ਸਮਰਾਲਾ, (ਗਰਗ, ਬੰਗਡ਼)- ਕੱਚਿਆਂ ਤੋਂ ਪੱਕੇ ਹੋਏ ਅਧਿਆਪਕਾਂ ਵੱਲੋਂ ਤਨਖਾਹ ਦੀ ਕਟੌਤੀ ਕਾਰਨ ਕੀਤੇ ਜਾ ਰਹੇ ਸੰਘਰਸ਼ ਵਿਚ ਸ਼ਾਮਿਲ ਹੋਏ ਅਧਿਆਪਕਾਂ ਤੋਂ ਬਦਲੇ ਲੈਣ ਲਈ ਸਰਕਾਰ ਵੱਲੋਂ ਬਦਲੀਆਂ ਦਾ ਹਥਿਆਰ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਕਡ਼ੀ ਤਹਿਤ ਪਿੰਡ ਕੋਟਾਲਾ ਦੇ ਸਰਕਾਰੀ ਸੀਨੀਅਰ ਸੈਕੰਰਡੀ ਸਕੂਲ ਦੀ ਇਕ ਅਧਿਆਪਕਾ ਨੂੰ ਮੋਗੇ ਦਾ ਰਸਤਾ ਵਿਖਾਇਆ ਗਿਆ ਹੈ ਤੇ ਦੂਜੇ ਨੂੰ ਜਲੰਧਰ ਭੇਜ ਦਿੱਤਾ ਗਿਆ। ਇਨ੍ਹਾਂ ਬਦਲੀਆਂ ਤੋਂ ਬਾਅਦ ਸਕੂਲ ਦੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਨੂੰ ਤਾਲਾ ਲਾ ਕੇ ਸਕੂਲ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਬਦਲਾ-ਲਊ ਨੀਤੀ ਦੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਵਿਚ ਪਡ਼੍ਹਾ ਰਹੀ ਅਧਿਆਪਕਾ ਮਨਪ੍ਰੀਤ ਕੌਰ ਦੀ ਬਦਲੀ ਹੋਣ ਦੇ ਨਾਲ ਹੀ ਸਕੂਲ ਦੇ ਬੱਚਿਆਂ ਤੇ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ-ਮੁਰਦਾਬਾਦ, ‘ਅਧਿਆਪਕਾਂ ਦੀ ਬਦਲੀ ਰੱਦ ਕਰੋ’ ਦੇ ਨਾਅਰੇ ਲਾਏ। ਸਥਿਤੀ ਉਸ ਸਮੇਂ ਗੰਭੀਰ ਹੋ ਗਈ, ਜਦੋਂ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਹੀ ਗੇਟ ਨੂੰ ਜਿੰਦਰਾ ਲਾ ਦਿੱਤਾ ਅਤੇ ਸਕੂਲ ਦੇ ਬਾਹਰ ਬੱਚੇ, ਜਿਨ੍ਹਾਂ ਨਾਲ ਉਨ੍ਹਾਂ ਦੇ ਮਾਪੇ ਵੀ ਸਨ, ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਿੰ. ਗੁਰਜੰਟ ਸਿੰਘ ਨੇ ਤੁਰੰਤ ਹੀ ਪੁਲਸ ਚੌਕੀ ਹੇਡੋਂ ਨੂੰ ਸੂਚਿਤ ਕੀਤਾ ਤੇ ਮੌਕੇ ’ਤੇ ਚੌਕੀ ਇੰਚਾਰਜ ਬਲਵੰਤ ਸਿੰਘ ਪੁਲਸ ਪਾਰਟੀ ਲੈ ਕੇ ਪਹੁੰਚ ਗਏ। ਸਕੂਲ ਅੱਗੇ ਰੋਸ ਪ੍ਰਦਰਸ਼ਨ ਦੋ ਘੰਟੇ ਚੱਲਿਆ। ਮੌਕੇ ’ਤੇ ਪਹੁੰਚ ਕੇ ਪ੍ਰਿੰਸੀਪਲ ਨੇ ਬੱਚਿਆਂ ਤੇ ਮਾਪਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਅਾਵਾਜ਼ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ। ਉਸ ਤੋਂ ਬਾਅਦ ਪ੍ਰਿੰਸੀਪਲ ਵਲੋਂ ਪੁਲਸ ਦੀ ਹਾਜ਼ਰੀ ਵਿਚ ਗੇਟ ਦਾ ਤਾਲਾ ਖੁੱਲ੍ਹਵਾ ਕੇ ਬੱਚਿਆਂ ਨੂੰ ਪਡ਼੍ਹਾਈ ਸ਼ੁਰੂ ਕਰਵਾਈ ਗਈ। ਦੱਸਣਯੋਗ ਹੈ ਕਿ ਪੇਂਡੂ ਇਲਾਕੇ ਵਿਚ ਚੱਲ ਰਹੇ ਇਸ ਸਕੂਲ ਵਿਚ 15-20 ਪਿੰਡਾਂ ਦੇ ਬੱਚੇ ਪਡ਼੍ਹਦੇ ਹਨ। ਅੱਜ ਸਕੂਲ ’ਚ ਪਡ਼੍ਹਾਉਂਦੀ ਅਧਿਆਪਕਾ ਮਨਪ੍ਰੀਤ ਕੌਰ ਦੀ ਬਦਲੀ ਹੋਣ ਦੀ ਖ਼ਬਰ ਬੱਚਿਆਂ ਤੇ ਮਾਪਿਆਂ ਦੇ ਕੰਨੀਂ ਪਈ ਤਾਂ ਰੋਸ ਫੈਲ ਗਿਆ ਤੇ ਸਾਰੇ ਬਦਲੀ ਰੁਕਵਾਉਣ ਲਈ ਇਕੱਠੇ ਹੋ ਗਏ। ਇਸ ਸਬੰਧੀ ਪੁਲਸ ਚੌਕੀ ਹੇਡੋਂ ਦੇ ਇੰਚਾਰਜ ਬਲਵੰਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਕੂਲ ’ਚ ਪਏ ਰੌਲੇ ਬਾਰੇ ਪ੍ਰਿੰਸੀਪਲ ਵਲੋਂ ਜਾਣਕਾਰੀ ਦਿੱਤੀ ਗਈ ਸੀ, ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਕੇ ਮਾਪਿਆਂ ਦੀ ਗੱਲ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਤਾਲਾ ਖੁੱਲ੍ਹਵਾ ਕੇ ਪਡ਼੍ਹਾਈ ਸ਼ੁਰੂ ਕਰਵਾ ਦਿੱਤੀ ਗਈ। ਪ੍ਰਿੰ. ਗੁਰਜੰਟ ਸਿੰਘ ਦਾ ਕਹਿਣਾ ਸੀ ਕਿ ਅਧਿਆਪਕਾਂ ਦੀ ਬਦਲੀ ਹੋਣ ਤੇ ਬੱਚਿਅਾਂ ਅਤੇ ਮਾਪਿਆਂ ਦੇ ਰੋਸ ਬਾਰੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ। ਜਾਣਕਾਰੀ ਅਨੁਸਾਰ ਦੁਪਹਿਰ ਨੂੰ ਸਿੱਖਿਆ ਵਿਭਾਗ ਨੇ ਇਕ ਹੋਰ ਅਧਿਆਪਕ ਰਣਜੀਤ ਸਿੰਘ ਦੀ ਵੀ ਇਸ ਸਕੂਲ ਵਿਚੋਂ ਬਦਲੀ ਕਰ ਦਿੱਤੀ ਹੈ।
ਧੱਕੇਸ਼ਾਹੀ ਦੀ ਹੱਦ ਹੋ ਗਈ : ਮੁਦਕੀ
ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁਦਕੀ ਨੇ ਕਿਹਾ ਕਿ ਜੋ ਅਧਿਆਪਕ ਸਰਕਾਰ ਦੀ ਧੱਕੇਸ਼ਾਹੀ ਅਨੁਸਾਰ ਸਹਿਮਤ ਹੋ ਕੇ ਘੱਟ ਤਨਖਾਹਾਂ ਲੈਣ ਲਈ ਹਾਮੀ ਨਹੀਂ ਭਰਦੇ, ਉਨ੍ਹਾਂ ਨੂੰ ਦੂਰ-ਦੁਰਾਡੇ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸੰਘਰਸ਼ਕਾਰੀ ਅਧਿਆਪਕਾਂ ਦੇ ਪਿੱਛੇ ਹੱਥ ਧੋ ਕੇ ਪੈ ਚੁੱਕਾ ਹੈ ਤੇ ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਘੱਟ ਤਨਖਾਹਾਂ ’ਤੇ ਨੌਕਰੀ ਕਰੋ। ਉਨ੍ਹਾਂ ਕਿਹਾ ਕਿ ਪੂਰੀ ਤਨਖਾਹ ਲੈਣਾ ਸਾਡਾ ਹੱਕ ਬਣਦਾ ਹੈ, ਜੋ ਅਸੀਂ ਹਰ ਹੀਲੇ ਲੈ ਕੇ ਰਹਾਂਗੇ।
