ਪਟਿਆਲਾ, (ਜੋਸਨ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਗਜ਼ਾਮੀਨੇਸ਼ਨ ਬਰਾਂਚ ਦਾ ਕੰਟਰੋਲਰ ਲੱਗਣ ਲਈ ਅੱਧੀ ਦਰਜਨ ਤੋਂ ਵੱਧ ਦਾਅਵੇਦਾਰ ਆਪੋ-ਆਪਣੇ ਸਿਆਸੀ ਪ੍ਰਭੂਆਂ ਦੀ ਸ਼ਰਨ ਵਿਚ ਪਹੁੰਚ ਕਰ ਕੇ ਵਾਈਸ ਚਾਂਸਲਰ 'ਤੇ ਪ੍ਰੈਸ਼ਰ ਬਣਾ ਰਹੇ ਹਨ। ਉਧਰੋਂ ਵਾਈਸ ਚਾਂਸਲਰ ਡਾ. ਬੀ. ਐੈੱਸ. ਘੁੰਮਣ ਇਸ ਮਾਮਲੇ 'ਤੇ ਪੂਰੀ ਤਰ੍ਹਾਂ ਸਖਤ ਹਨ। ਚਾਹੁੰਦੇ ਹਨ ਕਿ ਈਮਾਨਦਾਰੀ ਨਾਲ ਬਿਨਾਂ ਕਿਸੇ ਸਿਆਸੀ ਪ੍ਰੈਸ਼ਰ ਦੇ ਇਕ ਚੰਗਾ ਕੰਟਰੋਲਰ ਲਾਇਆ ਜਾਵੇ ਤਾਂ ਜੋ ਪੀ. ਯੂ. ਦੇ ਦਿਲ ਵਜੋਂ ਜਾਣੀ ਜਾਂਦੀ ਐਗਜ਼ਾਮੀਨੇਸ਼ਨ ਬਰਾਂਚ ਬਿਨਾਂ ਕਿਸੇ ਰੁਕਾਵਟ ਦੇ ਚਲਦੀ ਨਜ਼ਰ ਆਵੇ। ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਵਿਦਿਆਰਥੀਆਂ ਦੀ ਹੋ ਰਹੀ ਮਾੜੀ ਦਸ਼ਾ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ ਤੇ ਇਸ ਤੋਂ ਬਾਅਦ ਵੀ. ਸੀ. ਇਸ ਮਾਮਲੇ 'ਤੇ ਪੂਰੇ ਗੰਭੀਰ ਹੋਏ ਪਏ ਹਨ।
ਪੰਜਾਬੀ ਯੂਨੀਵਰਸਿਟੀ ਵਿਚ ਅਹਿਮ ਪੋਸਟਾਂ ਲਈ ਹਮੇਸ਼ਾ ਮਾਰੋ-ਮਾਰੀ ਹੁੰਦੀ ਹੈ ਤੇ ਯੂਨੀਵਰਸਿਟੀ ਵਿਚ ਅਧਿਆਪਕਾਂ ਦੇ ਕਈ ਗਰੁੱਪ ਹਮੇਸ਼ਾ ਹੀ ਆਪਣੇ ਆਪਣੇ ਧੜੇ ਦਾ ਪ੍ਰੋਫੈਸਰ ਇਨ੍ਹਾਂ ਪੋਸਟਾਂ 'ਤੇ ਐਡਜਸਟ ਕਰਾਉਣਾ ਚਾਹੁੰਦੇ ਹਨ। ਅਕਾਲੀ ਸਰਕਾਰ ਵੇਲੇ ਡਾ. ਪਵਨ ਸਿੰਗਲਾ ਪ੍ਰਿੰਸੀਪਲ ਕੇਡਰ 'ਚੋਂ ਆਏ ਸਨ। ਉਨ੍ਹਾਂ ਨੂੰ ਅਕਾਦਮਿਕ ਸਮੇਤ ਕਾਲਜਾਂ ਨੂੰ ਚਲਾਉਣ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਲੰਮਾ ਤਜਰਬਾ ਹੈ। ਇਹੀ ਕਾਰਨ ਰਿਹਾ ਹੈ ਕਿ ਉਹ ਲੰਮਾ ਸਮਾਂ ਕੰਟਰੋਲਰ ਦੇ ਅਹੁਦੇ 'ਤੇ ਟਿਕੇ ਰਹੇ ਤੇ ਉਨ੍ਹਾਂ ਨੇ ਐਗਜ਼ਾਮੀਨੇਸ਼ਨ ਬਰਾਂਚ ਵਿਚ ਲਾ-ਮਿਸਾਲ ਸੁਧਾਰ ਕੀਤੇ। ਉਨ੍ਹਾਂ ਤੋਂ ਬਾਅਦ ਡਾਕਟਰ ਸਿੱਧੂ ਨੇ ਵੀ ਕਦੇ ਵਿਦਿਆਰਥੀਆਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਪਰ ਹੁਣ ਇਹ ਬਰਾਂਚ ਤੇ ਕੰਮ ਤੋਂ ਵਿਦਿਆਰਥੀ ਪਰੇਸ਼ਾਨ ਹਨ। ਪਿਛਲੇ ਦਿਨਾਂ ਤੋ ਹੀ ਵਾਈਸ ਚਾਂਸਲਰ ਆਪ ਇਸ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ।
ਕੰਟੋਰਲਰ ਲੱਗਣ ਲਈ ਰੂਲ ਹਨ ਪੂਰੇ ਸਖਤ
