ਨੱਥੂਵਾਲਾ ਗਰਬੀ, (ਰਾਜਵੀਰ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਪਿਛਲੇ ਦਿਨੀਂ ਸਿੱਖਿਆ ਵਿਭਾਗ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਅਧਿਆਪਕਾਂ ਦੀਆਂ ਧੱਕੇ ਨਾਲ ਦੂਰ-ਦੁਰਾਡੇ ਬਦਲੀਆਂ ਕਰ ਦਿੱਤੀਆਂ ਸਨ, ਜਿਸ ਦੇ ਵਿਰੋਧ ’ਚ ਪਿੰਡਾਂ ਦੇ ਲੋਕ ਸਾਹਮਣੇ ਆ ਰਹੇ ਹਨ।
ਤਾਜ਼ੀ ਘਟਨਾ ਪਿੰਡ ਭਲੂਰ ਦੇ ਸਰਕਾਰੀ ਹਾਈ ਸਕੂਲ ’ਚ ਅੰਗਰੇਜ਼ੀ ਵਿਸ਼ੇ ਨੂੰ ਪਡ਼ਾ ਰਹੇ ਅਧਿਆਪਕ ਅਵਤਾਰ ਸਿੰਘ ਦੀ ਬਦਲੀ ਦਾ ਹੈ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਸਕੂਲ ’ਚ ਇਕੋਂ-ਇਕ ਅੰਗਰੇਜੀ ਵਿਸ਼ੇ ਦੇ ਅਧਿਆਪਕ ਦੀ ਧੱਕੇ ਨਾਲ ਬਦਲੀ ਕਰ ਦਿੱਤੀ ਗਈ ਹੈ ਤਾਂ ਲੋਕਾਂ ਦਾ ਗੁੱਸਾ 7ਵੇਂ ਅਸਮਾਨ ’ਤੇ ਚਡ਼੍ਹ ਗਿਆ। ਬੱਚਿਅਾਂ ਦੇ ਮਾਪੇ ਅਤੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ’ਚ ਸਕੂਲ ਦੇ ਗੇਟ ਮੂਹਰੇ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਸਕੂਲ ਦਾ ਮੇਨ ਗੇਟ ਬੰਦ ਕਰ ਦਿੱਤਾ। ਪਿੰਡ ਦੇ ਸਰਪੰਚ ਗੁਰਦਾਸ ਸਿੰਘ ਕਾਂਗਰਸੀ ਆਗੂ ਦੀ ਅਗਵਾਈ ’ਚ ਇਕੱਤਰ ਲੋਕਾਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਮੁਰਦਾਬਾਦ ਦੇ ਨਾਅਰੇ ਲਾਏ। ਤਕਰੀਬਨ 11 ਤੋਂ 12 ਵਜੇ ਤੱਕ ਲੱਗੇ ਇਸ ਧਰਨੇ ’ਚ ਲੋਕਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਉਹ ਦੋ ਦਿਨ ’ਚ ਉਕਤ ਅਧਿਆਪਕ ਦੀ ਬਦਲੀ ਰੱਦ ਕਰੇ ਨਹੀਂ ਤਾਂ ਮਜਬੂਰਨ ਪਿੰਡ ਵਾਸੀ ਸਕੂਲ ਦੇ ਗੇਟ ਨੂੰ ਤਾਲਾ ਲਾ ਦੇਣਗੇ।
ਸਰਪੰਚ ਗੁਰਦਾਸ ਸਿੰਘ ਨੇ ਕਿਹਾ ਕਿ ਹੁਣ ਪੇਪਰਾਂ ’ਚ ਸਿਰਫ ਤਿੰਨ ਮਹੀਨੇ ਬਾਕੀ ਹਨ, ਅਧਿਆਪਕ ਦੀ ਬਦਲੀ ਹੋਣ ਨਾਲ ਸਕੂਲ ਦੇ ਬੱਚਿਅਾਂ ਦੀ ਪਡ਼ਾਈ ਦਾ ਬਹੁਤ ਨੁਕਸਾਨ ਹੋਵੇਗਾ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਇਸ ਬਾਰੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੂੰ ਮਿਲ ਕੇ ਜਾਣੂ ਕਰਵਾਉਣਗੇ ਅਤੇ ਇਸ ਬਦਲੀ ਨੂੰ ਰੱਦ ਕਰਵਾਇਆ ਜਾਵੇਗਾ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਰਜਿੰਦਰ ਸਿੰਘ ਰਾਜੇਆਣਾ ਨੇ ਧਰਨੇ ਨੂੰ ਕਿਹਾ ਕਿ ਸਰਕਾਰ ਨਵਾਂ ਰੋਜ਼ਗਾਰ ਤਾਂ ਦੇ ਨਹੀਂ ਰਹੀ ਬਲਕਿ ਪਹਿਲਾ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਦਾ ਰੋਜ਼ਗਾਰ ਖੋਹ ਰਹੀ ਹੈ ਅਤੇ ਹੁਣ ਬਿਨਾਂ ਕਿਸੇ ਕਾਰਨ ਧੱਕੇ ਨਾਲ ਅਧਿਆਪਕਾਂ ਦੀਆਂ ਬਦਲੀਆਂ ਕਰਨੀਆਂ ਵੀ ਸਰਕਾਰ ਦੀ ਧੱਕੇਸ਼ਾਹੀ ਦੀ ਨਿਸ਼ਾਨੀ ਹੈ, ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿੰਡ ਦੇ ਪਤਵੰਤਿਆਂ ਨੇ ਵੀ ਜਤਾਇਆ ਰੋਸ
ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਮੰਦਰ ਸਿੰਘ ਬਰਾਡ਼, ਸਰਪੰਚ ਬੋਹਡ਼ ਸਿੰਘ ਢਿੱਲੋਂ, ਪੰਚ ਵੀਰਪਾਲ ਸਿੰਘ, ਪੰਚ ਗੁਰਵਿੰਦਰ ਸਿੰਘ, ਸਾਬਕਾ ਪੰਚ ਰੇਸ਼ਮ ਸਿੰਘ ਜਟਾਣਾ, ਕਾਂਗਰਸੀ ਆਗੂ ਇੰਦਰਜੀਤ ਸਿੰਘ, ਮਿਸਤਰੀ ਪ੍ਰੀਤਮ ਸਿੰਘ ਆਦਿ ਪਿੰਡ ਦੇ ਪਤਵੰਤਿਆਂ ਨੇ ਵੀ ਸਕੂਲ ’ਚ ਆ ਕੇ ਬੱਚਿਆਂ ਦੇ ਮਾਪਿਆਂ ਨਾਲ ਗੱਲ ਕੀਤੀ ਅਤੇ ਅਧਿਆਪਕ ਦੀ ਬਦਲੀ ਸਬੰਧੀ ਰੋਸ ਜਾਹਰ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਭਲੂਰ ਸ਼ਹਿਰਾਂ ਤੋਂ ਦੂਰ ਹੋਣ ਕਰ ਕੇ ਕਦੇ ਵੀ ਇਸ ਸਕੂਲ ’ਚ ਸਟਾਫ ਪੂਰਾ ਨਹੀਂ ਹੋਇਆ। ਹੁਣ ਵੀ 3-4 ਪੋਸਟਾਂ ਖਾਲੀ ਹਨ ਅਤੇ ਹੁਣ ਇਕ ਅਧਿਆਪਕ ਦੀ ਧੱਕੇ ਨਾਲ ਬਦਲੀ ਕਰ ਦੇਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲ ’ਚ ਪਡ਼ਦੇ ਬੱਚਿਅਾਂ ਦੇ ਮਾਪਿਆਂ ਦੇ ਨਾਲ ਹਨ। ਅਧਿਆਪਕ ਅਵਤਾਰ ਸਿੰਘ ਦੀ ਬਦਲੀ ਤੁਰੰਤ ਰੱਦ ਹੋਣੀ ਚਾਹੀਦੀ ਹੈ।
ਕੀ ਕਹਿਣਾ ਹੈ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਕੁਮਾਰ ਦਾ
ਜਦੋਂ ਪਿੰਡ ਵਾਸੀਆਂ ਵੱਲੋਂ ਲਾਏ ਗਏ ਧਰਨੇ ਬਾਰੇ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਕੁਮਾਰ ਮੋਗਾ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਦਲੀਆਂ ਡਾਇਰੈਕਟਰ ਪੱਧਰ ਤੋਂ ਹੋਈਆਂ ਹਨ, ਬਦਲੀ ਰੱਦ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ ਪਰ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਵੀ ਸਕੂਲ ਦੇ ਬੱਚਿਆਂ ਦੀ ਪਡ਼ਾਈ ਦਾ ਨੁਕਸਾਨ ਨਾ ਹੋਵੇ ਅਤੇ ਜਲਦੀ ਹੀ ਪਿੰਡ ਭਲੂਰ ’ਚ ਵੀ ਅੰਗਰੇਜੀ ਵਿਸ਼ੇ ਦਾ ਅਧਿਆਪਕ ਭੇਜਿਆ ਜਾਵੇ।
ਨਸ਼ੇ ਵਾਲੀਆਂ ਗੋਲੀਆਂ ਸਮੇਤ ਅੌਰਤ ਗ੍ਰਿਫਤਾਰ
NEXT STORY