ਆਜ਼ਾਦੀ ਦੇ ਓਹਲੇ
ਦਸ ਲੱਖ ਪੰਜਾਬੀਆਂ ਦੀਆਂ ਲਾਸ਼ਾਂ ਤੇ ਆਜ਼ਾਦ ਭਾਰਤ ਦੀ ਖੜ੍ਹੀ ਹੈ ਬੁਨਿਆਦ
" ਜਦ ਵੰਡ ਦੀ ਹਨੇਰੀ ਝੁੱਲੀ ਤਾਂ ਮੈਂ ਉਦੋਂ 9 ਵੇਂ ਸਾਲ 'ਚ ਹੋਵਾਂਗੀ। ਮੈਂ ਆਪਣੇ ਬਚਪਨ ਦੇ ਮੁਢਲੇ ਸਾਲ ਸਰਗੋਧਾ ਦੇ ਪਿੰਡ, ਨਵਾਂ ਪਿੰਡ ਵਿੱਚ ਗੁਜ਼ਾਰੇ। ਉਥੇ ਸਾਡੇ ਦਾਦਾ ਜੀ ਨੂੰ ਗੋਰੇ ਵਲੋਂ ਮੁਰੱਬਾ ਅਲਾਟ ਸੀ। ਮੇਰਾ ਤਾਇਆ ਲਾਭ ਸਿੰਘ ਅਤੇ ਬਾਪ ਸੁਰੈਣ ਸਿੰਘ ਵੀ ਚੜ੍ਹਦੀ ਉਮਰੇ, ਬਾਬਾ ਜੀ ਦੇ ਨਾਲ ਹੀ ਗਏ। ਇਹ ਵਾਕਿਆ ਦੂਜੀ ਸੰਸਾਰ ਜੰਗ ਤੋਂ ਕੁੱਝ ਸਮਾਂ ਬਾਅਦ ਦਾ ਏ। ਮੇਰੇ ਬਾਪ ਅਤੇ ਚਾਚੇ ਦੀ ਸ਼ਾਦੀ ਉਧਰ ਹੀ ਹੋਈ। ਮੇਰੇ ਸਣੇ ਸਾਰੇ ਭੈਣ ਭਰਾਵਾਂ ਹਜ਼ਾਰਾ ਸਿੰਘ, ਸਵਰਨ ਸਿੰਘ, ਚਾਨਣ ਸਿੰਘ, ਸਵਰਨ ਕੌਰ, ਕਰਤਾਰ ਕੌਰ ਦਾ ਜਨਮ ਬਾਰ ਦਾ ਈ ਐ। ਵੈਸੇ ਸਾਡਾ ਜੱਦੀ ਪਿੰਡ ਤਨੇਲ ਨਵਾਂ (ਮਹਿਤਾ ਚੌਂਕ) ਹੈ। ਇਕ ਮੁਰੱਬੇ ਦੀ ਖੇਤੀ ਸੀ, ਸਾਡੀ।
ਬਜ਼ੁਰਗ ਫ਼ਸਲ ਬਹੁਤੀ ਨਰਮਾ, ਕਣਕ, ਗੰਨਾ ਹੀ ਬੀਜਦੇ। ਕਿਤੇ ਤਾਂ ਲੋਕਲ ਵਪਾਰੀ ਜਿਣਸ ਘਰਾਂ 'ਚੋਂ ਹੀ ਖ਼ਰੀਦ ਕਰ ਲੈ ਜਾਂਦੇ। ਕਈ ਦਫ਼ਾ ਪਿਤਾ ਜੀ ਜਿਣਸ ਨੂੰ ਗੱਡਿਆਂ 'ਤੇ ਲੱਦ, ਸਰਗੋਧਾ ਮੰਡੀ ਵੇਚ ਆਉਂਦੇ। ਰੌਲਿਆਂ ਤੋਂ ਕੋਈ ਢਾਈ ਕੁ ਵਰ੍ਹੇ ਪਹਿਲਾਂ ਮੇਰੇ ਚਾਚਾ ਜੀ, ਭਰਾ ਹਜ਼ਾਰਾ ਸਿੰਘ ਇਕ ਨੌਕਰ ਨਾਲ਼ ਲੈ ਕੇ ਬਹਾਵਲਪੁਰ ਜਾ ਪਹੁੰਚੇ। ਉਥੇ ਠੇਕੇ 'ਤੇ ਮੁਰੱਬਾ ਲੈ ਕੇ ਖੇਤੀ ਸ਼ੁਰੂ ਕੀਤੀ। ਭੈਣ ਸਵਰਨ ਕੌਰ ਵੀ ਰੋਟੀ ਟੁਕ ਲਈ ਨਾਲ਼ ਚਲੀ ਗਈ।
