ਵੈਸੇ ਤਾਂ ਕਦੀ ਕਦਾਈ ਗੱਲਾਂ ਅਕਸਰ ਈ ਚਲਦੀਆਂ ਰਹਿੰਦੀਆਂ ਸਨ ਤਾਏ ਮਹਿੰਦਰ ਦੀਆਂ ਪਰ ਓਦੋ ਸਾਰੇ ਬੈਠੇ ਹੁੰਦੇ ਤਾਂ ਗੱਲ ਸੁਣਨ ਦਾ ਮਜ਼ਾ ਅਲੱਗ ਆਉਂਦਾ। ਬੇਸ਼ੱਕ ਹੁਣ ਤਾਂ ਬਹੁਤ ਸਾਡੇ ਨੇੜੇ ਤੇੜੇ ਦੇ ਰਿਸ਼ਤੇਦਾਰ, ਗਲੀ ਮੁਹੱਲੇ 'ਚੋ ਕੈਨੇਡਾ ਜਾ ਵਸੇ ਆ ਪਰ ਓਦੋਂ ਸਾਡੀ ਜਾਣ ਪਹਿਚਾਣ 'ਚ ਇਕ ਸਾਡਾ ਤਾਇਆ ਮਹਿੰਦਰ ਹੀ ਸੀ ਜੋ ਵਲੈਤੀ ਹੋਇਆ ਸੀ। ਅਸਲ 'ਚ ਤਾਏ ਦਾ ਇੱਕ ਪੁੱਤਰ ਕੈਨੇਡਾ ਜਾ ਕੇ ਸੈੱਟ ਹੋਇਆ ਸੀ ਜਿਸਨੇ ਤਾਏ ਮਹਿੰਦਰ ਨੂੰ ਵੀ ਕੈਨੇਡਾ ਦੀ ਧਰਤੀ ਦੇ ਦਰਸ਼ਨ ਕਰਵਾਏ ਤੇ ਨਾਲ ਸਾਡੀ ਤਾਈ ਵੀ ਕੈਨੇਡਾ ਦੀ ਵਸਨੀਕ ਬਣੀ। ਜਦੋਂ ਤਾਏ ਮਹਿੰਦਰ ਦੀ ਗੱਲ ਮਾਲਵੇ ਦੇ ਮਾਨਸਾ ਜ਼ਿਲੇ 'ਚ ਇੱਕ ਪਛੜੇ ਜਹੇ ਪਿੰਡ ਦੀ ਧੂਈ ਤੇ ਚੱਲਣੀ ਤਾਂ ਮੇਰਾ ਮਨ ਮਾਨ ਨਾਲ ਭਰ ਜਾਂਦਾ ਕਿ ਸਾਡਾ ਵੀ ਕੋਈ ਕੈਨੇਡਾ ਗਿਆ। ਓਨਾ ਦਿਨਾਂ ਚ ਫੋਨ ਵਗੈਰਾ ਨਹੀ ਸੀ ਬੱਸ ਜਦੋ ਵੀ ਤਾਇਆ ਇੰਡੀਆ ਚੱਕਰ ਮਾਰਦਾ ਤਾਂ ਸਾਨੂੰ ਜ਼ਰੂਰ ਮਿਲਣ ਆਉਂਦਾ |
ਤਾਇਆ ਮਹਿੰਦਰ ਮੇਰੇ ਦਾਦੇ ਦੀ ਥਾਂ ਲਗਦਾ ਹੈ। ਪਰ ਮੇਰੇ ਪਿਤਾ, ਚਾਚੇ ਵਗੈਰਾ ਜਦੋਂ ਤਾਏ ਮਹਿੰਦਰ ਨੂੰ ਤਾਇਆ ਕਹਿੰਦੇ ਤਾਂ ਅਸੀ ਵੀ ਮਗਰ ਤਾਇਆ ਹੀ ਕਹਿਣ ਲੱਗ ਗਏ। ਤਾਏ ਮਹਿੰਦਰ ਨਾਲ ਸਾਡੇ ਟੱਬਰ ਦੀ ਸਾਂਝ 1964-65 ਦੇ ਕਰੀਬ ਪਈ। ਓਦੋ ਸਾਡੇ ਸਾਂਝੇ ਟੱਬਰ ਦੀ ਕਮਾਨ ਮੇਰੇ ਪੜਦਾਦੇ ਸਰਦਾਰ ਗੁਰਨਾਮ ਸਿੰਘ ਰੰਧਾਵਾ ਦੇ ਹੱਥ ਹੁੰਦੀ ਸੀ। ਚਲੋ ਗੱਲ ਅੱਗੇ ਤੋਰਦੇ ਹਾਂ ਕਿ ਕਿਵੇਂ ਤਾਏ ਤਾਈ ਦੀ ਸਾਡੇ ਪਰਿਵਾਰ ਨਾਲ ਸਾਂਝ ਪਈ ਤੇ ਕਿਵੇਂ ਸਾਡੇ ਪਰਿਵਾਰ ਦੇ ਮੈਂਬਰ ਬਣ ਗਏ |