ਬੱਚਿਆਂ ਦੀ ਪਡ਼੍ਹਾਈ ਦੀ ਨਹੀਂ ਕੋਈ ਪ੍ਰਵਾਹ
ਜਿਸ ਵਕਤ ਵਿੱਦਿਅਕ ਸੈਸ਼ਨ ਆਖ਼ਰੀ ਪਡ਼ਾਅ ਵੱਲ ਵਧ ਰਿਹਾ ਹੈ, ਉਦੋਂ ਅਧਿਆਪਕਾਂ ਦੀਆਂ ਬਦਲੀਆਂ ਦਾ ਸਿਲਸਿਲਾ ਬੱਚਿਆਂ ਦੀ ਪਡ਼੍ਹਾਈ ਲਈ ਨੁਕਸਾਨਕਾਰੀ ਸਾਬਿਤ ਹੋਵੇਗਾ। ਅਸੀਮ ਵੈੱਲਫੇਅਰ ਸਪੋਰਟਸ ਕਲੱਬ ਕੋਟਾਲਾ ਦੇ ਪ੍ਰਧਾਨ ਸੰਤੋਖ ਸਿੰਘ ਕੋਟਾਲਾ ਤੇ ਜਨਰਲ ਸਕੱਤਰ ਤੇ ਸਮਾਜਸੇਵੀ ਦੀਪ ਦਿਲਬਰ ਨੇ ਕਿਹਾ ਕਿ ਜਦੋਂ ਬੱਚਿਆਂ ਦੀ ਪਡ਼੍ਹਾਈ ਦੇ ਅਹਿਮ ਦਿਨ ਚੱਲ ਰਹੇ ਹਨ ਤਾਂ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਬਦਲਾਖੋਰੀ ਨੀਤੀ ਮੁਤਾਬਕ ਅਦਲ-ਬਦਲ ਕਰ ਕੇ ਬੱਚਿਆਂ ਦੀ ਪਡ਼੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ।
ਗਰਭਵਤੀ ਅਧਿਆਪਕਾ ਵੀ ਹੋਈ ਬਦਲਾ ਨੀਤੀ ਦਾ ਸ਼ਿਕਾਰ
ਸਰਕਾਰ ਵੱਲੋਂ ਸੰਘਰਸ਼ਕਾਰੀ ਅਧਿਆਪਕਾਂ ਨੂੰ ਬਦਲਾਖੋਰੀ ਨੀਤੀ ਤਹਿਤ ਇਧਰੋਂ-ਉਧਰ ਕਰਨ ਦੇ ਸਿਲਸਿਲੇ ਵਿਚ ਇਕ ਗਰਭਵਤੀ ਅਧਿਆਪਕਾ ਵੀ ਬਦਲੇ ਦੀ ਨੀਤੀ ਦਾ ਸ਼ਿਕਾਰ ਹੋ ਗਈ। ਸੂਬਾ ਪ੍ਰਧਾਨ ਮੁਦਕੀ ਦੇ ਦੱਸਣ ਤੋਂ ਬਾਅਦ ਜਦੋਂ ਬਦਲੀ ਗਈ ਅਧਿਆਪਕਾ ਰੇਖਾ ਦੇਵੀ ਰਾਠੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਗਰਭਵਤੀ ਹਾਲਤ ਵਿਚ ਪ੍ਰਸੂਤਾ ਛੁੱਟੀ ’ਤੇ ਹੈ ਤੇ ਹੁਣ ਅਚਾਨਕ ਉਸ ਨੂੰ ਭੈਣੀ ਦਰੇਡ਼ਾ ਲੁਧਿਆਣਾ ਤੋਂ ਬਦਲ ਕੇ ਛੋਟਾ ਘਰ ਮੋਗਾ ਦੇ ਸਕੂਲ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਉਸ ਵੱਲੋਂ ਬਡ਼ੀ ਹੀ ਮੁਸ਼ਕਿਲ ਨਾਲ ਗੰਭੀਰ ਹਾਲਤ ਵਿਚ ਇਹ ਸਕੂਲ ਜੁਆਇਨ ਕੀਤਾ ਗਿਆ।
ਕਿਸੇ ਹੋਰ ਨਾਲ ਵਿਆਹ ਕਰਵਾਉਣ ਲਈ ਕਮਾਂਡੋ ਦੀ ਹੱਤਿਆ ਕਰਵਾਈ, ਪਤਨੀ ਸਮੇਤ 4 ਨੂੰ ਉਮਰ ਕੈਦ
NEXT STORY