ਜਦ ਵੀ ਦੁਨੀਆ ਦੇ ਸਿਹਤਮੰਦ ਭੋਜਨ ਬਾਰੇ ਚਰਚਾ ਕੀਤੀ ਜਾਂਦੀ ਹੈ, ਤਾਂ ਫਲ ਅਤੇ ਸਬਜ਼ੀਆਂ, ਉਹਨਾਂ ਦੀ ਐਂਟੀ-ਆਕਸੀਡੈਂਟ ਸਮਰੱਥਾ, ਵਿਟਾਮਿਨ, ਖਣਿਜ, ਹੋਰ ਪੋਸ਼ਟਿਕ ਤੱਤ ਅਤੇ ਵੱਖ-ਵੱਖ ਸਿਹਤ ਲਾਭਾਂ ਕਾਰਨ, ਸੂਚੀ ਵਿਚ ਪਹਿਲੇ ਨੰਬਰ ਤੇ ਆਉਂਦੇ ਹਨ। ਬਦਕਿਸਮਤੀ ਨਾਲ, ਸਿਹਤਮੰਦ ਖੁਰਾਕ ਬਣਾਉਣ ਲਈ ਤਾਜ਼ਾ ਜੜੀਆਂ ਬੂਟੀਆਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ, ਪਰੰਤੂ ਜੜ੍ਹੀਆਂ ਬੂਟੀਆਂ ਵਿਚ ਵੀ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜਿਹੜੇ ਕਿ ਸਿਹਤ ਲਈ ਬਹੁਤ ਲਾਭਕਾਰੀ ਹਨ । ਪੁਦੀਨੇ ਵਿਚ ਐਂਟੀ-ਆਕਸੀਡੈਂਟ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ।ਇਹ ਇਕ ਖੁਸ਼ਬੂਦਾਰ ਬਾਰਾਂਮਾਸੀ ਜੜ੍ਹੀ-ਬੂਟੀ ਹੈ, ਜਿਸ ਨੂੰ ਕਿ ਆਮ ਤੌਰ ਤੇ ਪੁਦੀਨਾ ਅਤੇ ਵਿਗਿਆਨਕ ਤੌਰ ਤੇ ਮੇਂਥਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਸਾਰੇ ਪੰਜਾਬ ਵਿਚ, ਜਿੱਥੇ ਵੀ ਸਿੰਚਾਈ ਕੀਤੀ ਜਾਂਦੀ ਹੈ, ਪੁਦੀਨਾ ਉਗਾਇਆ ਜਾ ਸਕਦਾ ਹੈ। ਪੁਦੀਨਾ ਤਾਜ਼ਗੀ ਦਾ ਸਮਾਨਆਰਥਕ ਹੈ। ਪੁਦੀਨਾ ਕਿਸੇ ਵੀ ਪਕਵਾਨ ਵਿਚ ਵਾਧੂ ਖੁਸ਼ਬੂ ਮਿਲਾ ਦਿੰਦਾ ਹੈ। ਇਸ ਤੋਂ ਇਲਾਵਾ, ਪੁਦੀਨਾ ਬਾਜ਼ਾਰ ਵਿਚ ਮਿਲਣ ਵਾਲੇ ਵੱਖ-ਵੱਖ ਉਤਪਾਦਾਂ ਜਿਵੇਂ ਕਿ ਦੰਦਾਂ ਦੀ ਪੇਸਟ, ਬੱਬਲ-ਗਮ, ਸੁੰਦਰਤਾ ਉਤਪਾਦ, ਟੋਫੀਆਂ ਆਦਿ ਵਿਚ ਆਧਾਰ ਸਮੱਗਰੀ ਵਜੋਂ ਮੌਜੂਦ ਹੁੰਦਾ ਹੈ।
