ਅਤੀਤ ਤੋਂ ਵਰਤਮਾਨ ਤਕ ਘਰਾਂ ਮੁਹੱਲਿਆ ਅਤੇ ਪਿੰਡਾਂ ਵਿਚ ਲੜਾਈ ਝਗੜੇ ਚਲਦੇ ਰਹਿੰਦੇ ਹਨ । ਪਿਛਲੇ ਸਮੇਂ ਵਿਚ ਲੜਾਈ ਝਗੜੇ ਬਹੁਤੇ ਅਸੱਭਿਅਤ ਨਹੀਂ ਸਨ ਜਿੰਨੇ ਹੁਣ ਹਨ । ਜਦੋਂ ਕਿਸੇ ਦੀ ਗਲਤੀ ਹੁੰਦੀ ਸੀ ਤਾਂ ਉਸਦੇ ਘਰ ਜਾ ਕੇ ਉਲਾਂਭਾ ਦੇ ਕੇ ਅਗ਼ਾਰਾ ਲਾਹ ਲਿਆ ਜਾਂਦਾ ਸੀ । ਉਲਾਂਭਾ ਲੈਣ ਅਤੇ ਦੇਣ ਵਾਲਾ ਮਾੜੇ ਮੋਟੇ ਮਨ ਮੁਟਾਵ ਨਾਲ ਭਾਰ ਜਿਹਾ ਲਾਹ ਕੇ ਭਵਿੱਖ ਲਈ ਸੁਚੇਤ ਹੋ ਜਾਂਦਾ ਸੀ ।
ਭਾਈਚਾਰਕ ਏਕਤਾ ਕਰਕੇ ਹੀ ਉਲਾਂਭਾ ਦਿੱਤਾ ਜਾਂਦਾ ਸੀ ਤਾਂ ਜੋ ਪ੍ਰੇਮ ਭਾਵ ਬਣਿਆ ਰਹੇ । ਬੱਚੇ ਚੋਰ ਮੋਹਰੀ ਨਾਲ ਦੇਖਦੇ ਰਹਿੰਦੇ ਸਨ ਕੇ ਫਲਾਣਾ ਬੰਦਾ ਸਾਡੇ ਘਰ ਉਲਾਂਭਾ ਲੈ ਕੇ ਆਵੇਗਾ । ਉਸ ਉਲਾਂਭੇ ਨੂੰ ਸਾਂਭਣ ਲਈ ਬੱਚੇ ਗਿਣਤੀਆਂ ਮਿਣਤੀਆਂ ਦੀ ਮੁਹਾਰਤ ਵੀ ਰੱਖਦੇ ਸਨ । ਘਰਾਂ ਵਿਚ ਦਰਾਣੀ ਜਠਾਣੀ ਆਪਣੇ ਬੱਚੇ ਦਾ ਉਲਾਂਭਾ ਸਹਿਣ ਲਈ ਸੰਯੁਕਤ ਪਰਿਵਾਰ ਕਰਕੇ ਮਜ਼ਬੂਰ ਹੁੰਦੀਆਂ ਸਨ । ਇਨ੍ਹਾਂ ਪਰਿਵਾਰਾਂ ਵਿਚ ਦਿੱਤੇ ਅਤੇ ਲਏ ਉਲਾਂਭੇ ਦਾ ਪਰਖ ਪੜਚੋਲ ਹੁੰਦਾ ਸੀ ਜਿਸ ਸਦਕੇ ਭਵਿੱਖ ਲਈ ਸਾਰਥਿਕ ਸਿੱਧ ਹੁੰਦਾ ਸੀ ।
ਸਮਾਜ ਦੇ ਸ਼੍ਰਿਸਟਾਚਾਰ ਸੱਭਿਅਤਾ, ਸਲੀਕੇ ਅਤੇ ਤਰੀਕੇ ਨੂੰ ਉਲਾਂਭਾ ਦੇਣ ਸਮੇਂ ਜੇ ਅੱਖੋਂ ਉਹਲੇ ਕੀਤਾ ਜਾਂਦਾ ਤਾਂ ਪੁਆੜੇ ਵੀ ਪੈ ਜਾਂਦੇ ਸਨ । ਫਿਰ ਨਿਬੇੜਾ ਪੰਚਾਇਤਾਂ ਸੱਥਾਂ ਵਿਚ ਹੁੰਦਾ ਸੀ । ਸੱਭਿਅਤਾ ਅਤੇ ਸਲੀਕੇ ਦੀ ਗਵਾਹੀ ਹੀ ਉਲਾਂਭਾ ਸਹਿਣ ਵਿਚ ਲੁਕੀ ਹੋਈ ਸੀ । ਇਕੇ ਦੂਜੇ ਦੇ ਘਰ ਜਾ ਕੇ ਉਲਾਂਭਾ ਦੇਣ ਤਕ ਹੀ ਸੀਮਤ ਰਿਹਾ ਜਾਂਦਾ ਸੀ ।ਗਲਤੀ ਦੱਸ ਕੇ ਵਾਪਸ ਘਰ ਆ ਜਾਂਦੇ ਸਨ । ਇਸ ਤੋਂ ਅੱਗੇ ਨਹੀਂ ਤੁਰਿਆ ਜਾਂਦਾ ਸੀ । ਸਮਾਜੀ ਗੰਢਾਂ ਨੂੰ ਰੋਕਣ ਲਈ ਉਲਾਂਭਾ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਸੀ । ਸਹਿਜੇ ਸਹਿਜੇ ਗਲਤੀ ਦਾ ਅਹਿਸਾਸ ਹੋ ਕੇ ਨਿਬੇੜਾ ਵੀ ਹੋ ਜਾਂਦਾ ਸੀ ।
