ਭਾਰਤ ਨੂੰ ਆਜ਼ਾਦ ਹੋਇਆ ਬਹੁਤ ਲੰਮਾ ਸਮਾਂ ਬੀਤ ਗਿਆ ਹੈ ਪਰ ਅਜੇ ਸਾਡਾ ਦੇਸ਼ ਬਹੁਤ ਸਾਰੀਆਂ ਸਮਾਜਿਕ, ਆਰਿਥਕ, ਰਾਜਨੀਤਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ ।ਇਹ ਸਮੱਸਿਆਵਾਂ ਸਾਡੇ ਦੇਸ਼ ਦੇ ਵਿਕਾਸ ਵਿਚ ਬਹੁਤ ਵੱਡੀ ਰੁਕਾਵਟ ਸਾਬਿਤ ਹੋ ਰਹੀਆਂ ਹਨ। ਇਹਨਾਂ ਸਮੱਸਿਅਵਾਂ ਵਿਚੋਂ ਬੜੀ ਹੀ ਗੰਭੀਰ ਸਮੱਸਿਆ ਹੈ ਬਾਲ ਮਜ਼ਦੂਰੀ । ਕਿਸੇ ਵੀ ਖੇਤਰ ਵਿਚ ਬੱਚਿਆਂ ਤੋਂ ਲਈ ਗਈ ਸੇਵਾ ਜਾਂ ਮਜ਼ਦੂਰੀ ਨੂੰ ਬਾਲ ਮਜ਼ਦੂਰੀ ਕਹਿੰਦੇ ਹਨ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਗਰੀਬੀ, ਗੈਰ-ਜਿੰਮੇਵਾਰ ਮਾਤਾ-ਪਿਤਾ, ਘੱਟ ਲਾਗਤ ਨਾਲ ਪੈਦਾਵਾਰ ਕਰਨ ਦਾ ਲਾਲਚ ਆਦਿ । ਕਾਰਨ ਭਾਵਂੇ ਕੋਈ ਵੀ ਹੋਵੇ ਪਰ ਉਹਨਾਂ ਬਾਲ ਮਜ਼ਦੂਰਾਂ ਦਾ ਜ਼ਿੰਦਗੀ ਦਾ ਅਨਮੋਲ ਰਤਨ ਬਚਪਨ ਤਬਾਹ ਹੋ ਜਾਂਦਾ ਹੈ । ਬਚਪਨ ਜ਼ਿੰਦਗੀ ਦਾ ਉਹ ਪੜਾਅ ਹੈ ਜਿਸ ਵਿਚ ਸਭ ਤੋਂ ਵਧ ਸਿੱਖਿਆ ਅਤੇ ਆਨੰਦ ਮਾਣਿਆ ਜਾਂਦਾ ਹੈ। ਬਚਪਨ ਵਿਚ ਹੀ ਬੱਚੇ ਦਾ ਸਾਰੇ ਮਾਨਸਿਕ, ਸਰੀਰਕ, ਭਾਵਨਾਤਮਿਕ ਤੱਥਾਂ ਦਾ ਵਿਕਾਸ ਹੁੰਦਾ ਹੈ । ਬਚਪਨ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਹਸੀਨ ਪਲ ਹੁੰਦਾ ਹੈ ਜਿਸ ਵਿਚ ਨਾ ਤਾਂ ਕਿਸੇ ਗੱਲ ਦੀ ਚਿੰਤਾ ਹੁੰਦੀ ਹੈ ਅਤੇ ਨਾ ਹੀ ਕੋਈ ਜਿੰਮੇਵਾਰੀ । ਬਸ ਹਰ ਸਮੇਂ ਖੇਡਣਾ, ਪੜ੍ਹਨਾ ਅਤੇ ਮਸਤ ਰਹਿਣਾ । ਪਰ ਹਰ ਇਕ ਦਾ ਬਚਪਨ ਅਜਿਹਾ ਹੋਵੇ ਇਹ ਜ਼ਰੂਰੀ ਵੀ ਨਹੀਂ। ਕਈ ਕਰਮਾਂ ਦੇ ਮਾਰੇ ਆਪਣੇ ਬਚਪਨ ਦਾ ਕਤਲ ਕਰਕੇ ਮਜ਼ਦੂਰੀ ਦੇ ਦਲਦਲ ਵਿਚ ਡਿੱਗ ਪੈਂਦੇ ਹਨ।ਅਜਿਹੇ ਬੱਚਿਆਂ ਦਾ ਸਮਾਂ ਸਕੂਲ ਦੀਆਂ ਕਾਪੀਆਂ–ਕਿਤਾਬਾਂ, ਦੋਸਤਾਂ ਮਿੱਤਰਾਂ ਵਿਚ ਨਹੀਂ ਸਗੋਂ ਹੋਟਲਾਂ, ਘਰਾਂ ਵਿਚ ਬਰਤਨ ਸਾਫ ਕਰਨ ਅਤੇ ਉਦਯੋਗਾਂ ਵਿਚ ਮਸ਼ੀਨਾਂ ਦੇ ਵਿਚ ਬੀਤਦਾ ਹੈ । ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਗਲੀਆਂ, ਨੁੱਕੜਾਂ ਤੇ ਕਈ ਰਾਜੂ, ਛੋਟੂ, ਚਵਨੀ ਆਦਿ ਮਿਲ ਹੀ ਜਾਣਗੇ ਜੋ ਬਾਲ ਮਜ਼ਦੂਰੀ ਦੇ ਸਿੰਕਜੇ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਕਹਿੰਦੇ ਹਨ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤਾਂ ਸਹਿਜੇ ਹੀ ਇਹ ਕਿਹਾ ਜਾ ਸਕਦਾ ਹੈ ਕਿ ਉਸ ਦੇਸ਼ ਦਾ ਭਵਿੱਖ ਕੀ ਹੋਵੇਗਾ ਜਿੱਥੇ ਬੱਚੇ ਜਨਮ ਲੈਂਦੇ ਹੀ ਮਜ਼ਦੂਰ ਬਣ ਜਾਂਦੇ ਹਨ ਜਿੱਥੇ ਬੱਚਿਆਂ ਦੇ ਕੋਮਲ-ਕੋਮਲ ਹੱਥਾਂ ਵਿਚ ਸਖਤ ਕੰੰਮ ਫੜ੍ਹਾ ਦਿੱਤੇ ਜਾਂਦੇ ਹਨ ।ਇਹ ਇਕ ਬਹੁਤ ਵੱਡਾ ਸਰਾਪ ਹੈ।ਦੇਸ਼ ਵਿਚ ਲਗਾਤਾਰ ਵਧ ਰਹੀ ਜਨਸੰਖਿਆਂ, ਸੀਮਿਤ ਸਾਧਨਾਂ ਕਰਕੇ ਗ਼ਰੀਬੀ ਨੂੰ ਜਨਮ ਦੇ ਰਹੀ ਹੈ ਜਿਸ ਕਾਰਨ ਆਰਥਿਕ ਵਿਵਸਥਾ ਵਿਗੜ ਰਹੀ ਹੈ ਜਿਸ ਕਾਰਨ ਬਾਲਾਂ ਦਾ ਸ਼ੋਸਣ ਹੋ ਰਿਹਾ ਹੈ ।ਜਿੱਥੇ ਗਰੀਬੀ ਬਾਲ ਮਜ਼ਦੂਰੀ ਵਿਚ ਵੱਡਾ ਕਾਰਨ ਹੈ ਪਰ ਸਿੱਖਿਆ, ਸਮਾਜਿਕ, ਆਰਥਿਕ ਲਾਲਚ , ਵੱਡੇ ਪਰਿਵਾਰ , ਭੂਗੋਲਿਕ ਪਰਸਥੀਤੀਆਂ ਵੀ ਇਸ ਸਮੱਸਿਆ ਦੇ ਕਾਰਨ ਹਨ। ਅੱਜ ਦੇ ਸਮੇਂ ਵਿਚ ਸਰਕਾਰ ਵਲੋਂ ਅੱਠਵੀਂ ਤਕ ਪੜ੍ਹਾਈ ਮੁਫਤ ਕਰ ਦਿੱਤੀ ਹੈ ਪਰ ਗਰੀਬ ਮਾਤਾ-ਪਿਤਾ ਜਾਂ ਯਤੀਮ ਬੱਚੇ ਥੋੜਿਆਂ ਜਿਹੇ ਪੈਸਿਆ ਕਰਕੇ ਆਪਣਾ ਬਚਪਨ ਵੇਚ ਦਿੰਦੇ ਹਨ ।ਹਾਲਾਂਕਿ ਮਾਤਾ-ਪਿਤਾ ਦਾ ਆਪਣੇ ਬੱਚਿਆਂ ਦੇ ਉੱਪਰ ਪੂਰਾ ਹੱਕ ਹੁੰਦਾ ਹੈ ਪਰ ਉਹਨਾਂ ਦਾ ਬਚਪਨ ਖੋਹਣ ਦਾ ਹੱਕ ਕਿਸੇ ਕੋਲ ਨਹੀਂ ਹੈ ।ਸੰਵਿਧਾਨ ਵਿਚ ਬਹੁਤ ਸਾਰੇ ਕਾਨੂੰਨ ਤਾਂ ਬਣਾਏ ਗਏ ਹਨ ਪਰ ਉਹਨਾਂ ਤੇ ਅਮਲ ਉਸ ਰੂਪ ਵਿਚ ਨਹੀਂ ਕੀਤਾ ਜਾ ਰਿਹਾ ਜਿਸ ਨਾਲ਼ ਬਚਪਨ ਖਾਣੀ ਇਸ ਰਾਖਸ਼ ਰੂਪੀ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ।ਬਾਲ ਮਜ਼ਦੂਰੀ ਇਕ ਸਮਾਜਿਕ ਕਾਨੂੰਨੀ ਸਮੱਸਿਆ ਹੈ। ਇਸ ਦੇ ਖ਼ਾਤਮੇ ਲਈ ਜ਼ਰੂਰੀ ਸਖਤ ਕਦਮ ਚੁੱਕਣ ਦੀ ਲੋੜ ਹੈ ।