈਠੇ ਸਨ ਅਤੇ ਸਾਰੇ ਹੀ ਇੱਕ ਦੂਸਰੇ ਨਾਲ ਖੁੱਲ੍ਹ ਕੇ ਹੱਸਦੇ ਖੇਡਦੇ ਗੱਲਾਂ ਕਰ ਰਹੇ ਸਨ। ਵਾਦੀ ਦੇ ਨਜ਼ਾਰੇ ’ਤੇ ਇੱਕ ਘੋੜੇ ਦੀ ਖ਼ਾਸ ਹਿਨਹਿਨਾਹਟ ਨੇ ਰੰਗ ਬੰਨ ਕੇ ਸਭ ਨੂੰ ਖੂਬ ਹਸਾਇਆ ਤੇ ਇਥੇ ਹੀ ਕਿਵੀ ਵੈਲੀ ਯਾਤਰਾ ਸਮਾਪਤ ਹੋਈ।
ਕ੍ਰਿਸਟਲ ਮਾਉਂਨਟੇਨ:
ਕਿਵੀ ਵੈਲੀ ਤੋਂ ਕੁਝ ਕੁ ਕਿਲੋਮੀਟਰ ’ਤੇ ਘਣੇ ਜੰਗਲਾਂ ਵਿੱਚ ਦੀ ਲੰਘਦੀ ਸੜਦੇ ਸੱਜੇ ਹੱਥ ਇੱਕ ਅਜਾਇਬਘਰ ਵਰਗੀ ਖ਼ੂਬਸੂਰਤ ਇਮਾਰਤ ਵਿੱਚ ਤਰਾਂ-ਤਰਾਂ ਦੇ ਆਲੀਸ਼ਾਨ ਪੱਥਰ ਮੌਜੂਦ ਸਨ। ਕਈ ਤਾਂ ਬਿਲਕੁਲ ਸ਼ੀਸ਼ੇ ਵਰਗੇ ’ਤੇ ਆਦਮ ਕੱਦ ਦੇ ਬਰਾਬਰ ਸਨ। ਕਈਆਂ ਦੇ ਆਕਾਰ ਤੇ ਦਿੱਖ ਅਤਿਅੰਤ ਹੀ ਮਨਮੋਹਕ ਸੀ। ਇਥੋਂ ਨਿੱਕਲ ਕੇ ਇਸਦੇ ਨਾਲ ਲੱਗਦੇ ਛੋਟੇ ਜਿਹੇ ਚਿੜਿਆਘਰ ਦਾ ਨਜ਼ਾਰਾ ਲੈ ਕੇ ਅਸੀਂ ਅੱਗੇ ਵਧ ਗਏ।
ਕਾਬੁਲ 'ਚ ਖ਼ਤਰੇ ਦੇ ਬਾਵਜੂਦ ਆਸਟ੍ਰੇਲੀਆ ਨੇ 1000 ਦੇ ਕਰੀਬ ਲੋਕਾਂ ਨੂੰ ਕੱਢਿਆ ਸੁਰੱਖਿਅਤ
NEXT STORY