ਪੁਦੀਨੇ ਵਿਚ ਸੰਤ੍ਰਿਪਤ ਚਰਬੀ ਅਤੇ ਕੋਲੈਸਟਰੋਲ ਬਹੁਤ ਘੱਟ ਹੁੰਦੇ ਹਨ। ਇਹ ਪ੍ਰੋਟੀਨ, ਥਾਇਆਮਿਨ, ਨਾਈਸੀਨ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ , ਫਾਸਫੋਰਸ, ਜ਼ਿੰਕ, ਖੁਰਾਕੀ ਰੇਸ਼ੇ, ਰਾਇਬੋਫਲੇਵਿਨ, ਫੋਲੇਟ, ਕੈਲਸ਼ੀਅਮ, ਲੋਹਾ, ਮੈਗਨੀਸ਼ੀਅਮ, ਪੋਟਾਸ਼ੀਅਮ, ਤਾਂਬਾ ਅਤੇ ਮੈਗਨੀਜ਼ ਦਾ ਬਹੁਤ ਚੰਗਾ ਸੋਮਾ ਹੈ। ਇਹ ਜੜ੍ਹੀ-ਬੂਟੀ ਸੈਂਕੜੇ ਸਾਲਾਂ ਤੋਂ ਇਸ ਦੇ ਕਮਾਲ ਦੇ ਗੁਣਾਂ ਕਾਰਨ ਵਰਤੀ ਜਾ ਰਹੀ ਹੈ।
ਸਿਹਤ ਸੰਬਧੀ ਲਾਭ
ਮੋਖਿਕ ਸਿਹਤ ਵਿਚ ਸੁਧਾਰ:- ਪੁਦੀਨੇ ਵਿਚ ਬਹੁਤ ਸਾਰੇ ਬੈਕਟੀਰੀਆਂ ਅਤੇ ਸੋਜਿਸ਼ ਵਿਰੋਧੀ ਗੁਣ ਪਾਏ ਜਾਂਦੇ ਹਨ। ਇਹ ਮੂੰਹ ਵਿਚੋਂ ਬੈਕਟੀਰੀਆ ਨੂੰ ਕੱਢ ਕੇ ਮੋਖਿਕ ਸਹਿਤ ਵਧਾਉਦਾ ਹੈ।ਇਹ ਮੂੰਹ ਵਿਚੋਂ ਆਉਦੀਂ ਬਦਬੂ ਨੂੰ ਵੀ ਦੂਰ ਕਰਦਾ ਹੈ। ਇਹ ਜੀਭ ਅਤੇ ਦੰਦਾਂ ਨੂੰ ਕੁਦਰਤੀ ਤੌਰ ਤੇ ਸਾਫ ਰੱਖਦਾ ਹੈ।
ਭੁੱਖ ਵਿਚ ਵਾਧਾ:- ਪੁਦੀਨਾ ਭੁੱਖ ਵਧਾਉਦਾ ਹੈ ਅਤੇ ਹਾਜ਼ਮਾ ਠੀਕ ਰੱਖਦਾ ਹੈ।ਇਹ ਇੱਕ ਠੰਡੀ ਜੜ੍ਹੀ-ਬੂਟੀ ਹੈ, ਜੋ ਕਿ ਪਿੱਤ-ਸੱਤਰ ਨੂੰ ਵਧਾ ਕੇ ਹਾਜ਼ਮਾ ਠੀਕ ਰੱਖਣ ਵਿਚ ਸਹਾਈ ਹੁੰਦਾ ਹੈ।ਉਦਾਹਰਨ ਵਜੋਂ ਸਮੋਸਿਆ ਨਾਲ ਪੁਦੀਨੇ ਦੀ ਚਟਨੀ ਸਿਰਫ ਸਵਾਦ ਵਧਾਉਣ ਲਈ ਹੀ ਨਹੀਂ ਖਾਦੀ ਜਾਂਦੀ ਸਗੋਂ ਇਹ ਸਮੋਸਿਆਂ ਦੇ ਛੇਤੀ ਹਜ਼ਮ ਹੋਣ ਵਿਚ ਸਹਾਈ ਹੁੰਦੀ ਹੈ।
ਸਾਹ ਪ੍ਰਨਾਲੀ ਲਈ ਗੁਣਕਾਰੀ:- ਪੁਦੀਨਾ ਸਾਹ ਪ੍ਰਣਾਲੀ ਲਈ ਵੀ ਗੁਣਕਾਰੀ ਹੁੰਦਾ ਹੈ ਜਿਹੜਾ ਕਿ ਖੰਘ, ਜ਼ੁਕਾਮ, ਦਮਾ, ਐਲਰਜੀ ਇਥੋਂ ਤੱਕ ਕਿ ਟੀ. ਬੀ. ਲਈ ਵੀ ਗੁਣਕਾਰੀ ਹੈ।