ਅੱਜ ਠਰੰਮੇ ਅਤੇ ਸ਼ਾਂਤੀ ਦੇ ਖੁਸਣ ਨਾਲ ਉਲਾਂਭਾ ਦੇਣ ਦੇ ਨਾਲ ਸ਼ਭਾਜੀ ਮੋੜਨ ਦਾ ਵਰਤਾਰਾ ਵੀ ਚੱਲਦਾ ਹੈ । ਸਿੱਖਣ ਦੀ ਬਜਾਏ ਬੇਚੈਨੀ ਪੈਦਾ ਕੀਤੀ ਜਾਂਦੀ ਹੈ । ਧੀ ਦਾ ਉਲਾਂਭਾ ਸ਼ਰਮ ਸਾਰ ਮੰਨਿਆ ਜਾਂਦਾ ਸੀ ਪਰ ਪੁੱਤ ਦਾ ਉਲਾਂਭਾ ਕਈ ਤਰ੍ਹਾਂ ਦੇ ਸੁਨੇਹੇ ਦਿੰਦਾ ਸੀ । ਬੀਤੇ ਜ਼ਮਾਨੇ ਵਿਚ ਲੋਕ ਬੋਲੀ ਮਸ਼ਹੂਰ ਸੀ ।
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਦਾਂ ਤਾਂਬਾ ,
ਪੁੱਤ ਸਰਦਾਰਾਂ ਦਾ ਘਰ-ਘਰ ਮਿਲੇ ਉਲਾਂਭਾ
ਉਲਾਂਭੇ ਲਿਆਣ ਵਾਲੇ ਬੱਚੇ ਨੂੰ ਘਰ ਸ਼ਰੀਕੇ ਵਿਚ ਸਮਝਾ ਕੇ ਲੀਹੇ ਪਾਇਆ ਜਾਂਦਾ ਸੀ । ਇਸ ਨਾਲ ਬੱਚੇ ਦਾ ਭਵਿੱਖ ਸੰਵਰਦਾ ਸੀ । ਉਲਾਂਭੇ ਨੂੰ ਇਕਦਮ ਬੁਰਾ ਤਾਂ ਮੰਨਿਆ ਜਾਂਦਾ ਸੀ ਪਰ ਹੌਲੀ-ਹੌਲੀ ਉਸ ਤੇ ਅਮਲ ਕੀਤਾ ਜਾਂਦਾ ਸੀ । ਅੱਜ ਉਲਾਂਭੇ ਦਾ ਰੂਪ ਬਦਲ ਕੇ ਅੱਗ ਫੱਕੀ ਜਾਂਦੀ ਹੈ । ਜਿਸ ਦਾ ਭਵਿੱਖ ਨੁਕਸਾਨ ਦੇਹ ਹੁੰਦਾ ਹੈ।ਅੱਜ ਕਿਸੇ ਦੀ ਗਲਤੀ ਤੇ ਉਲਾਂਭਾ ਦੇਣ ਤੋਂ ਪਾਸਾ ਵੀ ਵੱਟਿਆ ਜਾਂਦਾ ਹੈ ਇਕ ਚੁੱਪ ਸੌ ਸੁੱਖ ਦਾ ਆਸਰਾ ਲੈ ਲਿਆ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਸਮਾਜ ਨੇ ਜਿਸ ਰਫਤਾਰ ਨਾਲ ਤਰੱਕੀ ਕੀਤੀ ਉਸੇ ਰਫਤਾਰ ਨਾਲ ਸਲੀਕਾ ਸਮੇਂ ਦਾ ਹਾਣੀ ਨਹੀਂ ਬਣ ਸਕਿਆ । ਇਹੀ ਕਾਰਨ ਹੈ ਕਿ ਛੋਟੀਆਂ ਗੱਲਾਂ ਤੋਂ ਅੱਜ ਵੱਡੇ ਪੁਆੜੇ ਪੈ ਜਾਂਦੇ ਹਨ ।ਲੋੜ ਹੈ ਅਤੀਤ ਦੀ ਸਹਿਣਸ਼ੀਲਤਾ ਘੋਖਣ ਦੀ ਤਾਂ ਜੋ ਅੱਜ ਵੀ ਉਲਾਂਭੇ ਵਿਚੋਂ ਸਲੀਕਾ ਝਲਕੇ ਅਤੇ ਸੁਨਹਿਰੀ ਭਵਿੱਖ ਦੀ ਆਸ ਬੱਝੇ ।
ਸੁਖਪਾਲ ਸਿੰਘ ਗਿੱਲ
9878111445
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ
NEXT STORY