ਬੇਸ਼ੱਕ ਕੁਦਰਤ ਦੇ ਕਾਨੂੰਨ ਬਹੁਤ ਅਟੱਲ ਹਨ ਜੇਕਰ ਅਸੀਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਾਂ ਤਾਂ ਉਹ ਇਨੀਂ ਬਲਵਾਨ ਤੇ ਸਕਤੀਸ਼ਾਲੀ ਹੈ ਕਿ ਉਸ ਦੀ ਸਜ਼ਾ ਵੀ ਉਹ ਸਾਨੂੰ ਖੁਦ ਹੀ ਨਿਯਮਤ ਕਰਦੀ ਹੈ।ਹੜ, ਭੂਚਾਲ ਅਤੇ ਹੋਰ ਕੁਦਰਤੀ ਆਫਤਾਂ ਦਾ ਆਉਣਾ ਕੁਦਰਤੀ ਅਜ਼ਾਬ ਦੀਆ ਪ੍ਰਤੱੱਖ ਉਦਾਹਰਣਾ ਹਨ। ਸੰਸਾਰ ਵਿਚ ਜੋ ਵੀ ਅਸੀਂ ਵੇਖਦੇ ਹਾਂ ਉਹ ਕੁਦਰਤ ਦੇ ਨਿਯਮਾਂ ਵਿਚ ਬੰਨ੍ਹਿਆ ਹੋਇਆ ਹੈ ਇਹ ਵੀ ਇਕ ਤਲਖ ਜਾਂ ਕੜਵੀ ਸੱਚਾਈ ਹੈ ਕਿ ਮਨੁੱਖ ਜਾਤੀ ਤੋਂ ਇਲਾਵਾ ਕੋਈ ਵੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਜੁਸਾਰਤ ਜਾ ਹਿੰਮਤ ਨਹੀਂ ਕਰਦਾ ਅਤੇ ਅਸੀਂ ਇਹ ਵੀ ਵੇਖਦੇ ਹਾਂ ਕਿ ਜਦੋਂ ਵੀ ਮਨੁੱਖ ਕੁਦਰਤ ਦੇ ਨਿਯਮਾਂ ਦੀ ਅਣਦੇਖੀ ਜਾਂ ਉਸ ਦੇ ਨਿਯਮਾਂ ਵਿਚ ਅਪਣੀ ਜ਼ਰੂਰਤ ਤੋਂ ਜ਼ਿਆਦਾ ਦਖਲ ਅੰਦਾਜ਼ੀ ਜਾਂ ਫਿਰ ਨਿਯਮਾਂ ਨੂੰ ਤੋੜਨ ਦੀ ਹਿਮਾਕਤ ਕਰਦਾ ਹੈ ਤਾਂ ਕੁਦਰਤ ਮਨੁੱਖ ਨੂੰ ਅਪਣੇ ਹਿਸਾਬ ਨਾਲ ਬਣਦੀ ਸਜ਼ਾ ਬਰਾਬਰ ਦਿੰਦੀ ਹੈ।
ਕੁਦਰਤ ਨੇ ਜਿਨ੍ਹਾਂ ਅਨਮੋਲ ਜੜੀਆਂ–ਬੂਟੀਆਂ ਅਤੇ ਰੁੱਖ–ਪੌਦਿਆਂ ਨਾਲ ਸਾਨੂੰ ਇਸ ਧਰਤੀ ਤੇ ਨਵਾਜਿਆ ਹੈ ਉਹਨ੍ਹਾਂ ਸਭਨਾਂ ਵਿਚ ਮਨੁੱਖ ਦੀ ਭਲਾਈ ਲਈ ਕੋਈ ਨਾ ਕੋਈ ਹਿਕਮਤ ਛੁਪੀ ਹੋਈ ਹੈ ਇਹ ਅਲਗ ਗੱਲ ਹੈ ਕਿ ਸਾਨੂੰ ਉਸਦਾ ਗਿਆਨ ਨਾ ਹੋਵੇ ਪਰ ਰੱਬ ਨੇ ਕੋਈ ਵੀ ਚੀਜ਼ ਬੇਕਾਰ ਪੈਦਾ ਨਹੀਂ ਕੀਤੀ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਆਪਣੇ ਸਭਨਾਂ ਸਾਧਨਾ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰਰੇਨਾ ਦੇਣ ਲਈ ਬਹੁਤ ਸਾਰੀਆ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ ਪਰੰਤੂ ਇਸ ਸਭ ਦੇ ਬਾਵਜੂਦ ਲੌਕਾਂ ਵਲੋਂ ਸਹਿਯੋਗ ਨਾ ਮਿਲਨ ਕਾਰਨ ਸਰਕਾਰ ਦੇ ਇਰਾਦੇ ਧਰੇ–ਧਰਾਏ ਹੀ ਰਹਿ ਜਾਂਦੇ ਹਨ।ਜਿਸ ਕਾਰਨ ਜਿੱਥੇ ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੁਕਤਾ ਲਈ ਇਸ਼ਤਿਹਾਰਾਂ ਆਦਿ ਉੱਪਰ ਖਰਚ ਕੀਤੀਆਂ ਜਾਣ ਵਾਲੀਆਂ ਭਾਰੀ ਭਰਕਮ ਰਕਮਾਂ ਫਜੂਲ ਅਤੇ ਅਜਾਈਂ ਜਾਂਦੀਆਂ ਹਨ। ਉਥੇ ਹੀ ਇਹਨੀਂ ਦਿਨੀਂ ਸੜਕ ਹਾਦਸਿਆਂ ਵਿਚ ਬਹੁਤ ਜ਼ਿਆਦਾ ਵਾਧਾ ਵੇਖਣ ਨੂੰ ਮਿਲਦਾ ਹੈ ਹਾਲ ਹੀ ਪਿਛਲੇ ਸਾਲ ਦੀ ਗੱਲ ਹੈ ਜਦੋਂ ਧੂਏਂ ਦੇ ਬਣੇ ਬਦਲਾਂ ਦੀ ਲਪੇਟ ਪੂਰੇ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿਚ ਵੀ ਕਈ ਦਿਨਾਂ ਤੱਕ ਹਨੇਰਾ ਛਾਇਆ ਰਿਹਾ।