ਪਤੀ:- ਘੱਲਣਾ ਲੈ ਜਾਣਾ, ਸਭ ਰੱਬ ਦੇ ਹੈ ਵੱਸ,
ਉਹੀ ਹੁੰਦਾ ਜੋ ਉਹ ਚਾਹੇ ਜਿੱਧਰੇ ਵੀ ਨੱਸ,
ਧਾਗਿਆਂ ਤਬੀਤਾਂ ਤੈਨੂੰ ਕੁਝ ਨਹੀਂਓ ਦੇਣਾ,
ਪੁੱਠੀ ਮੱਤ ਤੈਨੂੰ ਕਿਹੜੇ ਪਾਸੇ ਲੈ ਗਈ;
ਭਾਲਦੀ ਜੁਆਕ ਫਿਰੇਂ ਪੁੱਛਾਂ ਪੁੱਛਦੀ,
ਨੀ ਤੂੰ ਬਾਬਿਆਂ ਦੇ ਚੱਕਰਾਂ ਵਿੱਚ ਪੈ ਗਈ।
ਪਤਨੀ:-ਮੁੰਨੀ ਦਿਆ ਭਾਪਾ ਤੈਨੂੰ ਸਮਝ ਨਾ ਆਵੇ,
ਤੇਰੀ ਇਹ ਜੋ ਨਾਰ, ਤੈਨੂੰ ਲੱਖ ਸਮਝਾਵੇ,
ਨਾਲ ਮੇਰੇ ਚੱਲ, ਤੈਨੂੰ ਦਰਸ਼ ਕਰਾਵਾਂ,
ਚੱਲ ਮੇਰੇ ਨਾਲ, ਬਣ ਕੇ ਨਿਮਾਣਾ;
ਅੱਜਕੱਲ ਚੰਨਾਂ ਮੇਰੇ ਇੰਡੀਆਂ ਦੇ ਵਿੱਚ,
ਜੰਮੇ ਧਾਗਿਆਂ ਤਬੀਤਾਂ ਨਾ' ਨਿਆਣਾ।
ਪਤੀ:- ਕੁੜੀ ਜੰਮੇਂ ਜਾਂ ਮੁੰਡਾ, ਫ਼ਰਕ ਨਾ ਕੋਈ ਨੀ,
ਰੱਬ ਨੇ ਹੀ ਦੁਨੀਆਂ 'ਤੇ, ਭੇਜੇ ਹੁੰਦੇ ਦੋਈ ਨੀ,
ਓਸ ਦੀ ਰਜ਼ਾ ਦਾ, ਕਿਉਂ ਮਜ਼ਾਕ ਤੂੰਂ ਉਡਾਂਦੀ,
ਨੀ ਤੂੰ ਉਹਦੇ ਨਾਲ ਆਢਾ ਲਾ ਕੇ ਬਹਿ ਗਈ,
ਭਾਲਦੀ ਜੁਆਕ ਫਿਰੇਂ ਪੁੱਛਾਂ ਪੁੱਛਦੀ,
ਨੀ ਤੂੰ ਬਾਬਿਆਂ ਦੇ ਚੱਕਰਾਂ ਵਿੱਚ ਪੈ ਗਈ।
ਪਤਨੀ:- ਝਾੜ ਫ਼ੂਕ ਨਾਲ ਬਾਬਾ ਕਰਮ ਕਮਾਉਂਦੇ ਨੇ
ਉਹਦੇ ਕੋਲ ਚੱਲ, ਲੋਕ ਦੂਰੋਂ ਦੁਰੋਂ ਆਉਂਦੇ ਨੇ,
ਪੜ ਕੇ ਮੰਤਰ, ਕੱਟ ਦਿੰਦੇ ਨੇ ਕਲੇਸ਼,
ਜਾਂਦਾ ਸੁਲਝ, ਉਲਝਿਆ ਤਾਣਾ।
ਅੱਜਕੱਲ ਚੰਨਾਂ ਮੇਰੇ ਇੰਡੀਆਂ ਦੇ ਵਿਚ,
ਜੰਮੇਂ ਧਾਗਿਆਂ-ਤਬੀਤਾਂ ਨਾ' ਨਿਆਣਾ।
ਪਤੀ:- ਪਰਸ਼ੋਤਮ ਇਹ ਲੋਕਾਂ ਤਾਈਂ, ਬੁੱਧੂ ਹੀ ਬਣਾਉਂਦੇ ਨੇ,
ਭੋਲੇ-ਭਾਲੇ ਲੋਕੀ ਕੁਝ ਸਮਝ ਨਾ ਪਾਉਂਦੇ ਨੇ,
ਦਿੱਲੀ ਬੱਸੇ ਬਹਿਣ ਨਾਲੋਂ,।ਅਕਲਾਂ ਦੀ ਅੰਨੀਏ,
ਤੂੰ ਧਾਲੀਵਾਲ ਵਾਲੀ ਬੱਸੇ ਬਹਿ ਗਈ,
ਭਾਲਦੀ ਜੁਆਕ ਫਿਰੇਂ ਪੁੱਛਾਂ ਪੁੱਛਦੀ,
ਨੀ ਤੂੰ ਬਾਬਿਆਂ ਦੇ ਚੱਕਰਾਂ ਵਿੱਚ ਪੈ ਗਈ।
ਪਤਨੀ:-ਐਵੇਂ ਨਾ ਤੂੰ ਬਾਬਿਆਂ ਨੂੰ ਮੰਦਾ-ਚੰਗਾ ਬੋਲ ਵੇ,
ਜੰਮੇਂ ਘਰ ਮੁੰਡਾ, ਉਹ ਦੁਆਰ ਦਿੰਦੇ ਖੋਲ ਵੇ,
ਨਾਲ ਦੀ ਗੁਆਂਢਣ ਦੇ ਖੇਡਿਆ ਹੈ ਬਾਲ,
ਤਾਹੀਂਓਂ ਬਾਬਿਆਂ ਦੀ ਸ਼ਕਤੀ ਪਛਾਣਾਂ।
ਅੱਜਕੱਲ ਚੰਨਾਂ ਮੇਰੇ ਇੰਡੀਆਂ ਦੇ ਵਿਚ,
ਜੰਮੇਂ ਧਾਗਿਆਂ-ਤਬੀਤਾਂ ਨਾ' ਨਿਆਣਾ।
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348
ਗੁਰਮੁਖੀ ਦਾ ਬੇਟਾ
NEXT STORY