ਕਿਸੇ ਵੀ ਕੌਮ ਅਤੇ ਦੇਸ਼ ਦੀ ਰੱਖਿਆ ਲਈ ਬਹੁਤ ਸਾਰੇ ਸੂਰਬੀਰ ਯੋਧੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਇਨ੍ਹਾਂ ਸੂਰਬੀਰਾਂ ਯੋਧਿਆਂ ਦੀਆਂ ਅਮਰ ਕਥਾਵਾਂ ਨੂੰ ਸੁਣ ਕੇ, ਪੜ੍ਹ ਕੇ ਆਉਣ ਵਾਲੀਆਂ ਨਸਲਾਂ ਸਬਕ ਸਿੱਖਦੀਆਂ ਹਨ। ਸਿਆਣਿਆਂ ਦਾ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਵੱਡੇ- ਵਡੇਰਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਹ ਬਹੁਤ ਜਲਦ ਖ਼ਤਮ ਹੋ ਜਾਂਦੀਆਂ ਹਨ।
ਅਫ਼ਸੋਸ! ਅਸੀਂ ਵੀ ਆਪਣੇ ਪੁਰਖ਼ਿਆਂ ਦੀਆਂ ਕੁਰਬਾਨੀਆਂ ਨੂੰ ਭੁਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅਸਲ ਵਿਚ ਹਿੰਦੋਸਤਾਨ ਦੇ ਆਧੁਨਿਕ ਸਰੂਪ ਨੂੰ ਜੇਕਰ ਅਸੀਂ ਦੇਖਦੇ ਹਾਂ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ। ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਕੁਰਬਾਨ ਨਾ ਕਰਦੇ ਤਾਂ ਖ਼ਬਰੇ! ਸਾਡੇ ਮੁਲਕ ਦਾ ਆਧੁਨਿਕ ਚਿਹਰਾ ਕੁਝ ਹੋਰ ਹੁੰਦਾ।
ਖ਼ੈਰ! ਪੋਹ ਦਾ ਮਹੀਨਾ ਸ਼ਹੀਦੀਆਂ ਦਾ ਮਹੀਨਾ ਹੈ। ਇਸ ਮਹੀਨੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਹੋਈ। ਚਾਲੀ ਮੁਕਤਿਆਂ ਨੇ ਚਮਕੌਰ ਦੀ ਗੜ੍ਹੀ ਵਿਚ ਦੇਸ਼, ਕੌਮ ਲਈ ਆਪਣੀ ਸ਼ਹਾਦਤ ਦਿੱਤੀ। ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ।
ਸੂਬਾ ਸਰਹੰਦ ਦੇ ਹੁਕਮ ਨਾਲ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਜੀਉਂਦਿਆਂ ਹੀ ਨੀਹਾਂ ਵਿਚ ਚਿੰਨ ਦਿੱਤਾ ਗਿਆ। ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲੀ ਮਿਸਾਲ ਹੈ ਜਦੋਂ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਜਿਹੀ ਮੌਤ ਦਿੱਤੀ ਗਈ ਹੋਵੇ। ਪਰ! ਧੰਨ ਗੁਰੂ ਦੇ ਸਾਹਿਬਜਾਦੇ ਜਿਨ੍ਹਾਂ ਦੇਸ਼ ਅਤੇ ਧਰਮ ਦੀ ਖ਼ਾਤਰ ਹੱਸ ਕੇ ਆਪਣੀ ਸ਼ਹੀਦੀ ਦੇ ਦਿੱਤੀ ਪਰ! ਆਪਣੇ ਦ੍ਰਿੜ•ਇਰਾਦੇ ਤੋਂ ਨਹੀਂ ਡੋਲੇ।