ਜਿਸ ਦੇ ਚਲਦਿਆਂ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਵਾਪਰੇ ਹਾਦਸੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ।
ਸਾਡਾ ਪੰਜਾਬ ਜੋ ਕਿ ਇਕ ਖੇਤੀ ਪ੍ਰਧਾਨ ਪ੍ਰਦੇਸ਼ ਹੈ ।ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸੂਬੇ ਵਿਚ ਲਗਭਗ 65 ਲੱਖ ਏਕੜ ਰਕਬੇ 'ਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫਸਲ ਦੀ ਪਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ-ਖੂਹੰਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ ਉਸਦੇ ਤੱਥ ਯਕੀਨਨ ਚਿੰਤਾ ਜਨਕ ਹਨ, ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ,5.5 ਕਿਲੋ ਡੀ.ਏ.ਪੀ. ਔਰ 51 ਕਿਲੋ ਪਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ, ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਚ ਬੇ-ਤਹਾਸ਼ਾ ਕਮੀ ਆਉਂਦੀ ਹੈ ਇਕ ਅੰਦਾਜ਼ੇ ਮੁਤਾਬਕ ਪਰਾਲੀ ਦੇ ਸਾੜਨ ਨਾਲ ਫਸਲਾ ਦੇ ਵਧੇਰੇ ਵਧਣ–ਫੁਲਣ ਲਈ ਜ਼ਰੂਰੀ ਮਲੜ ਦੇ ਨਾਲ-ਨਾਲ ਲਗਭਗ 38 ਲੱਖ ਟਨ ਆਰਗੇਨਿਕ ਕਾਰਬਨ ਸੜ ਜਾਂਦੇ ਹਨ ਜਿਸ ਦੇ ਕਾਰਨ ਧਰਤੀ ਦੀ ਜ਼ਰਖੇਜੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਉਂਦੀ ਹੈ।ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰਖਤ ਪਰਾਲੀ ਨੂੰ ਲਗਾਈ ਅੱਗ ਦੀ ਭੇਂਟ ਚੜ ਜਾਂਦੇ ਹਨ ।ਪਹਿਲੇ ਸਮਿਆਂ 'ਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਇਆ ਕਰਦਾ ਸੀ ਪਰ ਜਦੋਂ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ ਉਸ ਨਾਲ ਸ਼ਹਿਦ ਦੀਆਂ ਅਣ-ਗਿਣਤ ਮੱਖੀਆਂ ਮਰ ਚੁਕੀਆਂ ਹਨ ਜਿਸ ਦੇ ਫਲਸਰੂਪ ਅੱਜ ਸ਼ੁੱਧ ਸ਼ਹਿਦ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ।ਇਸ ਤੋਂ ਇਲਾਵਾ ਛੋਟੇ-ਛੋਟੇ ਪੰਛੀ ਜਿਵੇਂ ਕਿ ਚਿੜੀਆਂ ਆਦਿ ਸਾਡੇ ਸਮਾਜ ਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਪੰਛੀਆ ਅਤੇ ਜੀਵ ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ।
