ਮੋਗਾ, (ਅਾਜ਼ਾਦ)- ਪਿੰਡ ਤੋਤਾ ਸਿੰਘ ਵਾਲਾ ਵਿਖੇ ਬੋਰਵੈੱਲ ’ਚੋਂ ਪੰਪ ਦਾ ਟੋਟਾ ਕੱਢਣ ਗਏ ਮਜ਼ਦੂਰ ਮਹਿਲ ਸਿੰਘ (42) ਦੀ ਮਿੱਟੀ ’ਚ ਦੱਬਣ ਕਾਰਨ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਮਜ਼ਦੂਰ ਮਹਿਲ ਸਿੰਘ ਪੁੱਤਰ ਮਹਿੰਦਰ ਸਿੰਘ, ਜੋ ਦੋ ਬੱਚਿਆਂ ਦਾ ਪਿਉ ਸੀ, ਪਿੰਡ ਦੇ ਕਿਸਾਨ ਹਰਦਿਆਲ ਸਿੰਘ ਦੇ ਖੇਤਾਂ ਵਿਚ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ, ਜਦੋਂ ਉਹ ਖੇਤ ਵਿਚ ਲੱਗੇ 25 ਫੁੱਟ ਡੂੰਘੇ ਬੋਰਵੈੱਲ ’ਚ ਪੰਪ ਦਾ ਟੋਟਾ ਕੱਢਣ ਲਈ ਉਤਰਿਆ ਤਾਂ ਅਚਾਨਕ ਮਿੱਟੀ ਡਿਗ ਪਈ, ਜਿਸ ਨਾਲ ਉਹ ਹੇਠਾਂ ਆ ਕੇ ਦੱਬ ਗਿਆ। ਰੌਲਾ ਪੈਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ।
ਘਟਨਾ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ. ਧਰਮਕੋਟ ਅਜੇ ਰਾਜ ਸਿੰਘ, ਥਾਣਾ ਧਰਮਕੋਟ ਦੇ ਮੁੱਖ ਅਫਸਰ ਜੋਗਿੰਦਰ ਸਿੰਘ, ਹੌਲਦਾਰ ਸੁਖਦੇਵ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ ਤੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਤਿੰਨ ਘੰਟਿਆਂ ਬਾਅਦ ਮਹਿਲ ਸਿੰਘ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਹੌਲਦਾਰ ਸੁਖਦੇਵ ਸਿੰਘ ਵੱਲੋਂ ਮ੍ਰਿਤਕ ਦੇ ਬੇਟੇ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ ਤੇ ਲਾਸ਼ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਜ਼ਮੀਨ ’ਤੇ ਕਬਜ਼ੇ ਦਾ ਯਤਨ, 4 ਨਾਮਜ਼ਦ
NEXT STORY