ਲੁਧਿਆਣਾ, (ਤਰੁਣ)- ਸੁੰਦਰ ਨਗਰ ਮੇਨ ਰੋਡ ਸਥਿਤ ਸੇਠੀ ਟੈਕਸਟਾਈਲ ਨਾਮੀ ਦੁਕਾਨ ਦੇ ਗੱਲੇ ਵਿਚ ਪਈ 11 ਲੱਖ ਦੀ ਨਕਦੀ ਚੋਰੀ ਹੋ ਗਈ। ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੁੱਧਵਾਰ ਸਵੇਰ ਦੁਕਾਨ ਮਾਲਕ ਦੀਪਕ ਸੇਠੀ ਕਰੀਬ 11.30 ਵਜੇ ਪੁੱਜਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ’ਤੇ ਪੁੱਜੀ। ਦੁਕਾਨ ਮਾਲਕ ਦੀਪਕ ਸੇਠੀ ਮੁਤਾਬਕ ਮੰਗਲਵਾਰ ਰਾਤ ਉਹ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ। ਰੋਜ਼ਾਨਾ ਪੁਰਾਣਾ ਨੌਕਰ ਦੁਕਾਨ ਖੋਲ੍ਹਦਾ ਹੈ। ਬੁੱਧਵਾਰ ਸਵੇਰ ਜਦੋਂ ਉਹ ਦੁਕਾਨ ’ਤੇ ਪੁੱਜਾ ਤਾਂ ਗੱਲੇ ’ਚ ਪਈ ਕਰੀਬ 11 ਲੱਖ ਦੀ ਨਕਦੀ ਗਾਇਬ ਸੀ। ਗੱਲੇ ਨੂੰ ਖੋਲ੍ਹਣ ਲਈ ਪੇਚਕਸ ਦੀ ਵਰਤੋਂ ਕੀਤੀ ਗਈ ਸੀ।
ਮਾਲਕ ਮੁਤਾਬਕ ਮੰਗਲਵਾਰ ਰਾਤ ਚੋਰ ਚੋਰੀ ਕਰਨ ਦੇ ਇਰਾਦੇ ਨਾਲ ਦੁਕਾਨ ’ਚ ਲੁਕ ਗਿਆ। ਬੁੱਧਵਾਰ ਸਵੇਰ ਜਦੋਂ ਨੌਕਰ ਸਫਾਈ ਦੇ ਕੰਮ ਵਿਚ ਮਗਨ ਸੀ ਤਾਂ ਮੌਕਾ ਦੇਖ ਕੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਦੁਕਾਨ ਤੋਂ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਦਰੇਸੀ ਦੇ ਮੁਖੀ ਰਜਵੰਤ ਸਿੰਘ ਨੇ ਦੱਸਿਆ ਕਿ ਦੁਕਾਨ ਵਿਚ ਕੋਈ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ। ਵਾਰਦਾਤ ਨੂੰ ਅੰਜਾਮ ਦੇਣ ’ਚ ਕਿਸੇ ਭੇਤੀ ਦਾ ਹੱਥ ਹੋ ਸਕਦਾ ਹੈ। ਸੂਤਰਾਂ ਮੁਤਾਬਕ ਪੁਲਸ ਨੇ ਪੁੱਛਗਿੱਛ ਲਈ ਦੁਕਾਨ ਦੇ ਨੌਕਰਾਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਜਦੋਂਕਿ ਚੋਰੀ ਦੀ ਇਸ ਵਾਰਦਾਤ ਤੋਂ ਬਾਅਦ ਹੌਜ਼ਰੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿਚ ਭਾਰੀ ਰੋਸ ਸੀ।
ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਨਾਬਾਲਗ ਦੀ ਮੌਤ
NEXT STORY