20 ਵੀਂ ਸਦੀ ਦੇ ਗੁਰਬਾਣੀ ਦੀ ਗੁਰਮਤਿ ਤੇ ਵਿਆਕਰਣ ਅਨੁਸਾਰ ਵਿਆਖਿਆ ਦੇ ਧੁਰੰਤਰ ਵਿਦਵਾਨ , ਵਾਰਤਕ ਦੇ ਨਿਪੁੰਨ ਲੇਖਕ , ਗੁਰਮਤਿ ਅਨੁਸਾਰੀ ਸਿੱਖ ਇਤਿਹਾਸ ਲਿਖਣ ਵਾਲੇ ਸੁਘੜ ਦਾਰਸ਼ਨਿਕ , ਗੁਰਮਤਿ ਅਨੁਸਾਰੀ ਜੀਵਨ ਜੀਣ ਵਾਲੇ , ਮਹਾਨ ਗੁਰਸਿੱਖ ਪ੍ਰੋ.ਸਾਹਿਬ ਸਿੰਘ ਜੀ ਹੁਣਾ ਦਾ ਜਨਮ 16 ਫਰਵਰੀ 1892 ਈਸਵੀ ਨੂੰ ਪਿੰਡ ਫੱਤੇਵਾਲੀ , ਜ਼ਿਲ੍ਹਾ ਸਿਆਲਕੋਟ ਵਿੱਚ ਭਾਈ ਹੀਰਾ ਨੰਦ ਦੇ ਘਰ, ਮਾਤਾ ਨਿਹਾਲ ਦੇਈ ਦੀ ਕੁੱਖੋਂ ਹੋਇਆ । ਹਿੰਦੂ ਪਰਿਵਾਰ ਵਿੱਚ ਜਨਮ ਲੈਣ ਕਰਕੇ ਆਪ ਦਾ ਪਹਿਲਾਂ ਨਾਮ ਨੱਥੂ ਰਾਮ ਸੀ। ਮੁੱਢਲੀ ਵਿੱਦਿਆ ਲਈ ਪਹਿਲਾਂ ਪੰਜਾਬੀ ਦੇ ਸ਼ਾਹ ਕਾਰ ਕਵੀ ਮੀਆਂ ਹਾਸ਼ਮ ਸ਼ਾਹ ਦੇ ਪੁੱਤਰ ਮੀਆਂ ਹਯਾਤ ਕੋਲ ਪੜ੍ਹਨ ਬੈਠਾਇਆ, ਫਿਰ ਕੁਝ ਸਮੇਂ ਬਾਅਦ ਰਈਏ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲੱਗੇ ਤੇ ਇਥੋਂ 1902 ਵਿੱਚ ਪੰਜਵੀਂ ਜਮਾਤ ਪਾਸ ਕੀਤੀ।ਕਾਜੀ ਜਲਾਲਦੀਨ ਦੀ ਹੱਲਾ ਸ਼ੇਰੀ ਸਦਕਾ ਭਾਈ ਹੀਰਾ ਨੰਦ ਨੇ ਘਰ ਦੀ ਗ਼ਰੀਬੀ ਦੀ ਪਰਵਾਹ ਨਾ ਕਰਦਿਆਂ ਮਿਡਲ ਦੀ ਪੜ੍ਹਾਈ ਲਈ ਗੋਤਾ ਫਤਹਗੜ੍ਹ ਦੇ ਵਰਨੈਕੁਲਰ ਮਿਡਲ ਸਕੂਲ ਵਿੱਚ ਭਰਤੀ ਕਰਵਾਇਆ।
ਕੇਸ ਰੱਖਣ ਦਾ ਵਿਚਾਰ