ਦੂਜੇ ਪਾਸੇ ਪਰਾਲੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰਕੇ ਖੂਨ ਦੀ ਆਕਸੀਜ਼ਨ ਲੈ ਜਾਣ ਦੀ ਸਮਰੱਥਾ ਘਟਾਉਂਦੀ ਹੈ ਇਸ ਦੇ ਨਾਲ ਹੀ ਕਾਰਬਨ ਡਾਈਆਕਸਾਈਡ ਅੱਖਾਂ ਅਤੇ ਸਾਹ ਦੀ ਨਲੀ ਵਿਚ ਜਲਣ ਪੈਦਾ ਕਰਦੀ ਹੇ ਇਸ ਤੋਂ ਇਲਾਵਾ ਸਲਫਰ ਆਕਸਾਈਡ ਅਤੇ ਨਾਈਟਰੋਜਨ ਅਕਸਾਈਡ ਫੇਫੜਿਆਂ, ਖੂਨ,ਚਮੜੀ ਅਤੇ ਸਾਹ ਕਿਰਿਆ ਤੇ ਸਿੱਧਾ ਅਸਰ ਕਰਦੇ ਹਨ ਜੋ ਕਿ ਕੈਂਸਰ ਵਰਗੀਆਂ ਮੂਜ਼ੀ-ਬੀਮਾਰੀਆਂ ਨੂੰ ਸੱਦਾ ਦਿੰਦੇ ਹਨ। ਉਕਤ ਜ਼ਹਿਰੀਲੀਆਂ ਗੈਸਾਂ ਦੇ ਪਰਕੋਪ ਦਾ ਸ਼ਿਕਾਰ ਸਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ ਕਿਉਂ ਕਿ ਬੱਚਿਆਂ 'ਚ ਮੈਟਾਬੋਲਿਕ ਐਕਟੀਵਿਟੀ ਹੋਣ ਕਾਰਨ, ਉਹਨ੍ਹਾਂ ਵਿਚ ਗੈਸ ਨੂੰ ਸਮੋਹਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀ ਔਰਤਾਂ ਤੇ ਵੀ ਬਹੁਤ ਮਾੜਾ ਪਰਭਾਵ ਪਾਉਂਦੀਆਂ ਹਨ ।ਇਸ ਤੋਂ ਇਲਾਵਾ ਹਰ ਪ੍ਰਕਾਰ ਦਾ ਪ੍ਰਦੂਸ਼ਣ ਸਾਡੀ ਧਰਤੀ ਦੁਆਲੇ ਘੇਰਾ ਪਾਈ ਬੈਠੀ ਓ-ਜ਼ੋਨ ਪਰਤ ਵਿਚਕਾਰ ਸੁਰਾਖ ਕਰਦਾ ਹੈ ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਸੂਰਜੀ ਕਿਰਨਾ ਓ-ਜ਼ੌਨ ਪਰਤ ਵਿਚੋਂ ਦੀ ਪੁਣ-ਪੁਣ ਕੇ ਸਾਡੇ ਜ਼ਮੀਨ ਰੁਸ਼ਨਾਉਂਦੀਆਂ ਹਨ ਅਤੇ ਸਾਨੂੰ ਵਿਟਾਮਿਨ ਡੀ ਪ੍ਰਦਾਨ ਕਰਦੀਆਂ ਹਨ ਉਹ ਸਿੱਧੇ ਰੂਪ ਵਿਚ ਧਰਤੀ ਤੇ ਪੈਣ ਲੱਗਦੀਆਂ ਹਨ ਜਿਸਦਾ ਕਿ ਮਨੁੱਖ ਜਾਤੀ ਦੇ ਨਾਲ ਸਾਡੇ ਪਸ਼ੂਆਂ ਅਤੇ ਪੰਛੀਆਂ ਨੂੰ ਵੀ ਖਤਰਨਾਕ ਹੱਦ ਤੱਕ ਨੁਕਸਾਨ ਪੁੱਜਦਾ ਹੈ।
ਇਕ ਹੋਰ ਅਧਿਐਨ ਅਨੁਸਾਰ ਜਿਹੜੇ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ 'ਚ ਵਾਤਾਵਰਨ ਵਿਚ ਲਗਭਗ 60 ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਪਾਈ ਜਾਂਦੀ ਹੈ ਉਹਨ੍ਹਾਂ ਦੀ ਤਾਅਦਾਦ ਵਿਚ ਪਰਾਲੀ ਸਾੜਨ ਦੇ ਦਿਨਾਂ 'ਚ 425 ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਤੱਕ ਦਾ ਵਾਧਾ ਵੇਖਣ ਨੂੰ ਮਿਲਦਾ ਹੈ।ਇਸ ਤੋਂ ਇਲਾਵਾ ਪਰਾਲੀ ਸਾੜਨ ਕਾਰਨ ਲੌੜੀਂਦੀ ਸਰਦੀ ਦੇ ਮੌਸਮ ਵਿਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ ਸਰਦੀ ਦਾ ਘੱਟ ਪੈਣਾ ਕਣਕ ਤੇ ਮਾੜੇ ਪ੍ਰਭਾਵ ਪਾਉਣ ਕਾਰਨ ਬਣਦਾ ਹੈ।ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲਗਭਗ 500 ਕਰੋੜ ਦਾ ਨੁਕਸਾਨ ਹੁੰਦਾ ਹੈ।ਇਸ ਤੋਂ ਇਲਾਵਾ ਪਰਾਲੀ ਦੇ ਧੂਏਂ ਅਤੇ ਅੱਗ ਕਾਰਨ ਸੜਕਾਂ ਉਪਰ ਸਫਰ ਕਰ ਰਹੇ ਕਿੰਨੇ ਹੀ ਪਾਂਧੀ ਮੁਸਾਫਿਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਜਾਨੀ–ਮਾਲੀ ਨੁਕਸਾਨ ਦਾ ਘਾਣ ਹੁੰਦਾ ਹੈ। ਪਿਛਲੇ ਸਾਲ ਦੀ ਗੱਲ ਹੈ ਜਦੋਂ ਧੂਏ ਦੇ ਬਣੇ ਬਦਲਾਂ ਦੀ ਲਪੇਟ ਪੂਰੇ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿਚ ਵੀ ਕਈ ਦਿਨਾਂ ਤੱਕ ਹਨੇਰਾ ਛਾਇਆ ਰਿਹਾ।ਜਿਸ ਦੇ ਚਲਦਿਆਂ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਵਾਪਰੇ ਹਾਦਸੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਦੀ ਸਮੱਸਿਆਵਾਂ ਨਾਲ ਨਜਿੱਠਣਾ ਇਕੱਲੇ ਪ੍ਰਦੇਸ਼ ਸਰਕਾਰ ਦੇ ਵੱਸ ਦੀ ਗੱਲ ਨਹੀਂ ਸਗੋਂ ਇਹ ਸਮੁਚੇ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।ਇਸ ਦੇ ਹਲ ਲਈ ਸੂਬਾਈ ਅਤੇ ਕੇਂਦਰੀ ਸਰਕਾਰ ਦੋਵਾਂ ਨੂੰ ਹੀ ਸਾਂਝੇ ਰੂਪ ਵਿਚ ਆਪਸ ਵਿਚ ਮਿਲਜੁਲ ਕੇ ਕੰਮ ਕਰਨ ਦੀ ਲੌੜ ਹੈ ਅਤੇ ਨਾਲ ਹੀ ਦੋਂਵੇ ਸਰਕਾਰਾਂ ਨੂੰ ਕਿਸਾਨਾਂ ਦੇ ਤਮਾਮ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸੂਚਾਰੂ ਅਤੇ ਯੋਗ ਹੱਲ ਲੱਭਣੇ ਚਾਹੀਦੇ ਹਨ।ਸਾਨੂੰ ਸਭ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ ਇਸ ਦੇ ਚੋਗਿਰਦੇ ਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਇਕਲੀਆਂ ਸਰਕਾਰਾਂ ਦਾ ਕੰਮ ਨਹੀਂ ਹੈ ਸਗੋਂ ਇਸ ਨੰੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰ ਆਪਣਾ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
ਚਲੋ ਆਓ ਅਸੀ ਸਭ ਵੀ ਇਹੋ ਸਲੋਗਣ ਅਪਣਾਈਏ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ, ਸਗੋਂ ਇਸ ਨੂੰ ਆਪਣੇ ਖੇਤਾਂ ਵਿਚ ਹੀ ਮਿਲਾਓ ਅਤੇ ਵਾਤਾਵਰਣ ਨੂੰ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਸ਼ੁੱਧ ਬਣਾਓ।
ਮੁਹੱਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ 5 ਅਧਿਆਪਕ ਅਤੇ 20 ਬਾਲ ਕਵੀ ਸਨਮਾਨਿਤ
NEXT STORY