ਗੱਲ 1964-1965 ਦੇ ਦਿਨਾਂ ਦੀ ਹੈ। ਓਦੋ ਸਾਡੇ ਪਿੰਡ 'ਚ ਪੁਲਿਸ਼ ਚੌਂਕੀ ਬਣੀ ਸੀ ਕਿਉਂਕਿ ਓਦੋਂ ਸਾਡੇ ਏਰੀਏ 'ਚ ਨਕਸ਼ਲਬਾੜੀ ਲਹਿਰ ਆਪਣੇ ਸ਼ਿਖਰਾਂ 'ਤੇ ਸੀ।|ਸਾਡੇ ਪਿੰਡ ਦੇ ਵੀ ਕਈ ਨੌਜਵਾਨ ਇਸ ਲਹਿਰ 'ਚ ਕੁੱਦ ਪਏ ਸਨ ਤੇ ਸਾਡੇ ਪਿੰਡ ਪੁਲਿਸ ਚੌਂਕੀ ਅਸਥਾਈ ਤੌਰ ਤੇ ਲਗਾ ਦਿੱਤੀ ਗਈ ਸੀ।|ਓਦੋ ਪਿੰਡ ਦੀ ਪੁਲਿਸ ਚੌਂਕੀ ਚ ਘੋੜਿਆਂ ਵਾਲੀ ਪੁਲਿਸ ਲਾਈ ਸੀ।|ਸ਼ਾਇਦ ਗੱਡੀਆਂ ਦੇ ਐਨੇ ਸਾਧਨ ਨਹੀ ਸੀ ਤੇ ਰਸਤੇ ਵੀ ਕੱਚੇ ਸੀ ਤਾਇਆ ਮਹਿੰਦਰ ਵੀ ਘੋੜਿਆਂ ਵਾਲੀ ਪੁਲਿਸ 'ਚ ਸੀ ਤੇ ਤਾਏ ਦੀ ਸਾਡੇ ਪਿੰਡ ਡਿਊਟੀ ਆ ਗਈ। ਤਾਏ ਮਹਿੰਦਰ ਦਾ ਪਿੰਡ ਹਰਿਆਣੇ ਦੇ ਕੈਥਲ ਜ਼ਿਲੇ 'ਚ ਗੱਗੜਪੁਰ ਸੀ। ਮਾਨਸੇ ਜ਼ਿਲੇ 'ਚ ਬਦਲੀ ਹੋਣ ਕਰਕੇ ਤਾਇਆ ਮਹਿੰਦਰ ਆਪਣੇ ਆਪ ਨੂੰ ਓਪਰਾ ਜਿਹਾ ਮਹਿਸੂਸ ਕਰਦਾ ਸੀ। ਦੂਜਾ ਤਾਏ ਦਾ ਪਿੰਡ ਦੂਰ ਹੋਣ ਕਰਕੇ ਘਰ ਆਉਣਾ ਜਾਣਾ ਵੀ ਔਖਾ ਸੀ ਤੇ ਤਾਏ ਦਾ ਥੋੜ੍ਹਾ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਉਹਨਾਂ ਦਿਨਾਂ ਚ ਇੱਕ ਗੱਲ ਜ਼ਰੂਰ ਸੀ ਕਿ ਲੋਕ ਆਪਣੇ ਗੋਤ ਵਾਲੇ ਦਾ ਜ਼ਰੂਰ ਮਾਨ ਸਨਮਾਨ ਕਰਦੇ ਸਨ ਚਾਹੇ ਉਹ ਕਿਤੇ ਵੀ ਮਿਲ ਜਾਂਦੇ | ਤਾਏ ਮਹਿੰਦਰ ਦਾ ਗੋਤ ਰੰਧਾਵਾ ਸੀ ਤਾਏ ਨੇ ਸਾਡੇ ਪਿੰਡ ਦੇ ਚੌਕੀਦਾਰ ਤੋਂ ਪੁੱਛ ਲਿਆ ਕਿ ਕੀ ਕੋਈ ਏਸ ਪਿੰਡ 'ਚ ਰੰਧਾਵਿਆਂ ਦਾ ਘਰ ਹੈ? ਐਨਾ ਕਹਿਣ 'ਤੇ ਚੌਂਕੀਦਾਰ ਤਾਏ ਮਹਿੰਦਰ ਨੂੰ ਸਾਡੇ ਘਰ ਲੈ ਆਇਆ, ਹੌਲੀ-ਹੌਲੀ ਤਾਏ ਮਹਿੰਦਰ ਦਾ ਸਾਡੇ ਘਰ ਆਉਣਾ ਜਾਣਾ ਹੋ ਗਿਆ | ਤਾਏ ਮਹਿੰਦਰ ਨੇ ਸਾਡੇ ਵੱਡੇ ਬਾਬੇ ਗੁਰਨਾਮ ਸਿੰਘ ਨੂੰ ਆਪਣੇ ਦਿਲ ਦੀ ਗੱਲ ਦੱਸੀ ਕਿ ਮੇਰਾ ਪਰਿਵਾਰ ਮੇਰੇ ਤੋ ਦੂਰ ਹੈ, ਜੇ ਤੁਸੀ ਮੈਨੂੰ ਰਹਿਣ ਲਈ ਕੋਈ ਘਰ 'ਚੋ ਇੱਕ ਕਮਰਾ ਦੇ ਦਿਉ ਤਾਂ ਮੈਂ ਆਪਣਾ ਪਰਿਵਾਰ ਇੱਥੇ ਲੈ ਆਵਾਂ |
ਸਾਡੇ ਬਾਬੇ ਨੇ ਤਾਏ ਦੀ ਗੱਲ ਮੰਨ ਲਈ 'ਤੇ ਤਾਏ ਮਹਿੰਦਰ ਲਈ ਇੱਕ ਅਲੱਗ ਸਵਾਤ ਛੱਤ ਦਿੱਤੀ ਤੇ ਤਾਇਆ ਸਾਡੀ ਤਾਈ ਨੂੰ ਸਾਡੇ ਘਰ ਲੈ ਆਇਆ। ਦਿਨਾਂ 'ਚ ਹੀ ਤਾਈ ਵੀ ਸਾਡੇ ਪਰਿਵਾਰ 'ਚ ਘੁਲ ਮਿਲ ਗਈ। ਤਾਈ ਦਾ ਸੁਭਾਅ ਵੀ ਬਹੁਤ ਚੰਗਾ ਹੈ। ਤਾਈ ਤਾਇਆ ਸਾਡੇ ਪਰਿਵਾਰ ਦੇ ਮੈਂਬਰ ਬਣ ਗਏ ਸਨ ਤੇ ਕੋਈ ਓਪਰੇ ਵਾਲੀ ਗੱਲ ਨਾ ਰਹੀ। ਤਾਈ ਸਾਡੇ ਸਾਂਝੇ ਟੱਬਰ ਦੀਆਂ ਰੋਟੀਆਂ ਪਕਾਉਣ 'ਚ ਬੇਬੇ ਹੋਰੀਆਂ ਦੀ ਮਦਦ ਕਰਦੀ ਤੇ ਹੋਰ ਵੀ ਘਰ ਦੇ ਕੰਮ ਕਰਵਾਉਂਦੀ। ਤਾਇਆ ਜਦ ਵਿਹਲਾ ਹੁੰਦਾ ਤਾਂ ਬਾਪੂ ਹੋਰਿਆਂ ਨਾਲ ਪੱਠੇ ਕੁਤਰਵਾਉਂਦਾ। ਕਈ ਵਾਰ ਤਾਇਆ ਘੋੜੀ ਤੇ ਮੇਰੇ ਬਾਪੂ ਨੂੰ ਖੇਤ ਰੋਟੀ ਵੀ ਫੜਾ ਕੇ ਆਉਂਦਾ ਰਿਹਾ।|