ਪਿੰਡ ਢੇਹ ਦੇ ਬਹੁਤੇ ਸਿੰਘ ਫ਼ੌਜੀ ਸਨ।ਇਹਨਾਂ ਨੂੰ ਵੇਖ ਕੇ ਕਾਕੇ ਨੱਥੂ ਰਾਮ ਦੇ ਮਨ ਵਿੱਚ ਇਹ ਵੀਚਾਰ ਪੱਕਣ ਲੱਗਾ ਕਿ ਹਿੰਦੂ ਜਾਂ ਮੁਸਲਮਾਨ ਨਾਲੋਂ ਸਿੰਘ ਵਧੀਕ ਸੋਹਣੇ ਤੇ ਜਵਾਨ ਦਿਖਦੇ ਹਨ । ਉਹਨਾਂ ਵੱਲ ਵੇਖ ਕੇ ਮਨ ਵਿੱਚ ਕੇਸ ਰੱਖਣ ਦਾ ਫੁਰਨਾ ਫੁਰਿਆ। 1905 ਵਿੱਚ ਮਿਡਲ ਦਾ ਇਮਤਿਹਾਨ ਵੀ ਹੋ ਗਿਆ।ਇਹਨਾਂ ਦਿਨਾਂ ਵਿੱਚ ਹੀ 13 ਸਾਲ ਦੇ ਨੱਥੂ ਰਾਮ ਦਾ ਵਿਆਹ ਕਿਸ਼ਨ ਚੰਦ ਦੀ 11 ਸਾਲ ਦੀ ਧੀ ਦੁਰਗਾ ਦੇਵੀ ਨਾਲ ਹੋਇਆ।ਮਿਡਲ ਦਾ ਨਤੀਜਾ ਆਇਆ ਤਾਂ ਨੱਥੂ ਰਾਮ ਰਾਵਲਪਿੰਡੀ ਡਿਵੀਜ਼ਨ ਵਿਚ ਪਹਿਲੇ ਦਰਜੇ ਤੇ ਆਇਆ ਤਾਂ ਛੇ ਰੁਪਏ ਵਜੀਫ਼ਾ ਵੀ ਲੱਗ ਗਿਆ।
ਨੱਥੂ ਰਾਮ ਤੋਂ ਸਾਹਿਬ ਸਿੰਘ ਬਣਨਾ
ਗਰਮੀਆਂ ਦੀਆਂ ਛੁੱਟੀਆਂ ਵਿੱਚ ਇਕ ਦਿਨ ਘਰ ਨੱਥੂ ਰਾਮ ਦੀ ਦਾਦੀ ਦੀ ਭੈਣ ਦਾ ਦੋਹਤਰਾ ਮਹਾਰਾਜ, ਜੋ ਹੁਣ ਪਾਹੁਲ ਲੈ ਧਰਮ ਸਿੰਘ ਬਣ ਚੁੱਕਾ ਸੀ, ਮਿਲਣ ਆਇਆ ।ਉਸ ਵੱਲ ਵੇਖ ਕੇ ਨੱਥੂ ਰਾਮ ਦਾ ਸਿੱਖ ਬਣਨ ਦਾ ਵੀਚਾਰ ਹੋਰ ਦ੍ਰਿੜ ਹੋ ਗਿਆ।ਧਰਮ ਸਿੰਘ ਦੀ ਬਦੌਲਤ ਹੀ ਕਲਾਸਵਾਲਾ ਦੀ ਸਿੰਘ ਸਭਾ ਦੁਆਰਾ ਕਰਵਾਏ ਗਏ ਖੰਡੇ ਬਾਟੇ ਦੀ ਪਾਹੁਲ ਦੇ ਸਮਾਗਮ ਵਿੱਚ ਹੀ ਸਿੱਖ ਬਣਨ ਲਈ ਨੱਥੂ ਰਾਮ ਤੇ ਤੁਲਸੀ ਰਾਮ ਪੁੱਜ ਗਏ।ਇਥੇ ਪਾਹੁਲ ਲੈ ਕਿ ਦੋਨੋਂ ਸਾਹਿਬ ਸਿੰਘ ਤੇ ਜਗਜੋਧ ਸਿੰਘ ਬਣ ਗਏ।ਧਰਮ ਸਿੰਘ ਦੀ ਸੰਗਤ ਨੇ ਜਿੱਥੇ ਗੁਰਬਾਣੀ ਪ੍ਰਤੀ ਪ੍ਰੇਮ ਪੈਦਾ ਕੀਤਾ , ਉਥੇ ਵਿਦੇਸ਼ੀ ਰਾਜ ਦੀ ਗੁਲਾਮੀ ਪ੍ਰਤੀ ਆਗਾਹ ਵੀ ਕੀਤਾ ।