ਨਹਿਰ ਪਿੰਡੋਂ ਜ਼ਰਾ ਹੱਟਵੀਂ ਸੀ। ਪਿੰਡ ਵਿੱਚ ਦੋ ਟਿੰਡਾਂ ਵਾਲੇ ਖੂਹ ਵਗਦੇ। ਉਥੇ ਹੀ ਨਹਾਉਂਦੇ ਧੋਂਦੇ। ਪਸ਼ੂਆਂ ਨੂੰ ਪਾਣੀ ਡਾਹੁੰਦੇ। ਪਾਣੀ ਘੜੇ ਭਰਕੇ ਘਰ ਲਿਆਉਂਦੇ। ਉਹੀ ਫਟਕੜੀ ਪਾ ਕੇ ਪੀ ਛੱਡਦੇ। ਪਿੰਡ ਵਿੱਚ ਇਕ ਗੁਰਦੁਆਰਾ ਸਜਦਾ। ਦਿਨ, ਤਿਉਹਾਰ ਅਤੇ ਗੁਰਪੁਰਬ ਮਨਾਏ ਜਾਂਦੇ। ਮੇਰੇ ਭਾਈਆਂ, ਗ੍ਰੰਥੀ ਸਿੰਘ ਪਾਸੋਂ ਹੀ ਪੰਜਾਬੀ ਲਿਖਣੀ ਪੜ੍ਹਨੀ ਸਿੱਖੀ। ਸਕੂਲ, ਅੱਠਵੀਂ ਤੱਕ ਗੁਆਂਢੀ ਪਿੰਡ ਸੀ। ਜਦ ਰੌਲ਼ੇ ਰੱਪੇ ਪਏ ਤਾਂ ਮੇਰਾ ਭਰਾ ਸਵਰਨ ਸੱਤਵੀਂ ਵਿਚ ਪੜ੍ਹਦਾ ਸੀ, ਉਥੇ।
ਪਿੰਡ ਵਿੱਚ ਕੁੱਝ ਘਰ ਜੱਟ ਸਿੱਖਾਂ ਦੇ ਪਰ ਬਹੁ ਗਿਣਤੀ ਕੰਬੋਜ ਸਿੱਖਾਂ ਦੀ ਹੀ ਸੀ। ਬਾਕੀਆਂ ਵਿੱਚ ਛੋਟੀਆਂ ਬਰਾਦਰੀਆਂ ਦੇ ਕਾਮੇ ਲੋਕ। ਕੁੱਝ ਘਰ ਮੁਸਲਮਾਨ ਕਾਮਿਆਂ ਦੇ ਵੀ ਹੁੰਦੇ। ਆਪਸੀ ਭਾਈਚਾਰਕ ਸਾਂਝ ਸੀ। ਇਕ ਦੂਜੇ ਦੇ ਦੁੱਖ-ਸੁੱਖ ਵਿੱਚ ਸਾਂਝੀ ਹੁੰਦੇ। ਮੁਸਲਮਾਨ ਸਾਡੇ ਅਤੇ ਅਸੀਂ ਉਨ੍ਹਾਂ ਦੇ ਘਰਾਂ ਦਾ ਨਹੀਂ ਖਾਂਦੇ ਸਾਂ, ਹਾਂ ਪਰ ਸੁੱਕੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ ਕਰ ਲੈਂਦੇ।
ਰੌਲਿਆਂ ਦਾ ਕੋਈ ਪਤਾ ਨਹੀਂ ਸੀ। ਅੱਜ ਦੀ ਤਰ੍ਹਾਂ ਕੋਈ ਰੇਡੀਓ, ਟੀ.ਵੀ. ਜਾਂ ਅਖ਼ਬਾਰਾਂ ਉਦੋਂ ਆਮ ਨਹੀਂ ਸਨ। ਕਿਧਰੇ ਕੋਈ ਸਰਗੋਧਾ ਜਾਂਦਾ ਤਾਂ ਕੋਈ ਨਵੀਂ ਖ਼ਬਰ ਸਾਰ ਲਿਆਉਂਦਾ। ਇਵੇਂ ਹੌਲ਼ੀ ਹੌਲ਼ੀ ਖ਼ਬਰ ਆਮ ਹੋਣ ਲੱਗੀ ਕਿ ਪਾਕਿਸਤਾਨ ਬਣੇਗਾ। ਬਾਹਰ ਕੱਲਾ-ਦੁਕੱਲਾ ਹਿੰਦੂ-ਸਿੱਖ ਮਿਲਦਾ ਤਾਂ ਮਾਰ ਦਿੱਤਾ ਜਾਂਦਾ। ਲੁੱਟ-ਮਾਰ ਅਤੇ ਉਧਾਲਿਆਂ ਦੀਆਂ ਵੀ ਕਨਸੋਆਂ ਮਿਲਦੀਆਂ। ਇਹ ਸਭ ਕੀ ਹੈ, ਸਾਨੂੰ ਪਤਾ ਨਹੀਂ ਸੀ ਪਰ ਵਡੇਰਿਆਂ ਨੂੰ ਘਰਾਂ ਵਿੱਚ ਅਕਸਰ ਅਜਿਹੀਆਂ ਘਟਨਾਵਾਂ ਦੀ ਚਰਚਾ ਕਰਦੇ ਸੁਣਦੇ। ਰੌਲ਼ੇ ਵਧਦੇ ਗਏ। ਪਿੰਡ ਦੇ ਸਿਆਣਿਆਂ ਦਾ ਗੁਰਦੁਆਰੇ 'ਚ ਕੱਠ ਹੋਇਆ। ਸਾਰਿਆਂ ਸਰਗੋਧਾ ਦੇ ਰਫਿਊਜੀ ਕੈਂਪ ਲਈ ਤਿਆਰ ਹੋਣ ਦਾ ਮਤਾ ਪਾਸ ਕੀਤਾ। ਉਦੋਂ ਤੱਕ ਪਿੰਡ ਦੇ ਨੌਜਵਾਨਾਂ ਦਾ ਵਾਰੀ ਸਿਰ ਪਹਿਰਾ ਬੰਨ੍ਹ ਦਿੱਤਾ ਗਿਆ।
ਰਾਤਾਂ ਨੂੰ ਬੋਲਿ ਸੋ ਨਿਹਾਲ ਦੇ ਜੈਕਾਰੇ ਉੱਚੇ ਉੱਠਦੇ। ਇਵੇਂ ਚੜ੍ਹਦੇ ਸਾਉਣ ਨੂੰ ਇਕ ਦਿਨ ਰਸਤੇ ਲਈ ਰਸਦ ਅਤੇ ਕੀਮਤੀ ਸਮਾਨ ਦੇ ਗੱਡੇ ਲੱਦ ਕੇ, ਸਰਗੋਧਾ ਲਈ ਹੱਕ ਲਏ। ਕੈਂਪ ਵਿੱਚ ਜਾ ਕੇ ਬਲਦ ਅਤੇ ਗੱਡੇ ਛੱਡਤੇ। ਹਫ਼ਤੇ ਦੇ ਠਹਿਰਾ ਤੋਂ ਬਾਅਦ ਗੱਡੀ ਚੜ੍ਹ, ਲਾਹੌਰ-ਅੰਬਰਸਰ ਹੁੰਦੇ ਦੁੱਖ, ਕਸ਼ਟ, ਫਾਕੇ ਝਾਗਦੇ ਤਨੇਲ ਨਵਾਂ (ਚੌਂਕ ਮਹਿਤਾ) ਬਗੈਰ ਕੁੱਝ ਖੱਟਿਆਂ ਜਿਵੇਂ ਗਏ ਸਾਂ ਉਵੇਂ ਵਾਪਸ ਪਰਤ ਆਏ। ਰਸਤੇ 'ਚ ਰੇਲਵੇ ਲਾਈਨਾਂ ਅਤੇ 'ਟੇਸ਼ਣਾ ਦੇ ਆਰ ਪਾਰ ਕਈ ਵੱਡੀਆਂ ਟੁੱਕੀਆਂ ਲਾਸ਼ਾਂ ਦੇਖਣ ਨੂੰ ਮਿਲੀਆਂ। ਅੰਬਰਸਰ ਬਸ ਅੱਡੇ ਦੇ ਬਾਹਰ ਗੋਲੀ ਚੱਲੀ, ਜਿਸ ਵਿੱਚ ਕਈ ਮਰਦ, ਔਰਤਾਂ ਅਤੇ ਬੱਚੇ ਮਾਰੇ ਗਏ।
ਬਹਾਵਲਪੁਰ ਤੋਂ ਭਾਈ ਹਜ਼ਾਰਾ ਸਿੰਘ ਤਾਂ ਸਾਉਣ ਮਹੀਨੇ ਆ ਗਏ ਪਰ ਚਾਚਾ ਜੀ ਅਤੇ ਭੈਣ ਸਵਰਨ ਕੌਰ ਅੱਸੂ ਵਿੱਚ ਆਏ। ਇਥੇ ਹੌਲੀ ਹੌਲੀ ਸਭ ਕੁੱਝ ਆਮ ਵਾਂਗ ਹੋਣ ਲੱਗਾ। ਕੱਚੇ ਤੌਰ 'ਤੇ ਮੁਸਲਮਾਨਾਂ ਵਲੋਂ ਛੱਡੀਆਂ ਜ਼ਮੀਨਾਂ ਵਾਹੁਣ ਲੱਗੇ। ਪਿੰਡ ਸਕੂਲ ਕੋਈ ਨਹੀਂ ਸੀ ਸੋ ਸਾਰੇ ਛੋਟੇ ਬੱਚਿਆਂ ਤਾਈਂ ਤਰਸਿੱਕਾ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾਤਾ। ਫਿਰ ਸਾਡੇ ਬਜ਼ੁਰਗਾਂ ਆਪਣੇ ਖਰਚੇ ਤੇ ਛੋਟਾ ਸਕੂਲ ਖੋਲ੍ਹਿਆ।ਟੀਚਰ ਵੀ ਰੱਖਿਆ। ਅੱਜ ਉਹ ਸਰਕਾਰੀ ਹਾਈ ਸਕੂਲ ਹੋਇਐ।