ਏਦਾ ਹੀ ਕਰਦੇ ਕਰਾਂਉਦੇ ਅੱਠ ਦਸ ਮਹੀਨੇ ਜਿੰਨਾ ਚਿਰ ਤਾਏ ਦੀ ਬਦਲੀ ਨੀ ਹੋਈ, ਤਾਇਆ ਤਾਈ ਸਾਡੇ ਘਰ ਰਹੇ। ਤਾਏ ਤਾਈ ਦੇ ਪਰਿਵਾਰ ਨਾਲ ਓਦੋਂ ਦੀ ਬਣੀ ਸਾਂਝ 50 ਵਰ੍ਹੇ ਲੰਘ ਜਾਣ ਦੇ ਬਾਵਜੂਦ ਅੱਜ ਵੀ ਓਦਾਂ ਹੀ ਕਾਇਮ ਹੈ |
ਅੱਜ ਕੱਲ ਤਾਇਆ ਤਾਈ ਆਪਣੇ ਬੱਚਿਆ ਨਾਲ ਕੈਨੇਡਾ ਵਸਦੇ ਹਨ ਤੇ ਓਥੋਂ ਦੇ ਪੱਕੇ ਸਿਟੀਜ਼ਨ ਹਨ ਤੇ ਸਾਨੂੰ ਅੱਜ ਵੀ ਤਾਇਆ ਤਾਈ ਦੇ ਆਉਣ ਦਾ ਬੇਸ਼ਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਅੱਜ ਵੀ ਉਹ ਸਵਾਤ ਸਾਡੇ ਖੜ੍ਹੀ ਹੈ ਜਿੱਥੇ ਤਾਇਆ ਤਾਈ ਰਹਿ ਕੇ ਗਏ ਸਨ। ਕਈ ਵਾਰ ਤਾਇਆ ਮਿਲਣ ਆਇਆ ਹਾਸੀ ਮਜ਼ਾਕ 'ਚ ਕਹਿੰਦਾ ਹੈ ਕਿ ਸਾਡੀ ਸਵਾਤ ਛੱਡੋ, ਅਸੀ ਫਿਰ ਇਥੇ ਰਹਿਣਾ ਹੈ ਜ਼ਰੂਰੀ ਨਹੀਂ ਕਿ ਰਿਸ਼ਤੇ ਖੂਨ ਦੇ
ਹੁੰਦੇ ਹਨ, ਆਪ ਮੁਹਾਰੇ ਬਣੇ ਰਿਸ਼ਤੇ ਕਈ ਵਾਰ ਖੂਨ ਦੇ ਰਿਸ਼ਤਿਆਂ ਤੋਂ ਵੀ ਉੱਪਰ ਹੋ ਜਾਂਦੇ ਹਨ। ਸਾਡਾ ਵਲੈਤੀ ਤਾਇਆ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੈ। ਜੇ ਸਾਰੇ ਇਨਸਾਨ ਤਾਏ ਮਹਿੰਦਰ ਜਿਹੇ ਬਣ ਕੇ ਮਿਲਣ ਤਾਂ ਮੈਨੂੰ ਲੱਗਦਾ ਦੁਨੀਆ ਤੇ ਕੋਈ ਬੇਗਾਨਾ ਹੀ ਨਹੀ ਰਹਿਣਾ, ਸਾਰੇ ਆਪਣੇ ਹੋ ਜਾਣੇ ਨੇ। ਪਰਮਾਤਮਾ ਕਰੇ, ਸਾਡਾ ਵਲੈਤੀ ਤਾਇਆ ਹਮੇਸ਼ਾਂ ਤਰੱਕੀਆਂ 'ਚ ਰਹੇ ਤੇ ਜਿਸ ਵੀ ਧਰਤੀ ਤੇ ਰਹੇ, ਹਰ ਥਾਂ ਏਦਾ ਹੀ ਆਪਣੇਪਣ ਦਾ ਮੀਂਹ ਵਰਸਾਉਂਦਾ ਰਹੇ
~
ਲੇਖਕ :- ਇੰਜ : ਰੰਧਾਵਾ ਅਮਰਜੀਤ
ਹਜ਼ਾਰਾਂ ਅਸਹਿਮਤੀਆਂ ਦੇ ਦਰਮਿਆਨ ਗਾਂਧੀਵਾਦੀ ਹੋਣ ਦਾ ਜਜ਼ਬਾ
NEXT STORY