ਸਿਆਣਿਆਂ ਦਾ ਕਥਨ ਹੈ, 'ਸਰੀਰਕ ਮੌਤ ਅਸਲ ਮੌਤ ਨਹੀਂ ਹੁੰਦੀ ਬਲਕਿ ਜਮੀਰ ਦਾ ਮਰ ਜਾਣਾ ਅਸਲ ਮੌਤ ਹੁੰਦੀ ਹੈ।' ਬਹੁਤ ਸਾਰੇ ਲੋਕ ਮਰ ਕੇ ਵੀ ਲੋਕ- ਮਨਾਂ ਵਿਚ ਜੀਉਂਦੇ ਹਨ ਅਤੇ ਬਹੁਤ ਸਾਰੇ ਲੋਕ ਜੀਉਂਦਿਆਂ ਵੀ ਮਰਿਆਂ ਵਾਂਗ ਜੀਵਨ ਕੱਟਦੇ ਹਨ।
ਚਮਕੌਰ ਦੀ ਕੱਚੀ ਗੜ੍ਹੀ ਵਿਚ ਦਸ਼ਮੇਸ਼ ਪਿਤਾ ਚਾਲੀ ਸਿੰਘਾਂ ਨਾਲ ਮੌਜੂਦ ਹਨ। ਗੜ੍ਹੀ ਦੇ ਬਾਹਰ ਦਸ ਲੱਖ ਮੁਗ਼ਲ ਫੌਜ ਘੇਰਾ ਪਾ ਕੇ ਖੜ੍ਹੀਆਂ ਹਨ। ਪੰਜ- ਪੰਜ ਸਿੰਘਾਂ ਦਾ ਜੱਥਾ ਬਾਹਰ ਆਉਂਦਾ ਹੈ ਅਤੇ ਬੇਅੰਤ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਜੰਗ ਵਿਚ ਜਾਣ ਦੀ ਆਗਿਆ ਮੰਗਦੇ ਹਨ ਤਾਂ ਦਸਮੇਸ਼ ਪਿਤਾ ਹੱਸ ਕੇ ਆਗਿਆ ਦੇ ਦਿੰਦੇ ਹਨ।
ਗੁਰੂ ਸਾਹਿਬ ਜਾਣਦੇ ਹਨ ਕਿ ਬਾਬਾ ਅਜੀਤ ਸਿੰਘ ਜੀ ਨੇ ਮੁੜ ਕੇ ਵਾਪਸ ਨਹੀਂ ਆਉਣਾ ਪਰ! ਧੰਨ ਜਿਗਰਾ ਹੈ ਦਸਮੇਸ਼ ਪਿਤਾ ਦਾ ਜਿਨ੍ਹਾਂ ਆਪਣੇ ਜ਼ਿਗਰ ਦੇ ਟੁਕੜੇ ਨੂੰ ਦੇਸ਼, ਧਰਮ ਤੋਂ ਕੁਰਬਾਨ ਹੋਣ ਲਈ ਜੰਗ ਵੱਲ ਤੋਰ ਦਿੱਤਾ।
ਹੈਰਾਨੀ ਹੁੰਦੀ ਹੈ ਇਹ ਸੋਚ ਕੇ/ ਪੜ੍ਹ•ਕੇ ਕਿ ਬਾਬਾ ਜੁਝਾਰ ਸਿੰਘ ਜੀ ਨੂੰ ਹੁਕਮ ਦੇਣ ਦੀ ਲੋੜ ਨਹੀਂ ਪਈ। ਜਦੋਂ ਵੱਡਾ ਵੀਰ ਜੰਗ ਦੇ ਮੈਦਾਨ ਵਿਚ ਸ਼ਹੀਦ ਹੋ ਗਿਆ ਤਾਂ ਬਾਬਾ ਜੁਝਾਰ ਸਿੰਘ ਆਪ ਦਸਮੇਸ਼ ਪਿਤਾ ਦੇ ਸਨਮੁੱਖ ਪੇਸ਼ ਹੋਏ ਅਤੇ ਜੰਗ ਵਿਚ ਜਾਣ ਦੀ ਆਗਿਆ ਮੰਗੀ।
ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲੀ ਅਤੇ ਆਖ਼ੀਰੀ ਵਾਰ ਹੋਇਆ ਹੈ ਕਿ ਇੱਕ ਪਿਤਾ ਨੇ ਆਪਣੇ ਪੁੱਤਰਾਂ ਨੂੰ ਆਪਣੇ ਮੁਲਕ ਲਈ ਹੱਸ ਕੇ