ਮੇਰਾ ਵਿਆਹ 1960 ਦੇ ਕਰੀਬ 26 ਚੱਕ ਸਰਗੋਧਾ 'ਚੋਂ ਆਏ ਉੱਗੀ-ਜਲੰਧਰ ਪਰਿਵਾਰ ਦੇ ਸ.ਬਚਨ ਸਿੰਘ ਪੁੱਤਰ ਸ.ਸੁੰਦਰ ਸਿੰਘ ਜੋਸਨ ਨਾਲ ਹੋਇਆ। ਪਤੀ ਹੋਰੀਂ ਕੁੱਝ ਵਰ੍ਹੇ ਪਹਿਲਾਂ ਸਦੀਵੀ ਵਿਛੋੜਾ ਦੇ ਗਏ। ਮੈਂ ਆਪਣੇ ਪੁੱਤਰਾਂ ਰਣਧੀਰ, ਬਲਵੀਰ, ਸੰਤੋਖ,ਤਰਲੋਕ, ਧੀਆਂ ਹਰਭਜਨ, ਜਸਵਿੰਦਰ, ਸਰਬਜੀਤ ,ਪੁੱਤ ਪੋਤਿਆਂ ਨੂੰਹਾਂ ਧੀਆਂ ਦੇ ਵੱਡੇ ਪਰਿਵਾਰ ਵਿੱਚ ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਹੀ ਹਾਂ। ਦੁੱਖ ਐ ਕਿ 26-27 ਸਾਲ ਬਜ਼ੁਰਗਾਂ ਨੇ ਸਰਗੋਧਾ ਬਾਰ ਦੇ ਜੰਗਲ ਟਿੱਬੇ ਵਾਹ ਕੇ ਪੱਧਰਾ ਕਰਨ ਨੂੰ ਲਾਏ ਪਰ ਸੱਭ ਕੁੱਝ ਰੇਤਾ ਵਾਂਗ ਹੱਥੋਂ ਕਿਰ ਗਿਆ। ਹੌਕਾ ਲੈ ਕੇ ਸ਼ਾਂਤ ਹੋ ਜਾਈਦਾ ਹੈ ਕਿ ਇਨ੍ਹਾਂ ਹੀ ਬਹੁਤ ਹੈ ਕਿ ਚਲੋ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਰਬਾਂ ਦੀ ਸੰਪਤੀ ਤਮਾਸ਼ਾਈਆਂ ਵਲੋਂ ਤਬਾਹ ਕਰਤੀ। ਕਰੋੜਾਂ ਪੰਜਾਬੀਆਂ ਨੂੰ ਇਧਰੋਂ ਉਧਰੋਂ ਉੱਠਣਾ ਪਿਆ। ਹਜ਼ਾਰਾਂ ਔਰਤਾਂ ਨੂੰ ਧਾੜਵੀਆਂ ਵਲੋਂ ਜ਼ਬਰੀ ਉਠਾ ਕੇ ਬੇਇੱਜ਼ਤ ਕੀਤਾ। ਦਸ ਲੱਖ ਪੰਜਾਬੀਆਂ ਦੀਆਂ ਲਾਸ਼ਾਂ ਤੇ ਆਜ਼ਾਦ ਭਾਰਤ ਦੀ ਬੁਨਿਆਦ ਖੜ੍ਹੀ ਹੈ।
-ਸਾਡੀ ਕਾਹਦੀ ਆਜ਼ਾਦੀ?"- ਬੀਬੀ ਜੀਤ ਕੌਰ ਹੁਰਾਂ ਮੱਥੇ ਤੇ ਹੱਥ ਮਾਰਦਿਆਂ ਕਿਹਾ।
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
ਕੀ ਪੰਜ ਹਿੰਦੂ ਹੀ ਪਹਿਲੇ ਪੰਜ ਪਿਆਰੇ ਸਜੇ ਸਨ ?
NEXT STORY