ਬਾਲ ਮਜ਼ਦੂਰੀ ਸੰਬੰਧੀ ਵੱਖ-ਵੱਖ ਵਿਭਾਗਾਂ ਕੋਲ ਸਾਫ਼ ਅਤੇ ਸਪੱਸ਼ਟ ਨਿਰਦੇਸ਼ ਹੋਣੇ ਚਾਹੀਦੇ ਹਨ । ਇਸ ਲਈ ਇਕ ਟਾਸਕ ਫੋਰਸ ਹੋਣੀ ਚਾਹਿਦੀ ਹੈ ਜੋ ਵੀ ਮਾਲਕ ਜਾਂ ਮਾਤਾ-ਪਿਤਾ ਬਾਲ ਮਜ਼ਦੂਰੀ ਕਰਵਾਉਂਦੇ ਹਨ ਤਾਂ ਉਹਨਾਂ ਵਿਰੁੱਧ ਸਖ਼ਤੀ ਵਰਤਣੀ ਚਾਹੀਦੀ ਹੈ।ਬਾਲ ਮਜ਼ਦੂਰੀ ਸੰਬੰਧੀ ਜੋ ਵੀ ਕਾਨੂੰਨ ਬਣਾਏ ਗਏ ਹਨ ਉਹਨਾਂ ਤੇ ਪੁਨਰ ਵਿਚਾਰ ਜ਼ਰੂਰ ਕਰਨਾ ਚਾਹਿਦਾ ਹੈ।ਇਸ ਸੰਬੰਧੀ ਦੇਸ਼ ਦੇ ਨਾਗਰਿਕਾਂ ਵਿਚ ਜਾਗਰੂਕਤਾ ਹੋਣੀ ਚਾਹੀਦੀ ਹੈ।ਸਮਾਜ ਨੂੰ ਅਜਿਹੀ ਵਸਤੂ ਦਾ ਉਪਭੋਗ ਪੂਰਨ ਤੌਰ ਤੇ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਦੇ ਉਤਪਾਦਨ ਵਿਚ ਉਤਪਾਦਕ ਦੁਬਾਰਾ ਬਾਲ ਮਜ਼ਦੂਰੀ ਦੀ ਵਰਤੋਂ ਕੀਤੀ ਗਈ ਹੈ । ਸਮਾਜ ਸੇਵਕਾਂ ਨੂੰ ਇਸ ਵਿਸ਼ੇ ਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਉਤਪਾਦਕਾਂ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ ਜੋ ਬਾਲ ਮਜ਼ਦੂਰੀ ਨੂੰ ਬੜਾਵਾ ਦੇ ਰਹੇ ਹਨ। ਸਕੂਲਾਂ ਵਿਚ ਵੀ ਬਾਲ ਮਜ਼ਦੂਰੀ ਸੰਬੰਧੀ ਸਮੇਂ-ਸਮੇਂ ਤੇ ਵਿਚਾਰ ਚਰਚਾਵਾਂ ਵੀ ਕਰਵਾਈਆਂ ਜਾਣ ਤਾਂ ਜੋ ਸਕਰਾਤਮਕ ਕਾਰਜ ਕੀਤੇ ਜਾ ਸਕਣ।ਬਾਲ ਮਜ਼ਦੂਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਜ਼ਰੂਰੀ ਹੈ ਗਰੀਬੀ ਖਤਮ ਕਰਨਾ। ਇਹਨਾਂ ਬੱਚਿਆ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰੇ। ਇਸ ਲਈ ਸਰਕਾਰ ਨੂੰ ਠੋਸ ਕਦਮ ਉਠਾਉਣੇ ਚਾਹੀਦੇ ਹਨ। ਸਿਰਫ ਸਰਕਾਰ ਹੀ ਨਹੀਂ ਆਮ ਲੋਕਾਂ ਨੂੰ ਵੀ ਇਸ ਅਪਰਾਧ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਬਾਲ ਮਜ਼ਦੂਰੀ ਰੋਕਣਾ ਹਾਲਾਂਕਿ ਸੌਖਾ ਨਹੀਂ ਪਰ ਸਾਰਿਆਂ ਵਲੋਂ ਮਿਲ ਕੇ ਯਤਨ ਕਰਨ ਤੇ ਬੱਚਿਆਂ ਤੇ ਹੋ ਰਹੇ ਸੋਸ਼ਣ ਨੂੰ ਖਤਮ ਜਾਂ ਘਟਾਇਆ ਜਾ ਸਕਦਾ ਹੈ।
ਵਿਜੈ ਕੁਮਾਰ
ਮੋ. 9988989474
ਯੋਗਦਾਨ-ਇੱਕ ਅਜਿਹੀ ਕਹਾਣੀ ਜੋ ਰੱਖ ਦਿੰਦੀ ਹੈ ਆਪਣੇ ਸਾਹਮਣੇ ਇਕ ਅਨੋਖਾ ਪ੍ਰਸ਼ਨ
NEXT STORY