ਪੰਜਾਬੀ ਯੂਨੀਵਰਸਿਟੀ ਦਾ ਕੰਟੋਰਲਰ ਲੱਗਣ ਲਈ ਰੂਲ ਐਂਡ ਰੈਗੂਲੇਸ਼ਨ ਕਾਫੀ ਸਖਤ ਹਨ। ਜੇਕਰ ਰੂਲਾਂ ਮੁਤਾਬਕ ਕੰਟਰੋਲਰ ਲਾਇਆ ਜਾਵੇ ਤਾਂ ਉਹ ਇਸ ਬਰਾਂਚ ਨੂੰ ਚੰਗੀ ਤਰਾਂ ਸੰਭਾਲ ਸਕਦਾ ਹੈ। ਗੈਰ-ਅਕਾਦਮਿਕ ਤਜਰਬੇ ਵਾਲੀ ਸ਼ਖਸੀਅਤ ਤਾਂ ਇਸ ਬਰਾਂਚ ਦਾ ਨੁਕਸਾਨ ਵੀ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਕੰਟੋਰਲਰ ਲੱਗਣ ਲਈ ਘੱਟੋ-ਘੱਟ 15 ਸਾਲ ਦਾ ਬਤੌਰ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦਾ ਤੇ ਅਕਾਦਮਿਕ ਤਜਰਬਾ ਚਾਹੀਦਾ ਹੈ। ਇਸ ਦੇ ਨਾਲ ਹੀ ਦਾਅਵੇਦਾਰ ਨੂੰ ਹਰ ਤਰਾਂ ਕਾਲਜਾਂ ਨਾਲ ਸਬੰਧਤ ਸਮਝ ਵੀ ਜ਼ਰੂਰੀ ਚਾਹੀਦੀ ਹੈ। ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਪਤਾ ਹੋਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਵਾਈਸ ਚਾਂਸਲਰ ਕੋਲ ਪਹੁੰਚ ਕਰਨ ਵਾਲੇ ਕਈ ਦਾਅਵੇਦਾਰ ਤਾਂ ਇਸ ਤਜਰਬੇ ਤੋਂ ਵਾਂਝੇ ਹੀ ਜਾਪਦੇ ਹਨ।
272 ਕਾਲਜਾਂ ਤੇ 5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਸੰਭਾਲ ਇਸ ਬਰਾਂਚ ਦੇ ਜ਼ਿੰਮੇ
ਪੀ. ਯੂ. ਦੀ ਕੰਟੋਰਲਰ ਬਰਾਂਚ ਨਾਲ ਪੰਜਾਬ ਦੇ 272 ਤੋਂ ਵੱਧ ਕਾਲਜ ਜੁੜੇ ਹੋਏ ਹਨ। ਹਰ ਸੈਸ਼ਨ ਵਿਚ 5 ਲੱਖ ਤੋਂ ਵੱਧ ਵਿਦਿਆਰਥੀ 500 ਤੋਂ ਵੱਧ ਕੋਰਸਾਂ ਦੇ ਪੇਪਰ ਦਿੰਦੇ ਹਨ। ਇੰਝ ਕਹਿ ਲਵੋ ਕਿ ਇਹ ਬਰਾਂਚ ਸਿੱਧੇ ਤੌਰ 'ਤੇ ਵਿਦਿਆਰਥੀਆਂ ਦੇ ਹਿਤਾਂ ਦੀ ਪੈਰਵੀ ਕਰਦੀ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਦੇ ਪੇਪਰ ਲੈਣ ਤੋਂ ਲੈ ਕੇ ਨਤੀਜੇ ਕੱਢਣ ਤੱਕ ਦੀ ਜ਼ਿੰਮੇਵਾਰੀ ਇਸ ਬਰਾਂਚ ਦੀ ਹੀ ਹੈ।
ਸਿਆਸੀ ਪੈਸ਼ਰ ਕਾਰਨ ਫੈਸਲਾ ਲੈਣ 'ਚ ਹੋ ਰਹੀ ਦੇਰੀ
ਪੰਜਾਬੀ ਯੂਨੀਵਰਸਿਟੀ ਦਾ ਕੰਟਰੋਲਰ ਲੱਗਣ ਲਈ ਵਾਈਸ ਚਾਂਸਲਰ ਡਾ. ਬੀ. ਐੈੱਸ. ਘੁੰਮਣ 'ਤੇ ਜ਼ਬਰਦਸਤ ਸਿਆਸੀ ਤੇ ਅਧਿਆਪਕ ਗਰੁੱਪਾਂ ਦਾ ਪ੍ਰੈਸ਼ਰ ਹੈ। ਲੰਘੇ ਸ਼ੁਕਰਵਾਰ ਇਸ ਗੱਲ ਦਾ ਬੇਹੱਦ ਰੌਲਾ ਪਿਆ ਰਿਹਾ ਕਿ ਅੱਜ ਸ਼ਾਮ ਤੱਕ ਨਵੇਂ ਕੰਟੋਰਲਰ ਦੇ ਆਰਡਰ ਹੋ ਰਹੇ ਹਨ ਪਰ ਹੋ ਨਹੀਂ ਸਕੇ। ਯੂਨੀਵਰਸਿਟੀ ਦੇ ਗਲਿਆਰੀਆਂ ਵਿਚ ਹੁਣ ਇਸ ਬਰਾਂਚ ਦੀ ਚਰਚਾ ਬੇਹੱਦ ਤੇਜ਼ ਹੈ। ਇਸ ਸਭ ਦੇ ਬਾਵਜੂਦ ਡਾ. ਘੁੰਮਣ ਇਕ ਸੁਲਝੇ ਹੋਏ ਵਿਦਵਾਨ ਦੀ ਭਾਲ ਕਰ ਰਹੇ ਹਨ।
ਆਂਗਣਵਾੜੀ ਵਰਕਰਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
NEXT STORY