ਤਰਨਤਾਰਨ, (ਰਮਨ) -ਮਰੀਜ਼ਾਂ ਨੂੰ ਐਮਰਜੈਂਸੀ ਹਾਲਤ 'ਚ ਤੁਰੰਤ ਹਸਪਤਾਲ ਪਹੁੰਚਾਉਣ ਵਾਲੀਆਂ 108 ਐਂਬੂਲੈਂਸਾਂ ਖੁਦ ਬੀਮਾਰ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਖੁਦ ਇਲਾਜ ਦੀ ਲੋੜ ਨਜ਼ਰ ਆ ਰਹੀ ਹੈ। ਇਨ੍ਹਾਂ ਕੰਡਮ ਹੋ ਚੁੱਕੀਆਂ ਐਂਬੂਲੈਂਸਾਂ ਦੀ ਮਾੜੀ ਹਾਲਤ ਨੂੰ ਵੇਖ ਹੁਣ ਮਰੀਜ਼ ਵੀ ਇਸ 'ਚ ਸਫਰ ਕਰਨ ਤੋਂ ਤੌਬਾ ਕਰਨ ਲੱਗ ਪਏ ਹਨ। ਜ਼ਿਲਾ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਐਂਬੂਲੈਂਸਾਂ ਨੂੰ ਬੰਦ ਕਰ ਕੇ ਨਵੀਆਂ ਐਂਬੂਲੈਂਸਾਂ ਚਲਾਈਆਂ ਜਾਣ। ਜ਼ਿਕਰਯੋਗ ਹੈ ਇਨ੍ਹਾਂ ਐਂਬੂਲੈਂਸਾਂ 'ਚ ਮਰੀਜ਼ ਰੱਬ ਭਰੋਸੇ ਹੀ ਸਫਰ ਕਰ ਰਹੇ ਹਨ।
ਝਟਕੇ ਮਾਰਦੀਆਂ ਹਨ ਐਂਬੂਲੈਂਸਾਂ
ਇਨ੍ਹਾਂ ਐਂਬੂਲੈਂਸਾਂ ਦੀਆਂ ਸਸਪੈਸ਼ਨਾਂ ਅਤੇ ਸ਼ਾਕਰ, ਕਮਾਨੀਆਂ ਸਹੀ ਕੰਮ ਨਹੀਂ ਕਰ ਰਹੀਆਂ, ਜਿਸ ਕਾਰਨ ਇਸ ਵਿਚ ਸਫਰ ਕਰਨ ਵਾਲੇ ਮਰੀਜ਼ ਝਟਕੇ ਨੂੰ ਸਹਾਰਦੇ ਹੋਏ ਸਫਰ ਕਰਨ ਲਈ ਮਜਬੂਰ ਹਨ।
60 ਤੋਂ ਵੱਧ ਸਪੀਡ ਨਾਲ ਨਹੀਂ ਚੱਲਦੀਆਂ ਗੱਡੀਆਂ
ਐਮਰਜੈਂਸੀ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਮੈਡੀਕਲ ਸਹੂਲਤ ਦੇਣ ਲਈ ਐਂਬੂਲੈਂਸ ਦਾ ਸਹਾਰਾ ਲਿਆ ਜਾਂਦਾ ਹੈ ਪਰ ਅੱਜ ਦੇ ਨਵੀਂ ਤਕਨੀਕ ਦੇ ਯੁੱਗ ਵਿਚ ਇਹ 108 ਐਂਬੂਲੈਂਸਾਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੋਂ ਵੱਧ ਨਹੀਂ ਚੱਲਦੀਆਂ, ਜਿਸ ਨਾਲ ਕਈ ਵਾਰ ਮਰੀਜ਼ ਦਾ ਇਲਾਜ ਦੇਰੀ ਨਾਲ ਹੋਣ ਕਾਰਨ ਉਸ ਦੀ ਜਾਨ ਵੀ ਜਾ ਸਕਦੀ ਹੈ।
ਸਮੇਂ 'ਤੇ ਨਹੀਂ ਹੁੰਦੀ ਸਰਵਿਸ
ਇਨ੍ਹਾਂ ਐਂਬੂਲੈਂਸਾਂ ਜੋ ਕਰੀਬ 5 ਲੱਖ ਕਿਲੋਮੀਟਰ ਚੱਲ ਚੁੱਕੀਆਂ ਹਨ, ਜਿਨ੍ਹਾਂ ਦੀ ਕਦੇ ਵੀ ਸਰਵਿਸ ਵਿਭਾਗ ਦੇ ਪ੍ਰਬੰਧਕਾਂ ਵੱਲੋਂ ਸਮੇਂ 'ਤੇ ਨਹੀਂ ਕਰਵਾਈ ਜਾਂਦੀ। ਗੱਡੀਆਂ ਦੀ ਸਰਵਿਸ ਜਿਥੇ 15 ਹਜ਼ਾਰ ਕਿਲੋਮੀਟਰ ਸਫਰ ਤੈਅ ਕਰਨ ਤੋਂ ਬਾਅਦ ਕਰਨੀ ਹੁੰਦੀ ਹੈ, ਇਥੇ ਇਨ੍ਹਾਂ ਦੀ ਸਰਵਿਸ 40 ਹਜ਼ਾਰ ਕਿਲੋਮੀਟਰ ਤੋਂ ਬਾਅਦ ਕੀਤੀ ਜਾਂਦੀ ਹੈ।