ਕਈ ਬੀਮਾਰੀਆ ਲਈ ਲਾਹੇਵੰਦ:- ਪੁਦੀਨਾ ਇਕ ਉਹ ਜੜ੍ਹੀ-ਬੂਟੀ ਹੈ ਜਿਸ ਨਾਲ ਕਈ ਬੀਮਾਰੀਆਂ ਦਾ ਇਲਾਜ ਸੰਭਵ ਹੈ। ਇਹ ਭਾਰ ਘਟਾਉਦਾ ਹੈ, ਉਲਟੀਆਂ, ਥਕਾਨ, ਸਿਰਦਰਦ ਦਾ ਇਲਾਜ ਕਰਨ ਵਿਚ ਵੀ ਸਹਾਈ ਹੁੰਦਾ ਹੈ।
ਕੁਦਰਤੀ ਉਤੇਜਿਤ:- ਪੁਦੀਨਾ ਇਕ ਕੁਦਰਤੀ ਉਤੇਜਿਤ ਜੜ੍ਹੀ-ਬੂਟੀ ਹੈ, ਜੋ ਕਿ ਹਰ ਸਮ੍ਹੇਂ ਚੁਸਤ ਦਰੁਸਤ ਰੱਖਦੀ ਹੈ। ਜੇਕਰ ਤੁਸੀ ਥੱਕੇ-ਥੱਕੇ ਮਹਿਸੂਸ ਕਰਦੇ ਹੋ ਤਾਂ ਪੁਦੀਨਾ ਥਕਾਨ ਮਿਟਾਉਣ ਵਿਚ ਬੜਾ ਲਾਹੇਵੰਦ ਹੁੰਦਾ ਹੈ।
ਯਾਦ ਸ਼ਕਤੀ ਵਿਚ ਵਾਧਾ:- ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਲਗਾਤਾਰ ਪੁਦੀਨੇ ਵਾਲੀ ਬੱਬਲ-ਗਮ ਖਾਂਦੇ ਹਨ, ਉਨ੍ਹਾਂ ਦੀ ਯਾਦ ਸ਼ਕਤੀ ਦੂਜਿਆਂ ਨਾਲੋਂ ਵੱਧ ਹੁੰਦੀ ਹੈ।
ਅੱਖਾਂ ਦੀ ਰੋਸ਼ਨੀ ਵਿਚ ਵਾਧਾ:- ਪੁਦੀਨੇ ਵਿਚ ਵਿਟਾਮਿਨ ਏ ਹੁੰਦਾ ਹੈ, ਜਿਸ ਦਾ ਮੁੱਖ ਕੰਮ ਅੱਖਾਂ ਦੀ ਰੌਸ਼ਨੀ ਵਧਾਉਣਾ ਹੈ।ਇਹ ਮੰਨਿਆਂ ਜਾਂਦਾ ਹੈ ਕਿ ਜਿਸ ਵਿਅਕਤੀ ਦੀਆਂ ਅੱਖਾਂ ਕਮਜ਼ੋਰ ਹੋਣ ਉਸਨੂੰ ਵੱਧ ਤੋਂ ਵੱਧ ਪੁਦੀਨੇ ਅਤੇ
ਗਾਜਰਾਂ ਵਾਲੇ ਭੋਜਨ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਸੁੰਦਰਤਾ ਸੰਬਧੀ ਲਾਭ
ਫਿਨਸੀਆਂ ਲਈ ਲਾਭਕਾਰੀ:- ਇਸਦੇ ਬੈਕਟੀਰੀਆਂ ਵਿਰੋਧੀ ਗੁਣ ਫਿਨਸੀਆਂ ਅਤੇ ਮੁਹਾਸਿਆਂ ਵਾਲੀ ਚਮੜੀ 'ਤੇ ਅਜੂਬੇ ਦੀ ਤਰ੍ਹਾਂ ਕੰਮ ਕਰਦੇ ਹਨ।ਪੁਦੀਨੇ ਵਿਚ ਸੈਲੀਸਾਈਲਿਕ ਤੇਜਾਬ ਹੁੰਦੀ ਹੈ ਜੋ ਕਿ ਫਿਨਸੀਆਂ ਅਤੇ ਮੁਹਾਸਿਆਂ ਨੂੰ ਠੀਕ ਕਰਨ ਵਿਚ ਸਹਾਈ ਹੁੰਦਾ ਹੈ।ਪੁਦੀਨਾ ਕਈ ਕਲੀਨਸਰ, ਟੋਨਰ ਅਤੇ ਲਿਪ-ਬਾਮ ਵਿਚ ਵੀ ਵਰਤਿਆ ਜਾਂਦਾ ਹੈ।
