ਮੌਡ਼ ਮੰਡੀ, (ਪ੍ਰਵੀਨ)- ਨਗਰ ਕੌਂਸਲ ਮੌਡ਼ ਦੇ ਅਧਿਕਾਰੀਆਂ ਵੱਲੋਂ ਸਫਾਈ ਸੇਵਕਾਂ ਨੂੰ ਤਨਖਾਹਾਂ ਦੇਣ ਦੀ ਬਜਾਏ ਆਪਣੇ ਚਹੇਤੇ ਠੇਕੇਦਾਰਾਂ ਨੂੰ ਚੈੱਕ ਕੱਟਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਵਿਰੋਧ ’ਚ ਅੱਜ ਸਫਾਈ ਕਰਮਚਾਰੀਆਂ ਨੇ ਨਗਰ ਕੌਂਸਲ ਦੇ ਗੇਟ ’ਤੇ ਧਰਨਾ ਲਾ ਕੇ ਅਧਿਕਾਰੀਆਂ ਖ਼ਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਾਜਿੰਦਰ ਕੁਮਾਰ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਮੌਡ਼ ਦੇ ਅਧਿਕਾਰੀਆਂ ਵੱਲੋਂ ਗਰੀਬ ਕਰਮਚਾਰੀਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਚਹੇਤੇ ਠੇਕੇਦਾਰਾਂ ਦੇ ਢਿੱਡ ਭਰਨ ਦੇ ਯਤਨ ਕੀਤੇ ਜਾ ਰਹੇ ਹਨ, ਜਦ ਕੇ ਸਫਾਈ ਸੇਵਕ ਆਪਣੀਆਂ ਤਨਖਾਹਾਂ ਨੂੰ ਤਰਸ ਰਹੇ ਹਨ। ਹੋਰ ਤਾਂ ਹੋਰ ਉਨ੍ਹਾਂ ਨੂੰ ਨਾ ਤਾਂ ਦੀਵਾਲੀ ਮੌਕੇ ਪਟਾਕਾ ਲੋਨ ਦਿੱਤਾ ਗਿਆ ਅਤੇ ਨਾ ਹੀ ਪੂਰਾ ਬਣਦਾ ਪੀ. ਐੱਫ. ਜਮ੍ਹਾ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਠੇਕੇਦਾਰਾਂ ਨਾਲ ਮਿਲ ਕੇ ਨਗਰ ਕੌਂਸਲ ਨੂੰ ਕੰਗਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਠੇਕੇਦਾਰਾਂ ਵੱਲੋਂ ਅਕਾਲੀ-ਭਾਜਪਾ ਸਰਕਾਰ ਦੇ ਰਾਜ ਸਮੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਜਇਜ਼ ਤੌਰ ’ਤੇ ਕੰਮ ਕੀਤੇ ਅਤੇ ਉਨ੍ਹਾਂ ਕੰਮਾਂ ’ਚ ਅੰਤਾਂ ਦਾ ਘਟੀਆਂ ਮਟੀਰੀਅਲ ਵਰਤਿਆ ਗਿਆ ਪਰ ਅਧਿਕਾਰੀਆਂ ਦੀ ਠੇਕੇਦਾਰਾਂ ਨਾਲ ਮਿਲੀ ਭੁਗਤ ਹੋਣ ਕਾਰਨ ਹੁਣ ਇਹ ਠੇਕੇਦਾਰ ਗੈਰ ਕਾਨੂੰਨੀ ਢੰਗਾਂ ਨਾਲ ਕੀਤੇ ਕੰਮਾਂ ਦੇ ਬਿੱਲ ਪਾਸ ਕਰਵਾ ਕੇ ਚੈੱਕ ਕਟਵਾਉਣ ਲਈ ਰਾਹ ਪੱਧਰਾ ਕਰ ਰਹੇ ਹਨ ਅਤੇ ਇਹ ਅਧਿਕਾਰੀ ਆਪਣੇ ਨਿੱਜੀ ਹਿੱਤਾਂ ਲਈ ਮੁਲਾਜ਼ਮਾਂ ਦੇ ਢਿੱਡ ’ਚ ਲੱਤ ਮਾਰ ਕੇ ਆਪਣਾ ਸਰਮਾਇਆ ਇਕੱਠਾ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਿਯਮਾਂ ਦੇ ਉਲਟ ਹੋਏ ਵਾਧੂ ਕੰਮਾਂ ਦਾ ਹਮੇਸ਼ਾ ਵਿਰੋਧ ਕਰਦੇ ਰਹਿਣਗੇ ਅਤੇ ਕਿਸੇ ਵੀ ਕੀਮਤ ਤੇ ਨਗਰ ਕੌਂਸਲ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਐਲਾਨ ਕੀਤਾ ਕਿ ਜਿੰਨੀ ਦੇਰ ਸਫਾਈ ਸੇਵਕਾਂ ਦੀ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਨ੍ਹੀ ਦੇਰ ਸੰਘਰਸ਼ ਜਾਰੀ ਰਹੇਗਾ, ਜਿਸ ਦੀ ਜਿੰਮੇਵਾਰੀ ਕਾਰਜ ਸਾਧਕ ਅਫ਼ਸਰ ਮੌਡ਼ ਅਤੇ ਪ੍ਰਧਾਨ ਦੀ ਹੋਵੇਗੀ। ਇਸ ਮੌਕੇ ਸੁਰੇਸ਼ ਕੁਮਾਰ, ਈਸ਼ਰ ਰਾਮ, ਸੇਵਾ ਰਾਮ, ਇਤਵਾਰੀ ਰਾਮ, ਬਿਮਲਾ ਦੇਵੀ, ਰਾਜੋ ਦੇਵੀ, ਬਬਲੀ ਕੌਰ, ਰਾਜ ਕਲੀ, ਅਮਰਜੀਤ ਕੌਰ ਅਤੇ ਰਣਜੀਤ ਕੌਰ ਤੋਂ ਇਲਾਵਾ ਸਮੂਹ ਸਫਾਈ ਸੇਵਕ ਮੌਜੂਦ ਸਨ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ
ਇਸ ਮਾਮਲੇ ਸਬੰਧੀ ਜਦ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਠੇਕੇਦਾਰ ਨੂੰ ਕੋਈ ਵੀ ਚੈੱਕ ਨਹੀਂ ਕੱਟਿਆ ਜਾ ਰਿਹਾ ਅਤੇ ਨਾ ਹੀ ਨਗਰ ਕੌਂਸਲ ਕੋਲ ਕੋਈ ਵਾਧੂ ਫੰਡ ਹਨ।
ਮੈਡੀ ਕਲੇਮ ਨਾ ਦੇਣ ਵਾਲੀ ਬੀਮਾ ਕੰਪਨੀ ’ਤੇ ਫੋਰਮ ਨੇ ਠੋਕਿਆ 5 ਲੱਖ ਹਰਜਾਨਾ
NEXT STORY