ਅਜੇ ਤਾਂ ਮੈਂ ਆਪ ਉਡ ਕੇ
ਅਗਲੇ ਸਾਲ ਤੈਨੂੰ ਮਿਲਣ ਆਉਣਾ ਸੀ
ਤੈਨੂੰ ਦੱਸਿਆ ਵੀ ਸੀ ਸਾਰਾ ਪ੍ਰੋਗਰਾਮ
ਤੂੰ ਯਾਰ ਬੂਹੇ ਹੀ ਪੱਕੇ ਬੰਦ ਕਰ
ਅੰਬਰੀਂ ਉਡ ਗਿਆ ਬਿਨਾ ਦੱਸੇ
ਕੋਈ ਨਰਾਜ਼ਗੀ ਤਾਂ ਦੱਸਦਾ
ਯਾਰ ਕਾਹਦਾ
ਸਿਰਨਾਵਾਂ ਵੀ ਦੱਸ ਕੇ ਨਹੀਂ ਗਿਆ
ਕਿੱਥੇ ਪਾਵਾਂ ਮੈਂ ਚਿੱਠੀਆਂ
ਏਦਾਂ ਥੋੜ੍ਹੀ ਦੁਰਕਾਰ ਕੇ ਜਾਈਦਾ
ਗਲੋਂ ਲਾਹ ਕੇ ਰੋਂਦੀਆਂ ਗਲੀਆਂ ਨੂੰ
ਹੁਣ ਤੇਰੇ ਬਗੈਰ
ਕਾਹਦਾ ਰਿਹਾ ਲੰਡਨ ਸਾਡਾ
ਤੇਰੇ ਪੁਰਸਕਾਰ ਤੈਨੂੰ ਉਡੀਕਣ
ਘਰਵਾਲੀ ਨੇ ਰੋਟੀ ਵੀ ਨਹੀਂ ਖਾਧੀ
ਓਦਣ ਦੀ ਤੇਰੇ ਵਿਯੋਗ 'ਚ
ਪਹਿਲਾਂ ਤੇਰਾ ਇਕ ਚੰਨ ਵੀ ਜਵਾਨ ਰੁੱਤੇ
ਏਦਾਂ ਹੀ ਟੁਰ ਗਿਆ ਸੀ
ਤੇ ਮੈਂ ਤੈਨੂੰ ਰੋਂਦੇ ਕੁਰਲਾਂਦੇ ਸ਼ਬਦਾਂ ਦੇ ਫੁੱਲ ਘੱਲੇ ਸਨ
ਹੁਣ ਦੱਸ ਕੌਣ ਸੁਣਾਏਗਾ ਕਵਿਤਾਵਾਂ ਗ਼ਜ਼ਲਾਂ ਸਾਨੂੰ
ਕਿਹੜਾ ਕਰੇਗਾ ਮੁਲਾਕਾਤਾਂ ਵਲੂੰਧਰੇ ਸੀਨਿਆਂ ਨਾਲ
ਝੋਲੀਆਂ ਕੌਣ ਭਰੇਗਾ ਟੀ. ਵੀ. ਤੇ ਰੇਡੀਓ ਦੀਆਂ
ਕੌਣ ਚੁਗੇਗਾ ਪ੍ਰਵਾਸੀਆਂ ਦੀ ਜ਼ਿੰਦਗੀ ਦੇ ਹੰਝੂ
ਸੋਚਿਆ ਤੈਂ ਜਾਣ ਵੇਲੇ ਕੁਝ
ਕਿੱਦਾਂ 'ਕੱਲਾ ਫੜਾਂ
ਤੇਰੀਆਂ ਸਮੁੰਦਰੋਂ ਪਾਰ ਉੱਡਦੀਆਂ ਤਿਤਲੀਆਂ
ਕਿੰਜ ਬੰਨਾਂ ਸਮੇਂ ਦੇ ਪੈਰ
ਤੇਰਾ ਤਿੜਕਿਆ ਸ਼ਹਿਰ ਮੈਥੋਂ ਨਹੀਂ ਸੰਵਰਦਾ
ਕਿਹੜਾ ਹੈ ਉਹ ਦੱਸ
ਜੋ ਆਪਣੇ ਨਾਮ ਦੀ ਨੇਮ ਪਲੇਟ ਵੀ ਪੱਟ ਕੇ ਲੈ ਜਾਵੇ
ਜਾਂਦਾ ਹੋਇਆ ਸੂਹ ਵੀ ਨਾ ਦੇਵੇ
ਯਾਰਾਂ ਦੀ ਮਹਿਫਲ ਨੂੰ
ਸਮੁੰਦਰੋਂ ਪਾਰ ਦੇ ਦੁੱਖ ਤਾਂ ਸਾਂਭ ਜਾਂਦਾ
ਸਨਮਾਨ ਤਾਂ ਫੜਾ ਜਾਂਦਾ ਘਰ ਰੂਹ ਨੂੰ ਸਾਰੇ
ਦੱਸ ਕੀ ਰਿਹਾ ਤੇਰਾ ਸਾਥ
ਕਿਹਦਾ ਰਿਹਾ ਤੂੰ ਸਾਥੀ
ਦੇ ਗਿਆ ਦਗਾ ਜਾਣ ਲੱਗਾ
ਤੇੜੀਂ ਤੜਾਗੀਆਂ ਨੂੰ ਵੀ
ਛੱਡ ਗਿਆ ਸੁੰਨੀਆਂ ਕਰ ਮਹਿਫਲਾਂ
ਰੋਸ ਕਰੀਏ ਤਾਂ ਕਿਹਦੇ ਨਾਲ
ਹੰਝੂ ਵਿਖਾਈਏ ਤਾਂ ਕਿਹੜੀ ਕਿਹੜੀ ਗਲੀ ਮੋੜ ਨੂੰ
ਬਾਹਾਂ 'ਚ ਲੈ
ਹਿੱਕ ਨੂੰ ਲਾਈਏ ਤਾਂ ਕਿਹੜੀ ਰੁੱਤ ਨੂੰ
ਅਲਵਿਦਾ ਯਾਰ!
ਸਿਜਦਾ ਤੇਰੀਆਂ ਪੈੜਾਂ, ਤੇਰੇ ਸ਼ਹਿਰ, ਦਰ ਨੂੰ
ਰੇਪਾਂ ਦਾ ਰੌਲ਼ਾ...
NEXT STORY