ਕੁਦਰਤੀ ਚਮਕ ਲਈ ਲਾਭਕਾਰੀ:- ਪੁਦੀਨੇ ਵਿਚ ਸ਼ਕਤੀਸ਼ਾਲੀ ਐਟੀਂ-ਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਕਿ ਚਮੜੀ 'ਤੇ ਕੁਦਰਤੀ ਚਮਕ ਲੈ ਕੇ ਆਉਂਦੇ ਹਨ ਅਤੇ ਖੁਸ਼ਕ ਚਮੜੀ ਲਈ ਵੀ ਸਹਾਈ ਹੁੰਦੇ ਹਨ।
ਜਖਮਾਂ ਲਈ ਲਾਹੇਵੰਦ:- ਪੁਦੀਨੇ ਦਾ ਪਾਣੀ ਜ਼ਖਮਾਂ 'ਤੇ ਜਾਂ ਜਲੀ ਹੋਈ ਚਮੜੀ ਲਈ ਵੀ ਸਹਾਈ ਹੁੰਦਾ ਹੈ।
ਪਿੱਤ ਤੋਂ ਆਰਾਮ:- ਪਿੱਤ ਵਾਲੀ ਚਮੜੀ ਨੂੰ ਵੀ ਪੁਦੀਨਾ ਠੰਡਕ ਦਾ ਅਹਿਸਾਸ ਦਿੰਦਾ ਹੈ। ਪੁਦੀਨੇ ਦਾ ਪਾਣੀ ਮੱਛਰਾਂ ਦੇ ਕੱਟਣ ਤੇ ਵੀ ਗੁਣਕਾਰੀ ਹੁੰਦਾ ਹੈ।
ਖੁਸ਼ਕੀ ਤੋਂ ਰਾਹਤ:- ਪੁਦੀਨੇ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਵਿਚ ਪੈਰ ਡੋਬਣ ਨਾਲ ਪੈਰਾਂ ਦੀ ਖੁਸ਼ਕੀ ਅਤੇ ਬਦਬੂ ਖਤਮ ਹੋ ਜਾਂਦੀ ਹੈ।
ਵਾਲਾਂ ਲਈ ਲਾਹੇਵੰਦ:- ਪੁਦੀਨਾ ਵਾਲਾਂ ਦਾ ਬੜਾ ਚੰਗਾ ਕੰਡੀਸ਼ਨਰ ਹੈ। ਪੁਦੀਨੇ ਦੇ ਰਸ ਨੂੰ ਪਾਣੀ ਵਿਚ ਪਾ ਕੇ ਧੋਣ ਨਾਲ ਵਾਲ ਚਮਕਦਾਰ ਅਤੇ ਮੁਲਾਇਮ ਹੋ ਜਾਂਦੇ ਹਨ।
ਜੂਆਂ ਤੋਂ ਰਾਹਤ:- ਪੁਦੀਨੇ ਦਾ ਤੇਲ ਹਫਤੇ ਵਿਚ 2-3 ਵਾਰ ਵਾਲਾਂ ਤੇ ਲਗਾਉਣ ਨਾਲ ਜੂਆਂ ਤੋਂ ਨਿਜਾਤ ਮਿਲਦੀ ਹੈ। ਪੁਦੀਨੇ ਦੇ ਪੱਤੇ ਅਤੇ ਨਿੰਬੂ ਨੂੰ ਮਿਲਾ ਕੇ ਸਿਰ ਤੇ ਲਗਾਉਣ ਨਾਲ ਸਿਕਰੀ ਵੀ ਖਤਮ ਹੋ ਜਾਂਦੀ ਹੈ।
