ਤੋਤਲੀ ਆਵਾਜ਼ ਸ਼ੁਰੂ ਹੁੰਦੇ ਹੀ ਧੀ ਪਰਿਵਾਰ ਵਿਚ ਖਾਸ ਥਾਂ ਬਣਾ ਲੈਂਦੀ ਹੈ । ਸੱਭਿਅਤਾ ਦੇ ਵਿਕਾਸ ਵਿਚ ਮਾਣਮੱਤੀ ਧੀ ਦਾ ਵਡਮੁੱਲਾ ਯੋਗਦਾਨ ਹੈ । ਜਿਉਂ-ਜਿਉਂ ਧੀ ਵੱਡੀ ਹੁੰਦੀ ਹੈ ਮਾਪਿਆਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ । ਘਰ ਵਿਚ ਵੀ ਤੋਲ ਕੇ ਬੋਲਣਾ ਪੈਂਦਾ ਹੈ । ਘਰ ਪਰਿਵਾਰ ਲਈ ਧੀਆਂ ਇਕ ਅਹਿਸਾਸ ਅਤੇ ਲਾਡਲੀ ਮੂਰਤ ਹੁੰਦੀਆ ਹਨ । ਮਿਹਣੇ, ਤਾਅਨੇ ਅਤੇ ਉਲਾਂਭੇ ਤੋਂ ਬਚਣ ਲਈ ਧੀ ਨੂੰ ਸਮਾਜਿਕ ਛੱਤਰੀ ਦਿੱਤੀ ਜਾਂਦੀ ਹੈ । ਸਾਡੀਆਂ ਧੀਆਂ ਸਾਡਾ ਮਾਣ ਵੀ ਹੁੰਦੀਆਂ ਹਨ । ਚੁੱਲ੍ਹਾ-ਚੌਂਕਾ ਘਰ ਪਰਿਵਾਰ ਵਿਚ ਧੀ ਦੇ ਸਮਾਜੀਕਰਨ ਦੀ ਮੁੱਢਲੀ ਨਿਆਈ ਹੁੰਦੀ ਹੈ । ਚਾਅ ਮਲਾਰ ਨਾਲ ਲਾਡ ਲਡਾਉਂਦੇ ਮਾਪੇ ਗੁੱਡੀਆਂ ਪਟੋਲਿਆ ਤੋਂ ਬਾਅਦ ਚੁਲੇ-ਚੌਂਕੇ ਦਾ ਪਾਠ ਪੜ੍ਹਾਉਂਦੇ ਹੋਏ ਆਟੇ ਦੀਆਂ ਚਿੜੀਆਂ ਗੁੱਡੀਆਂ ਬਣਵਾਉਂਦੇ ਹਨ ।
ਇਕ ਅੰਗਰੇਜ਼ੀ ਲਿਖਾਰੀ ਦੀ ਕਹਾਵਤ ਹੈ ਮੈਨੂੰ ਵਧੀਆ ਔਰਤ ਦਿਓ ਮੈਂ ਵਧੀਆ ਸਮਾਜ ਦੇਵਾਂਗਾ । ਧੀ ਤੋਂ ਔਰਤ ਬਣਦੀ _ ਬਣਦੀ ਲਾਡਲੇ ਤੇ ਘੂਰਨ ਦੇ ਸੁਭਾਅ ਕਰਕੇ ਹਮੇਸ਼ਾ ਸਮਾਜਿਕ ਵਿਕਾਸ ਦੀਆਂ ਪੌੜੀਆਂ ਚੜ੍ਹਨ ਅਤੇ ਤਹਿਜ਼ੀਬਾ ਵੀ ਮਾਪਿਆਂ ਦੀ ਗੋਦ ਵਿਚ ਸਿੱਖਦੀ ਰਹਿੰਦੀ ਹੈ ਪਰ ਇਕ ਜ਼ਰੂਰੀ ਤੱਥ ਹੈ ਕਿ 'ਜਿਸਦੀ ਧੀ ਸੁੱਖੀ ਉਸਦੀ ਕੁੱਲ ਸੁੱਖੀ' ਵਾਲਾ ਸਿਧਾਂਤ ਅੱਜ ਵੀ ਨਿਰੰਤਰ ਹੈ । ਮਾਪਿਆਂ ਨੇ ਲਾਡਲੀ ਰੱਖੀ ਧੀ ਬੇਗਾਨੇ ਘਰ ਜਾਣ ਦਾ ਹਊਆ ਅੱਜ ਵੀ ਕਾਇਮ ਹੈ । ਪੜ੍ਹਾਈ ਲਿਖਾਈ ਦੇ ਵਰਕੇ ਫਰੋਲਦੀ ਸ਼ਿਖਰਾ ਟੁੰਬਦੀ ਹੈ । ਇਸ ਪ੍ਰਤੀ ਸਮਾਜਿਕ ਵਰਤਾਵੇ ਵਿਚ ਤਾਂ ਫਰਕ ਹੈ ਪਰ ਮਾਨਸਿਕਤਾ ਵਿਚ ਲੋੜ ਅਨੁਸਾਰ ਬਦਲਾਵ ਨਹੀਂ ਹੈ ।ਦਾਜ,ਦਰਿੰਦਗੀ ਅਤੇ ਦਾਜ ਦੇ ਦੈਂਤ ਨੇ ਅੱਜ ਦੀ ਧੀ ਨੂੰ ਹਸ਼ੀਏ ਵੱਲ ਕੀਤਾ ਹੈ । ਜਿਨ੍ਹਾਂ ਘਰਾਂ ਵਿਚ ਨੂਹ-ਸੱਸ ਦਾ ਜੋੜ ਨਹੀਂ ਹੁੰਦਾ ਉੱਥੇ ਜ਼ਿੰਦਗੀ ਨਰਕ ਭਰੀ ਹੁੰਦੀ ਹੈ । ਜਿੱਥੇ ਸੱਸਾਂ ਮਾਂਵਾ ਬਣ ਕੇ ਨਹੀਂ ਨਿੱਤਰਦੀਆਂ ਉੱਥੇ ਚਾਂਵਾ ਮਲਾਰਾਂ ਨਾਲ ਪਾਲੀ ਧੀ ਦਾ ਹਿਰਦਾ ਵਿੰਨਿਆ ਜਾਂਦਾ ਹੈ । ਲਾਡਲੀ ਧੀ ਦੇ ਅਰਮਾਨ ਘਸਮੈਲੇ ਹੋ ਜਾਂਦੇ ਹਨ ।