ਇਹਨਾਂ ਦਿਨਾਂ ਵਿੱਚ ਹੀ ਸੰਸਕ੍ਰਿਤ ਮਜ਼ਮੂਨ ਨਾਲ ਸਾਂਝ ਪਈ ਤੇ ਉੱਧਰ ਸਿਰ ਤੋਂ ਪਿਓ ਦਾ ਸਾਇਆ ਵੀ ਉੱਠ ਗਿਆ।ਦਸਵੀਂ ਜਮਾਤ ਦੇ ਦਾਖ਼ਲੇ ਜਾਣ ਦੀ ਰਕਮ ਦਾ ਇੰਤਜ਼ਾਮ ਵਿਧਵਾ ਭੂਆ ਨੇ ਆਪਣੀਆਂ ਟੂਮਾਂ ਗਹਿਣੇ ਰੱਖ ਕੇ ਕੀਤਾ।ਇਹਨਾਂ ਦਿਨਾਂ ਵਿੱਚ ਭਾਈ ਗਿਆਨ ਸਿੰਘ ਨਾਮਧਾਰੀ ਦੀ ਸੰਗਤ ਵੀ ਕੀਤੀ ।
ਨੌਕਰੀ ਲਈ ਦਰ-ਦਰ ਮੰਗਣਾ
ਘਰ ਤੋਰਨ ਲਈ ਮੁੱਢਲੇ ਰੂਪ ਵਿਚ ਡਾਕਖ਼ਾਨੇ ਮੁਲਾਜਮਤ ਵੀ ਕੀਤੀ।ਜਦ ਸਿਆਲਕੋਟ ਡਾਕਖ਼ਾਨੇ ਦਾ ਕੰਮ ਸਿਖਣ ਜਾਣਾ ਸੀ ਤਾਂ ਰੋਟੀ ਖਾਣ ਵਾਸਤੇ ਵੀ ਪੈਸੇ ਚਾਹੀਦੇ ਸਨ ਪਰ ਗ਼ਰੀਬ ਦੀ ਬਾਂਹ ਕੌਣ ਫੜਦਾ। ਵਿਚਾਰੀ ਮਾਂ ਕਈ ਘਰਾਂ ਵਿਚ ਉਧਾਰ ਪੈਸੇ ਮੰਗਣ ਗਈ ਪਰ ਸਭ ਨੇ ਜੁਆਬ ਦਿਤਾ। ਆਖਰ ਜੋ ਇਹਨਾਂ ਦੇ ਘਰ ਦਾ ਕੂੜਾ ਸੁੱਟਦੀ ਸੀ ਉਸ ਅੱਗੇ ਮਾਂ ਨੇ ਤਰਲਾ ਮਾਰਿਆ ਤੇ ਉਸ ਵਿਚਾਰੀ ਦੇ ਮਨ ਮਿਹਰ ਪਈ ਤੇ ਉਸਨੇ ਦੋ ਰੁਪਏ ਲਿਆ ਦਿੱਤੇ। ਇਸ ਨੌਕਰੀ ਨਾਲ ਵੀ ਪੂਰੀ ਨਹੀਂ ਪੈ ਰਹੀ ਸੀ, ਸੂਦ ਹੀ ਉਤਰਦਾ ਸੀ, ਕਰਜਾ ਤੇ ਉਥੇ ਹੀ ਖਲੋਤਾ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੀਤ ਸਕੱਤਰ
ਸਾਹਿਬ ਸਿੰਘ ਹੁਣਾ ਨੇ ਬੀ.ਏ ਕਰਨ ਦਾ ਇਰਾਦਾ ਪੱਕਾ ਕਰ , ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਲਾਹੌਰ ਵੱਲ ਮੂੰਹ ਕੀਤਾ ।