ਪੁਦੀਨਾ ਰਸੋਈ ਦੀ ਬਹੁਤ ਜਰੂਰੀ ਸਮੱਗਰੀ ਹੈ।ਇਸ ਨੂੰ ਕਈ ਥਾਂ ਤੇ ਵਰਤਿਆ ਜਾ ਸਕਦਾ ਹੈ:-
ਸਲਾਦ ਵਿਚ:- ਪੁਦੀਨੇ ਦੇ ਕੁਝ ਪੱਤੇ ਕੱਟ ਕੇ ਨਿੰਬੂ ਅਤੇ ਕੱਦੂਕਸ ਕੀਤੇ ਹੋਏ ਅਦਰਕ ਨਾਲ ਸਲਾਦ 'ਤੇ ਪਾਉਣ ਨਾਲ ਸਲਾਦ ਦੀ ਪੌਸ਼ਟਿਕਤਾ ਅਤੇ ਸਵਾਦ ਹੋਰ ਵੱਧ ਜਾਂਦਾ ਹੈ।
ਪਾਣੀ ਵਿਚ:- ਪੀਸੇ ਹੋਏ ਪੁਦੀਨੇ ਦੇ ਪੱਤੇ ਪਾਣੀ ਜਾਂ ਸਕੰਜਵੀਂ ਵਿਚ ਪਾਉਣ ਨਾਲ ਇਸ ਦਾ ਸੁਆਦ ਹੋਰ ਵੀ ਜ਼ਿਆਦਾ ਵਧਾਇਆ ਜਾ ਸਕਦਾ ਹੈ।
ਬਰਫ ਵਿਚ :- ਗਰਮੀਆਂ ਵਿਚ ਪੁਦੀਨੇ ਨੂੰ ਬਰਫ ਵਾਲੀ ਟਰੇਅ ਵਿਚ ਪਾ ਕੇ ਵਰਤਿਆ ਜਾ ਸਕਦਾ ਹੈ।
ਜੂਸ ਵਿਚ:- ਸੇਬ, ਖੀਰੇ, ਸੰਤਰੇ ਜਾਂ ਨਿੰਬੂ ਦੇ ਜੂਸ ਵਿਚ ਪੁਦੀਨਾ ਮਿਲਾ ਕੇ ਪੀਣ ਨਾਲ ਹੋਰ ਤਾਜ਼ਗੀ ਮਿਲਦੀ ਹੈ।
ਚਾਹ ਵਿਚ:- ਚਾਹ ਵਿਚ ਪੁਦੀਨਾ ਮਿਲਾ ਕੇ ਪੀਣ ਨਾਲ ਬਦਹਜ਼ਮੀ ਦੀ ਪ੍ਰੇਸ਼ਾਨੀ ਵੀ ਖਤਮ ਹੋ ਜਾਂਦੀ ਹੈ।
ਉਪਰ ਦਿੱਤੇ ਪੁਦੀਨੇ ਦੇ ਗੁਣਾਂ ਨੂੰ ਦੇਖਦੇ ਹੋਏ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਪੁਦੀਨੇ ਨੂੰ ਘਰੇਲੂ ਪੱਧਰ 'ਤੇ ਕਿਵੇਂ ਬੀਜਿਆ ਜਾ ਸਕਦਾ ਹੈ। ਪੁਦੀਨੇ ਦੀਆਂ ਚਾਰ ਸਪੀਸੀਜ ਮੈਂਥਾ ਅਰਵਿਨਸ, ਮੈਂਥਾ ਪੀਪਰਿਟਾ, ਮੈਂਥਾ ਸਪੀਕਾਟਾ ਅਤੇ ਮੈਂਥਾ ਸਿਟਰੇਟ ਹਨ, ਜਿਹੜੀਆਂ ਕਿ ਪੰਜਾਬ ਵਿਚ ਵਪਾਰਕ ਪੱਧਰ ਤੇ ਉਗਾਈਆਂ ਜਾਂਦੀਆਂ ਹਨ। ਮੈਂਥੇ ਦੀਆਂ ਤਿੰਨ ਮਸ਼ਹੂਰ ਕਿਸਮਾ ਹਨ ਕੋਸੀ, ਪੰਜਾਬ ਸਪੇਅਰਮਿੰਟ ਅਤੇ ਰਸ਼ੀਅਨ ਮਿੰਟ ਹਨ। ਕੋਸੀ ਦਾ ਝਾੜ ਸਭ ਤੋਂ ਵੱਧ ਹੁੰਦਾ ਹੈ।