ਚੰਡੀਗਡ਼੍ਹ, (ਸੁਸ਼ੀਲ)- ਮਾਮਲਾ ਦਰਜ ਕਰਵਾਉਣ ਆਈਆਂ 20 ਅੌਰਤਾਂ ਨੇ ਪਲਸੌਰਾ ਚੌਕੀ ’ਚ ਮਹਿਲਾ ਹੋਮਗਾਰਡ ਦੀ ਕੁੱਟ-ਮਾਰ ਕਰ ਕੇ ਉਸ ਦੀ ਵਰਦੀ ਪਾਡ਼ ਦਿੱਤੀ। ਮਹਿਲਾ ਹੋਮਗਾਰਡ ਨੇ ਐੱਮ. ਐੱਸ. ਸੀ. ਕਮਰੇ ’ਚ ਜਾ ਕੇ ਆਪਣੀ ਜਾਨ ਬਚਾਈ। ਅੌਰਤਾਂ ਨੇ ਜੰਮ ਕੇ ਹੰਗਾਮਾ ਕੀਤਾ ਤੇ ਚੌਕੀ ਇੰਚਾਰਜ ਨੂੰ ਗਾਲ੍ਹਾਂ ਕੱਢੀਆਂ। ਪਲਸੌਰਾ ਚੌਕੀ ਪੁਲਸ ਨੇ ਮਾਮਲੇ ਨੂੰ ਸ਼ਾਂਤ ਕੀਤਾ ਤੇ ਮਹਿਲਾ ਹੋਮਗਾਰਡ ਸਰਬਜੀਤ ਕੌਰ ਦੀ ਸ਼ਿਕਾਇਤ ’ਤੇ ਸੈਕਟਰ-38 ਨਿਵਾਸੀ ਰੂਨਾ, ਬੀਨਾ, ਸੈਕਟਰ-26 ਨਿਵਾਸੀ ਮਾਇਆ, ਸੈਕਟਰ-56 ਨਿਵਾਸੀ ਫੂਲਵਾਰੀ, ਅਨੂ ਸਮੇਤ ਹੋਰ ਅੌਰਤਾਂ ’ਤੇ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਤੇ ਕੁੱਟ-ਮਾਰ ਕਰਨ ਦਾ ਮਾਮਲਾ ਦਰਜ ਕੀਤਾ। ਪੁਲਸ ਸੀ. ਸੀ. ਟੀ. ਵੀ. ਦੀ ਮਦਦ ਨਾਲ ਹੋਰ ਹਮਲਾਵਰ ਅੌਰਤਾਂ ਦੀ ਪਛਾਣ ਕਰਨ ’ਚ ਲੱਗੀ ਹੋਈ ਹੈ। ਪਲਸੌਰਾ ਚੌਕੀ ’ਚ ਤਾਇਨਾਤ ਹੋਮਗਾਰਡ ਸਰਬਜੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 20 ਨਵੰਬਰ ਦੀ ਰਾਤ ਨੂੰ ਸੈਕਟਰ 56 ਦੇ ਮਕਾਨ ਨੰ. 6573 ਤੇ 6575 ’ਚ ਰਹਿਣ ਵਾਲੇ ਲੋਕਾਂ ’ਚ ਲਡ਼ਾਈ ਹੋ ਗਈ ਸੀ। ਝਗਡ਼ੇ ਤੋਂ ਬਾਅਦ 20 ਅੌਰਤਾਂ ਚੌਕੀ ’ਚ ਮਾਮਲਾ ਦਰਜ ਕਰਵਾਉਣ ਲਈ ਆਈਆਂ। ਕੌਰ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਡਿਊਟੀ ਵੂਮੈਨ ਡੈਸਕ ’ਤੇ ਸੀ। ਚੌਕੀ ’ਚ ਆ ਕੇ ਅੌਰਤਾਂ ਰੌਲਾ ਪਾਉਣ ਲੱਗੀਆਂ। ਉਸ ਨੇ ਅੌਰਤਾਂ ਨੂੰ ਕਿਹਾ ਕਿ ਮਾਮਲਾ ਦਰਜ ਕਰਵਾਉਣ ਲਈ ਲਿਖਤੀ ’ਚ ਸ਼ਿਕਾਇਤ ਦੇਣ ਪਰ ਅੌਰਤ ਸ਼ਿਕਾਇਤ ਦੇਣ ਦੀ ਥਾਂ ਚੌਕੀ ਇੰਚਾਰਜ ਤੇ ਹੈੱਡ ਕਾਂਸਟੇਬਲ ਨੂੰ ਗਾਲ੍ਹਾਂ ਕੱਢਣ ਲੱਗ ਪਈਆਂ। ਜਦੋਂ ਉਸ ਨੇ ਅੌਰਤਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅੌਰਤਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਐੱਮ. ਐੱਸ. ਸੀ. ਰੂਮ ’ਚ ਜਾ ਕੇ ਜਾਨ ਬਚਾਈ। ਚੌਕੀ ਇੰਚਾਰਜ ਨੇ ਮੌਕੇ ’ਤੇ ਪਹੁੰਚ ਕੇ ਅੌਰਤਾਂ ਨੂੰ ਚੌਕੀ ਤੋਂ ਬਾਹਰ ਕੱਢਿਆ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਸਰਬਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਵਰਦੀ ਪਾਡ਼ ਦਿੱਤੀ ਗਈ। ਚੌਕੀ ’ਚ ਕੁੱਟ-ਮਾਰ ਤੇ ਹੰਗਾਮਾ ਕਰਨ ਵਾਲੀਆਂ ਅੌਰਤਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਨ੍ਹਾਂ ’ਚ ਪੰਜ ਅੌਰਤਾਂ ਰੂਨਾ, ਬੀਨਾ, ਮਾਇਆ, ਫੂਲਵਾਰੀ ਤੇ ਅਨੂ ਦੀ ਪਛਾਣ ਹੋਈ। ਪਲਸੌਰਾ ਚੌਕੀ ਪੁਲਸ ਨੇ ਨਾਮਜ਼ਦ ਅੌਰਤਾਂ ਸਮੇਤ ਹੋਰ ਅੌਰਤਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਕਾਂਗਰਸੀ ਮਹਿਲਾ ਅਾਗੂ ’ਤੇ ਹਮਲਾ ਕਰਨ ਵਾਲਾ ਸ੍ਰੀ ਦਰਬਾਰ ਸਾਹਿਬ ਤੋਂ ਕਾਬੂ
NEXT STORY