ਇਸ ਵਕਤ ਇਹਨਾਂ ਕੋਲ ਦੋ ਰੁਪਏ , ਇਕ ਕਮੀਜ਼ ਪਜ਼ਾਮਾ ਤੇ ਇਕ ਅਧ ਹੰਢੀ ਜੁੱਤੀ ਸੀ । ਪੰਡਿਤ ਵਿਤਸਤਾ ਪ੍ਰਸਾਦਿ ਨੇ ਤਿੰਨ ਕਮੀਜ਼ ਪਜਾਮੇ ਬਣਾ ਕੇ ਦਿੱਤੇ ਤੇ ਨਾਲੇ ਆਪਣੇ ਅਸਰ ਰਸੂਖ ਨਾਲ ਅੱਧੀ ਫ਼ੀਸ ਮੁਆਫ਼ ਕਰਵਾ ਦਿੱਤੀ। ਇੰਨੀ ਗੁਰਬਤ ਤੇ ਘਰ ਦੀਆਂ ਜ਼ਿੰਮੇਵਾਰੀਆਂ ਵਿਚ ਸਾਹਿਬ ਸਿੰਘ ਹੁਣਾ ਆਪਣੀ ਪੜ੍ਹਾਈ ਮੁਕੱਮਲ ਕੀਤੀ ਤੇ 8 ਸਤੰਬਰ 1915 ਨੂੰ ਫਰੂਕੇ ਦੇ ਖ਼ਾਲਸਾ ਹਾਈ ਸਕੂਲ ਵਿਚ ਪੜ੍ਹਾਉਣ ਲੱਗੇ। 1917 ਵਿੱਚ ਆਪਣਾ ਸਾਰਾ ਕਰਜ ਵੀ ਲਾਹਿਆ ਤੇ ਭੂਆ ਦੀਆਂ ਗਹਿਣੇ ਪਈਆਂ ਟੂਮਾਂ ਵੀ ਛੁਡਾ ਲਈਆਂ। 1917 ਵਿੱਚ ਗੁਜਰਾਂਵਾਲੇ ਦੇ ਖਾਲਸਾ ਕਾਲਜ ਵਿੱਚ ਆ ਗਏ। 20 ਜੁਲਾਈ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੀਤ ਸਕੱਤਰ ਵਜੋਂ ਸੇਵਾ ਸ਼ੁਰੂ ਕੀਤੀ। ਦਸੰਬਰ 1920 ਵਿਚ ਇਕ ਦਿਨ ਪਾਠ ਕਰਦਿਆਂ ਜਦ ਇਹ ਪੰਕਤੀ ਆਈ ,
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ।।
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ।।
ਇਸ ਵਿਚ 'ਆਹਰ' ਸਬਦ ਦੇ ਤਿੰਨ ਰੂਪਾਂ ਨੇ ਸਾਹਿਬ ਸਿੰਘ ਦਾ ਧਿਆਨ ਗੁਰਬਾਣੀ ਵਿਆਕਰਣ ਵੱਲ ਮੋੜਿਆ ਪਰ ਦਫ਼ਤਰੀ ਕੰਮ ਕਾਜ ਕਰਕੇ ਇਸ ਪਾਸੇ ਬਹੁਤਾ ਉੱਦਮ ਨ ਕਰ ਸਕੇ। ਜਦ ਸ਼੍ਰੋਮਣੀ ਕਮੇਟੀ ਬੈਨ ਹੋਈ ਤਾਂ ਆਪ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜੇਲ੍ਹ ਵਿੱਚ ਆਪ ਨੇ ਆਪਣਾ ਬਹੁਤਾ ਸਮਾਂ ਗੁਰਬਾਣੀ ਵਿਆਕਰਣ 'ਤੇ ਲਾਇਆ। ਜਦ ਜੇਲ੍ਹ ਤੋਂ ਰਿਹਾ ਹੋ ਮੁੜ ਦਫ਼ਤਰੀ ਕੰਮ ਵਿੱਚ ਲੱਗੇ ਤਾਂ ਮਨ ਨੇ ਗੁਰਬਾਣੀ ਦੇ ਖੋਜ ਵੱਲ ਤੁਰਨ ਲਈ ਬਲ ਦਿੱਤਾ, ਅਖੀਰ 250 ਰੁਪਏ ਦੀ ਕਮੇਟੀ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ 150 ਰੁਪਏ ਦੀ ਨੌਕਰੀ ਖਾਲਸਾ ਕਾਲਜ ਗੁਜਰਾਂਵਾਲੇ ਸ਼ੁਰੂ ਕੀਤੀ।
ਖਾਲਸਾ ਕਾਲਜ ਅੰਮ੍ਰਿਤਸਰ 'ਚ ਨੌਕਰੀ
1929 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਾਲਿਆਂ ਨੇ ਸੱਦਾ ਪੱਤਰ ਦਿੱਤਾ ਤਾਂ ਗੁਜਰਾਂਵਾਲੇ ਤੋਂ ਵਿਹਲੇ ਹੋ ਜਦ ਅੰਮ੍ਰਿਤਸਰ ਪੁੱਜੇ ਤਾਂ ਇਹਨਾਂ ਨੇ ਰਾਜਨੀਤਿਕ ਕਾਰਨਾਂ ਕਰਕੇ ਖੜੇ ਪੈਰ ਨੌਕਰੀ ਤੋਂ ਜੁਆਬ ਦੇ ਦਿਤਾ।ਫਲਸਰੂਪ ਦੁਬਾਰਾ ਕਮੇਟੀ ਵਿੱਚ 150 ਰੁਪਏ ਮਹੀਨਾ ਤੇ ਸੁਪਰਡੈਂਟ ਦੀ ਨੌਕਰੀ ਸ਼ੁਰੂ ਕੀਤੀ ਪਰ ਵਾਹਿਗੁਰੂ ਨੇ ਉਹਨਾਂ ਕੋਲੋਂ ਹੋਰ ਸੇਵਾ ਲੈਣੀ ਸੀ। ਸੋ ਦੁਬਾਰਾ ਫਿਰ ਉਹਨਾਂ ਦੀ ਨੌਕਰੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਈ।ਇਹਨਾਂ ਦਿਨਾਂ ਵਿੱਚ ਹੀ ਉਹਨਾਂ ਨੇ ਭਗਤ ਬਾਣੀ , ਭੱਟ ਬਾਣੀ ਤੇ ਵਿਆਕਰਣ ਉੱਪਰ ਕੰਮ ਕੀਤਾ।ਉਹਨਾਂ ਦੇ ਲੇਖ ਵੱਡੇ ਵੱਡੇ ਰਸਾਲੇ ਤੇ ਅਖ਼ਬਾਰਾਂ ਵਿੱਚ ਛੱਪਦੇ ਸਨ ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ
1952 ਵਿਚ ਖਾਲਸਾ ਕਾਲਜ ਤੋਂ ਸੇਵਾ ਮੁਕਤ ਹੋ ਕੇ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬਣੇ। ਉਹ ਗੁਰਬਾਣੀ ਦੇ ਵਿਆਖਿਆਕਾਰ ਹੀ ਨਹੀਂ , ਗੁਰਬਾਣੀ ਦੀ ਕਮਾਈ ਵਾਲੇ ਮਹਾਪੁਰਖ ਸਨ । ਸਵੇਰੇ ਨਿਤਨੇਮ ਵਕਤ ਵਿਦਿਆਰਥੀਆਂ ਤੋਂ ਪਹਿਲਾਂ ਦਰਬਾਰ ਵਿਚ ਹਾਜਰ ਹੁੰਦੇ ਸਨ । ਰਾਜਨੀਤੀ ਤੋਂ ਦੂਰੀ ਬਣਾ ਕੇ ਚੱਲਦੇ ਸਨ। ਆਪਣੇ ਹੱਥੀਂ ਵਿਦਿਆਰਥੀਆਂ ਦੇ ਪਿਸ਼ਾਬ ਖਾਨੇ ਤੇ ਟੱਟੀ ਖਾਨੇ ਦੀ ਸਫ਼ਾਈ ਤੱਕ ਕਰਦੇ ਸਨ, ਨਾਲ ਵਿਦਿਆਰਥੀਆਂ ਨੂੰ ਲਾ ਲੈਂਦੇ ਸਨ ।ਸਾਹਿਬ ਸਿੰਘ ਹੁਣਾ ਦਾ ਜੀਵਨ ਬਹੁਤ ਸਾਦਗੀ ਭਰਪੂਰ ਤੇ ਗੁਰਮਤਿ ਅਨੁਸਾਰ ਸੀ।ਉਹ ਕਿੰਨੇ ਗੁਰੂ ਨੂੰ ਸਮਰਪਿਤ ਸਨ , ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਲਵੋ ਕਿ ਪੰਜਾਬ ਐਜੂਕੇਸ਼ਨ ਬੋਰਡ ਨੇ ਪ੍ਰੋ.ਸਾਹਿਬ ਸਿੰਘ ਹੁਣਾ ਨਾਲ ਸੰਪਰਕ ਕੀਤਾ ਕਿ ਉਹ ਪੰਜਾਬੀ ਵਿਆਕਰਣ ਬਣਾ ਕੇ ਦੇਣ , ਜਿਸ ਦੇ ਇਵਜ ਵਿਚ ਬੋਰਡ ਉਹਨਾਂ ਨੂੰ 20000 ਰੁਪਏ ਦਵੇਗਾ ਪਰ ਇਸ ਗੁਰਮੁਖ ਰੂਹ ਨੇ ਇਹ ਕਹਿ ਇਨਕਾਰ ਕਰ ਦਿੱਤਾ ਕਿ " ਮੇਰੇ ਪਾਸ ਜੋ ਸਮਾਂ ਹੈ ਉਸ ਦਾ ਇਕ ਇਕ ਪਲ ਗੁਰੂ ਲਈ ਹੈ , ਵਿਆਕਰਣਾਂ ਲਿਖ ਪੈਸੇ ਕਮਾਉਣ ਲਈ ਹੋਰ ਬਥੇਰੇ ਨੇ!"