ਇਸ ਫਸਲ ਲਈ ਰੇਤਲੀ ਮਿੱਟੀ ਬਹੁਤ ਵਧੀਆ ਮੰਨੀ ਜਾਂਦੀ ਹੈ। ਪੁਦੀਨਾ ਬੀਜਣ ਦਾ ਢੁੱਕਵਾਂ ਸਮ੍ਹਾਂ ਜਨਵਰੀ ਹੁੰਦਾ ਹੈ।ਇਸ ਫਸਲ ਨੂੰ ਟ੍ਰਾਂਸਪਲਾਟ ਕਰਕੇ ਅਪ੍ਰੈਲ ਵਿਚ ਵੀ ਬੀਜਿਆ ਜਾ ਸਕਦਾ ਹੈ। ਪੁਦੀਨੇ ਨੂੰ ਵਪਾਰਕ ਪੱਧਰ ਤੇ ਗੰਨੇ, ਸੂਰਜਮੁੱਖੀ ਅਤੇ ਪਿਆਜ਼ ਨਾਲ ਇੰਟਰ ਕ੍ਰੌਪਿੰਗ ਕਰਕੇ ਵੀ ਬੀਜਿਆ ਜਾ ਸਕਦਾ ਹੈ। ਪੁਦੀਨੇ ਨੂੰ ਸਕੱਰਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ। ਘਰੇਲੂ ਪੱਧਰ ਤੇ 5-8 ਸੈਂਟੀ ਮੀਟਰ ਲੰਬੇ, 50 ਗਰਾਮ ਸਕੱਰ ਇਕ ਵਰਗ ਫੁੱਟ ਲਈ ਬਹੁਤ ਹੁੰਦੇ ਹਨ।ਪਾਣੀ ਦੇਣ ਤੋਂ ਪਹਿਲਾਂ 2.5 ਕਿਲੋ ਗਰਾਮ ਚੰਗੀ ਨਸਲੀ ਖਾਦ ਪਾਈ ਜਾ ਸਕਦੀ ਹੈ। ਪੁਦੀਨਾ ਜੈਵਿਕ ਖਾਦ ਪ੍ਰਤੀ ਵੀ ਅਨੁਕੂਲ ਹੈ। ਪੁਦੀਨੇ ਨੂੰ ਬੀਜਣਾ ਬਹੁਤ ਆਸਾਨ ਹੈ, ਇਥੋਂ ਤਕ ਕਿ ਇਸ ਨੂੰ ਘਰ ਵਿਚ ਗਮਲਿਆਂ ਵਿਚ ਵੀ ਬੀਜਿਆ ਜਾ ਸਕਦਾ ਹੈ।
ਪੁਦੀਨਾ ਆਪਣੇ ਆਪ ਵਿਚ ਇਕ ਸੰਪੁਰਣ ਜੜੀ-ਬੂਟੀ ਹੈ, ਜਿਸ ਨੂੰ ਕਈ ਪਕਵਾਨਾਂ ਵਿਚ ਵਰਤਿਆ ਜਾ ਸਕਦਾ ਹੈ। ਇਸ ਤੋਂ ਵੀ ਉਪਰ ਆਪਣੇ ਘਰ ਵਿਚ ਪੁਦੀਨਾ ਉੱਗਾ ਕੇ ਵਰਤਣ ਨਾਲ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਇਸ ਤੋਂ ਕਈ ਫਾਇਦੇ ਵੀ ਲਏ ਜਾ ਸਕਦੇ ਹਨ।
ਡਾ. ਮਨਦੀਪ ਸ਼ਰਮਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ)
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ
ਬੰਦਿਆਂ ਛੱਡਦੇ ਤੂੰ ਝਗੜੇ ਝੇੜੇ
NEXT STORY