''ਅੱਗੋਂ ਸੱਸ ਬਘਿਆੜੀ ਟੱਕਰੀ , ਮਾਪਿਆਂ ਨੇ ਰੱਖੀ ਲਾਡਲੀ''
ਸਮੇਂ ਦੇ ਬਦਲੇ ਦੌਰ ਨੇ ਕੁਝ ਅਣਕਿਆਸੇ ਕਾਰਨਾਂ ਕਰਕੇ ਲਿੰਗ ਅਨੁਪਾਤ ਨੂੰ ਪ੍ਰਭਾਵਿਤ ਕੀਤਾ ਹੈ ।ਇਸ ਨਾਲ ਲਾਡਲੇ ਸੁਭਾਅ ਨੂੰ ਗ੍ਰਹਿਣ ਵੀ ਲੱਗਿਆ ਹੈ । ਕੁਝ ਸੁਧਾਰ ਵੀ ਸ਼ੁਰੂ ਹੋਏ ਪਰ ਇਸ ਸਭ ਕਾਸੇ ਨਾਲ ਲਾਡਲੇ ਸੁਭਾਅ ਵਿਚ ਨਿੱਘ ਦੇ ਨਾਲ-ਨਾਲ ਠੰਢ ਲੱਗਣੀ ਵੀ ਸ਼ੁਰੂ ਹੋਈ । ਸਹਿਮੇ ਹੋਏ ਮਾਪੇ ਧੀ ਦੇ ਬੇਦਾਗ ਜੀਵਨ ਅਤੇ ਹੱਥ ਪੀਲੇ ਕਰਨ ਦੀ ਦੌੜ ਵਿਚ ਲੱਗੇ ਰਹਿੰਦੇ ਹਨ । ਦੂਜੇ ਬੰਨੇ ਸਮਾਜ ਦੀ ਪ੍ਰਵਿਰਤੀ ਹੈ ਕਿ ਆਪਣੀ ਧੀ ਗਊ ਲੱਗਦੀ ਹੈ ਦੂਜੇ ਦੀ ਧੀ ਪ੍ਰਤੀ ਨੇਕ ਨਜ਼ਰੀਆ ਨਹੀਂ ਹੁੰਦਾ । ਸਾਰੀਆਂ ਧੀਆਂ ਸਮਾਜ ਦੀ ਬੁਨਿਆਦ ਅਤੇ ਆਪਣੇ ਮਾਪਿਆ ਦੀਆਂ ਲਾਡਲੀਆਂ ਹੁੰਦੀਆਂ ਹਨ । ਫੁੱਲਾਂ ਵਾਂਗ ਮਹਿਕਦੀ ਧੀ ਜਿਸ ਵਿਚ ਬੇਗਾਨੇ ਘਰ ਜਾਣ ਦੀ ਤਹਿਜ਼ੀਬ ਹੁੰਦੀ ਹੈ । ਉਸ ਨੂੰ ਲਾਡਲੀ ਰੱਖਣ ਦਾ ਸੁਭਾਅ ਮਾਪਿਆਂ ਵਿਚ ਮੱਲੋ-ਮੱਲੀ ਪੈਦਾ ਹੋ ਜਾਂਦਾ ਹੈ । ਅੱਜ ਜੋ ਮਰਜ਼ੀ ਲਿਖੀ, ਪੜ੍ਹੀ ਅਤੇ ਸੁਣੀ ਜਾਈਏ ਪਰ ਲਾਡਲੇਪਣ ਵਿਚ ਧੀ ਕਰਜ ਇਸ ਤਰ੍ਹਾਂ ਉਤਾਰ ਰਹੀ ਹੈ ਕਿ ਮਾਪਿਆਂ ਦੀ ਲਾਡਲੀ ਮਾਂ ਦੀ ਚੁੰਨੀ ਅਤੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀ । ਬਾਬਲ ਦਾ ਵਿਹੜਾ ਧੀ ਬਿਨਾ ਸੁੰਨਾ ਲੱਗਦਾ ਸੀ ਜੋ ਅੱਜ ਵੀ ਲੱਗਦਾ ਹੈ । ਅੱਜ ਸੈਕਸ ਰੇਸ਼ੋ ਨੇ , ਮੁੰਡਿਆਂ ਨਾਲੋਂ ਵੱਧ ਪੜ੍ਹਨ ਦੇ ਸੁਭਾਅ ਅਤੇ ਸਚਿਆਰੇ ਸੁਭਾਅ ਨੇ ਮਾਪਿਆਂ ਨੂੰ ਲਾਡਲੀ ਰੱਖਣ ਦਾ ਉਤਾਹ ਸ਼ਿੱਖਰਾਂ ਵੱਲ ਤੋਰਿਆ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445