ਡੀ.ਲਿਟ ਦੀ ਡਿਗਰੀ ਨਾਲ ਸਨਮਾਨਿਤ
7 ਜਨਵਰੀ 1971 ਨੂੰ ਪੰਜਾਬੀ ਯੂਨੀਵਰਸਿਟੀ ਨੇ ਆਪ ਦੀ ਘਾਲਣਾ ਨੂੰ ਨਤਮਸਤਕ ਹੁੰਦਿਆਂ ਆਪ ਨੂੰ ਡੀ.ਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ। ਪਿਛਲੇ ਪੰਜ ਸਾਲ ਜ਼ਿੰਦਗੀ ਦੇ ਸਿਹਤ ਪੱਖੋਂ ਬਹੁਤੇ ਚੰਗੇ ਨਹੀਂ ਰਹੇ। ਪਹਿਲਾਂ ਚੱਲਣਾ ਫਿਰਨਾ ਬੰਦ ਹੋਇਆ, ਫਿਰ ਬੋਲਣੋ ਵੀ ਰਹਿ ਗਏ, ਨਜ਼ਰ ਤੇ ਸੁਣਨ ਸ਼ਕਤੀ ਵੀ ਘਟ ਗਈ।ਯਾਦਦਾਸ਼ਤ 'ਤੇ ਬਹੁਤ ਅਸਰ ਪਿਆ। ਅਖ਼ੀਰ ਕੌਮ ਦਾ ਇਹ ਮਹਾਨ ਵਿਦਵਾਨ 29 ਅਕਤੂਬਰ 1977 ਨੂੰ ਸਦੀਵੀਂ ਤੌਰ 'ਤੇ ਸਰੀਰ ਕਰ ਕੇ ਇਸ ਦੁਨੀ ਸੁਹਾਵੇ ਬਾਗ ਨੂੰ ਛੱਡ ਗਿਆ ਪਰ ਆਪਣੀ ਕਲਮ ਦੇ ਸਦਕਾ ਉਹ ਹਮੇਸ਼ਾ ਜਿੰਦਾ ਰਹੇਗਾ।
ਪ੍ਰੋ.ਸਾਹਿਬ ਦੀਆਂ 40 ਦੇ ਕਰੀਬ ਲਿਖਤਾਂ ਵਿਚੋਂ ਕੁਝ ਪ੍ਰਮੁੱਖ ਲਿਖਤਾਂ ਦੇ ਨਾਮ;-
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਜਿਲਦਾਂ )
ਗੁਰਬਾਣੀ ਵਿਆਕਰਣ
ਦਸ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਦਸ ਕਿਤਾਬਾਂ
ਬਾਬਾਣੀਆ ਕਹਾਣੀਆਂ
ਸਿਮਰਨ ਦੀਆਂ ਬਰਕਤਾਂ
ਬੁਰਾਈ ਦਾ ਟਾਕਰਾ
ਸਿਖੁ ਸਿਦਕ ਨ ਹਾਰੇ
ਸਦਾਚਾਰਕ ਲੇਖ
ਗੁਰਮਤ ਪ੍ਰਕਾਸ਼
ਧਰਮ ਤੇ ਸਦਾਚਾਰ
ਆਦਿ ਬੀੜ ਬਾਰੇ
ਸਰਬੱਤ ਦਾ ਭਲਾ
ਗੁਰਬਾਣੀ ਤੇ ਇਤਿਹਾਸ ਬਾਰੇ
ਮੇਰੀ ਜੀਵਨ ਕਹਾਣੀ (ਸਵੈ ਜੀਵਨੀ)
ਭਗਤ ਬਾਣੀ ਸਟੀਕ (ਪੰਜ ਜਿਲਦਾਂ)
ਨਿਤਨੇਮ ਸਟੀਕ
ਆਸਾ ਦੀ ਵਾਰ ਸਟੀਕ
ਭੱਟਾਂ ਦੇ ਸਵਈਏ ਸਟੀਕ
ਤੇ ਹੋਰ ਵੀ ਕਈ ਬਾਣੀਆਂ ਦੇ ਸਟੀਕ
ਬਲਦੀਪ ਸਿੰਘ ਰਾਮੂੰਵਾਲੀਆ
ਨੋਟ: ਪ੍ਰੋ.ਸਾਹਿਬ ਸਿੰਘ ਦੀਆਂ ਗੁਰਮਤਿ ਦੇ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ?
ਕਲਾ ਤੇ ਵਿੱਦਿਆ ਦੀ ਦੇਵੀ ਸਰਸਵਤੀ ਦਾ ਜਨਮ ਦਿਹਾੜਾ ‘ਬਸੰਤ ਪੰਚਮੀ’
NEXT STORY