ਕੁਰਬਾਨ ਕੀਤਾ ਹੈ। ਸਾਹਿਬਜਾਦੇ ਜੁਝਾਰ ਸਿੰਘ ਜੀ ਨੂੰ ਦਸਮੇਸ਼ ਪਿਤਾ ਨੇ ਆਪਣੇ ਹੱਥੀਂ ਜੰਗ ਦੇ ਮੈਦਾਨ ਵੱਲ ਤੋਰਿਆ। ਦਸਮ ਪਿਤਾ ਨੇ ਆਪਣੇ
ਮੂੰਹੋਂ ਉਫ਼ ਤੱਕ ਨਹੀਂ ਕੀਤੀ ਬਲਕਿ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਦਾਤਾਂ ਅਕਾਲ ਪੁਰਖ਼ ਨੇ ਦਿੱਤੀਆਂ ਸਨ ਅਤੇ ਮੈਂ ਸਤਿਗੁਰ ਨੂੰ ਮੋੜ ਦਿੱਤੀਆਂ ਹਨ।
ਪੋਹ ਦੇ ਮਹੀਨੇ ਵਿਚ ਜਿੱਥੇ ਪੰਜ ਸਾਲ ਦੇ ਫ਼ਤਿਹ ਸਿੰਘ ਦੀ ਸ਼ਹਾਦਤ ਹੋਈ ਉੱਥੇ ਸੱਤਰ ਸਾਲ ਦੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਵੀ ਇਤਿਹਾਸ ਦੇ ਪੰਨਿਆਂ ਵਿਚ ਦਰਜ਼ ਹੈ। ਮਾਤਾ ਗੁਜਰੀ ਅਜਿਹੀ ਮਹਾਨ ਸਖ਼ਸੀਅਤ ਸਨ ਜਿਨ੍ਹਾਂ ਆਪਣੇ ਸਮੁੱਚੇ ਪਰਿਵਾਰ ਨੂੰ ਦੇਸ਼, ਧਰਮ ਉੱਤੋਂ ਕੁਰਬਾਨ ਕਰ ਦਿੱਤਾ।
ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜਾਦਿਆਂ ਨੂੰ ਅਜਿਹੀ ਦਲੇਰੀ ਅਤੇ ਹਿੰਮਤ ਦਿੱਤੀ ਕਿ ਉਹ ਸੂਬੇ ਦੀ ਕਚਹਿਰੀ ਵਿਚ ਅਡੋਲ ਰਹੇ। ਇਹੀ ਸੁਚੱਜੀ ਮਾਂ ਦਾ ਫ਼ਰਜ਼ ਹੁੰਦਾ ਹੈ। ਅੱਜ ਦੀਆਂ ਮਾਂਵਾਂ ਨੂੰ ਮਾਤਾ ਗੁਜਰੀ ਜੀ ਤੋਂ ਸਿੱਖਿਆ ਲੈਣ ਦੀ ਲੋੜ ਹੈ।
ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਜੇਕਰ ਦਸਮੇਸ਼ ਪਿਤਾ ਸਰਬੰਸ ਕੁਰਬਾਨ ਨਾ ਕਰਦੇ ਤਾਂ ਹਿੰਦੋਸਤਾਨ ਦਾ ਨਕਸ਼ਾ ਕੁਝ ਹੋਰ ਹੁੰਦਾ। ਹਾਲਾਂਕਿ
ਗੁਰੂ ਸਾਹਿਬ ਕਿਸੇ ਮਹਜ਼ਬ ਜਾਂ ਫਿਰਕੇ ਦੇ ਖਿਲਾਫ਼ ਨਹੀਂ ਸਨ ਉਹ ਤਾਂ ਜੁਲਮ ਦੇ ਖਿਲਾਫ਼ ਸਨ। ਉਨ੍ਹਾਂ ਆਪਣੇ ਜੀਵਨਕਾਲ ਵਿਚ ਜੁਲਮ ਦਾ ਟਾਕਰਾ ਕੀਤਾ। ਅਜਿਹੇ ਸੂਰਬੀਰ ਯੋਧੇ ਨੂੰ ਨਤਮਸਤਕ ਕਰਨਾ ਬਣਦਾ ਹੈ ਅਤੇ ਉਨ੍ਹਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਸਾਡੇ ਲਈ ਆਪਣੀ ਜ਼ਿੰਦਗੀ ਹੱਸ ਕੇ ਕੁਰਬਾਨ ਕਰ ਦਿੱਤੀ।
ਡਾ. ਨਿਸ਼ਾਨ ਸਿੰਘ ਰਾਠੌਰ
ਮੋਬਾ. 075892- 33437