ਦੇਰੀ ਨਾਲ ਕਿਸੇ ਮਰੀਜ਼ ਦੀ ਜਾ ਸਕਦੀ ਹੈ ਜਾਨ
ਸ਼ਹਿਰ ਵਾਸੀ ਜਿਨ੍ਹਾਂ 'ਚ ਮਨਿੰਦਰਪਾਲ ਸਿੰਘ ਪਲਾਸੌਰ, ਰਾਜੇਸ਼ ਸ਼ਰਮਾ, ਕਮਲ ਬਾਂਸਲ, ਐਡਵੋਕੇਟ ਵਿਸ਼ਾਲ ਭਾਰਦਵਾਜ, ਜਸਬੀਰ ਸਿੰਘ ਠੇਕੇਦਾਰ, ਅਵਿਨਾਸ਼ ਗੁਪਤਾ, ਪ੍ਰਤਾਪ ਸਿੰਘ ਤੇ ਜੈਦੀਪ ਸਿੰਘ ਆਦਿ ਨੇ ਦੱਸਿਆ ਕਿ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਵਰਦਾਨ ਸਾਬਤ ਹੁੰਦੀ ਹੈ ਪਰ ਖਸਤਾ ਹਾਲ ਐਂਬੂਲੈਂਸ 'ਚ ਸਫਰ ਕਰਨ ਨਾਲ ਕਿਸੇ ਮਰੀਜ਼ ਦੀ ਹਸਪਤਾਲ ਵਿਚ ਦੇਰੀ ਨਾਲ ਪਹੁੰਚਣ ਕਾਰਨ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਮਸਲਾ ਹੈ, ਜਿਥੇ ਮਰੀਜ਼ ਨੂੰ ਇਲਾਜ ਲਈ ਲਿਜਾਣ ਵਾਲੀ 108 ਐਂਬੂਲੈਂਸਾਂ ਕਮਜ਼ੋਰ ਬਰੇਕਾਂ ਅਤੇ ਕੰਡਮ ਹੋ ਚੁੱਕੇ ਟਾਇਰਾਂ ਦੇ ਸਹਾਰੇ ਚੱਲ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਇਨ੍ਹਾਂ ਐਂਬੂਲੈਂਸਾਂ ਨੂੰ ਬੰਦ ਕਰ ਕੇ ਨਵੀਆਂ ਚਲਾਈਆਂ ਜਾਣ।
ਐਂਬੂਲੈਂਸਾਂ ਦੀ ਹਾਲਤ ਹੋਈ ਕੰਡਮ
ਸਾਲ 2011 'ਚ ਜ਼ਿਲੇ ਦੇ ਮਰੀਜ਼ਾਂ ਦੀ ਸੇਵਾ 'ਚ ਹਾਜ਼ਰ ਹੋਈਆਂ 10 ਐਂਬੂਲੈਂਸਾਂ ਦੀ ਹਾਲਤ ਖਰਾਬ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਗੱਡੀਆਂ ਦੇ ਟਾਈਰ ਕੰਡਮ ਹੋ ਚੁੱਕੇ ਹਨ ਅਤੇ ਇਨ੍ਹਾਂ 'ਚ ਵਾਧੂ ਟਾਇਰ ਤੇ ਜੈੱਕ ਵੀ ਮੌਜੂਦ ਨਹੀਂ ਹੈ।
ਮਰੀਜ਼ ਦੀ ਸਹੂਲਤ ਲਈ ਗੱਡੀ ਅੰਦਰ ਲੱਗੇ ਆਕਸੀਜਨ ਸਿਲੰਡਰ ਤਾਂ ਮੌਜੂਦ ਹਨ ਪਰ ਇਨ੍ਹਾਂ ਦੀਆਂ ਪਾਈਪਾਂ ਦੀ ਮਾੜੀ ਹਾਲਤ ਹੋ ਚੁੱਕੀ ਹੈ। ਸਟੇਅਰਿੰਗ 'ਚੋਂ ਤੇਲ ਲੀਕ ਕਰ ਰਿਹਾ ਹੈ ਜੋ ਕਈ ਵਾਰੀ ਹਾਦਸੇ ਦਾ ਕਾਰਨ ਬਣ ਚੁੱਕਾ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਦੀਆਂ ਚੈਸੀਆਂ ਵੀ ਗਲ-ਸੜ ਕੇ ਖਰਾਬ ਹੋ ਗਈਆਂ ਹਨ। ਬਰੇਕਾਂ ਘੱਟ ਲੱਗਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ।
ਸੁੰਗੜਦੀ ਸੁਖਨਾ 56 %ਤਕ ਘਟੀ ਝੀਲ ਦੀ ਸਮਰੱਥਾ
NEXT STORY