ਮਨੁੱਖ ਦਾ ਤੀਜਾ ਨੇਤਰ ਅਖਵਾਉਣ ਵਾਲੀ ਵਿੱਦਿਆ ਦਾ ਪ੍ਰਸਾਰ ਕਰਨ ਵਾਲੇ ਅਧਿਆਪਕਾਂ ਦੀ ਅੱਜ ਜੋ ਤਰਸਯੋਗ ਹਾਲਤ ਪੂਰੇ 'ਚ ਮੁਲਕ ਬਣੀ ਹੋਈ ਹੈ ਉਸਦੀ ਸੰਸਾਰ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਵਿਰਲੀ ਉਦਾਹਰਣ ਮਿਲਦੀ ਹੋਵੇ । ਅਧਿਆਪਕ ਵਰਗ ਦੀ ਨੂੰ ਇੱਜ਼ਤ ਨਾ ਦੇਣਾ ਸਮੁੱਚੇ ਦੇਸ਼ ਲਈ ਚਿੰਤਾ ਅਤੇ ਸ਼ਰਮ ਵਾਲੀ ਗੱਲ੍ਹ ਹੈ।ਕਿਉਂਕਿ ਸਾਡੇ ਵਧੇਰੇ ਮਹਾਂ-ਪੁਰਸ਼ਾਂ ਦੇ ਅਨੁਸਾਰ ਗੁਰੁ ਬਿਨ੍ਹਾਂ ਮਨੁੱਖ ਹਨੇਰੇ 'ਚ ਹੀ ਹੈ ਸੂਫੀ ਮਤਿ ਦੇ ਅਨੁਯਾਈਆਂ ਦਾ ਕਹਿਣਾ ਹੈ ਕਿ ਮੁਰਸ਼ਿਦ ਬਿਨ੍ਹਾਂ ਸੇਧ ਨਹੀਂ। ਅਸਲ 'ਚ ਵਿੱਦਿਆ ਪ੍ਰਾਪਤੀ ਸਦਕਾ ਹੀ ਮਨੁੱਖ ਦੇ ਬੰਦ ਪਏ ਜ਼ਹਿਨ ਦੇ ਕਿਵਾੜ ਖੁਲਦੇ ਹਨ। ਜੇਕਰ ਇਹ ਕਹੀਏ ਕਿ ਇਕ ਪੜ੍ਹੇ ਲਿਖੇ ਅਤੇ ਅਨਪੜ੍ਹ ਮਨੁੱਖ 'ਚ ਦਿਨ ਰਾਤ ਦਾ ਅੰਤਰ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਹਜ਼ਰਤ ਮੁਹੰਮਦ (ਸ) ਦੀ ਇਕ ਹਦੀਸ ਅਨੁਸਾਰ ਜੇਕਰ ਵਿੱਦਿਆ(ਇਲਮ) ਦੀ ਪ੍ਰਾਪਤੀ ਲਈ ਤਹਾਨੂੰ ਚੀਨ ਦਾ ਵੀ ਸਫਰ ਕਰਨਾ ਪਵੇ ਤਾਂ ਕਰੋ। ਬਾਕੀ ਪਵਿੱਤਰ ਕੁਰਆਨ ਮਜੀਦ ਦੀ ਪਹਿਲੀ ਆਇਤ ਹੀ ਸਾਨੂੰ ਸੱਭ ਨੂੰ ਅਪਣੇ ਰੱਬ ਦੇ ਨਾਂ ਨਾਲ ਪੜ੍ਹਨ ਦਾ ਦਰਸ ਦਿੰਦੀ ਹੈ।
ਇਤਿਹਾਸ ਗਵਾਹ ਹੈ ਕਿ ਜਿਹਨ੍ਹਾਂ ਕੌਮਾਂ ਅਤੇ ਦੇਸ਼ਾਂ ਨੇ ਵਿੱਦਿਆ ਦੇ ਮਹਤੱਵ ਨੂੰ ਸਮਝਿਆ ਹੈ ਤੇ ਅਧਿਆਪਕ ਵਰਗ ਨੂੰ ਇੱਜ਼ਤ ਦਿੱਤੀ ।ਉਹਨ੍ਹਾਂ ਮੁਲਕਾਂ ਨੇ ਜੀਵਨ ਦੇ ਹਰ ਖੇਤਰ 'ਚ ਤਰੱਕੀ ਦੇ ਨਵੇਂ ਅਧਿਆਏ ਸਿਰਜੇ, ਇਸਦੇ ਉਲਟ ਜਿਹਨ੍ਹਾਂ ਵਿੱਦਿਆ ਦੇ ਮਹਤੱਵ ਨੂੰ ਅਣਗੋਲਿਆਂ ਕੀਤਾ ਤੇ ਆਪਣੇ ਅਧਿਆਪਕਾਂ ਦੀ ਕਦਰ ਨਹੀਂ ਕੀਤੀ ਉਹਨ੍ਹਾਂ ਦਾ ਆਖਿਰ ਵਿਨਾਸ਼ ਹੋਇਆ ਹੈ ਸੂਫੀ ਮਤਿ ਦੇ ਅਨੁਯਾਈਆਂ ਦਾ ਕਹਿਣਾ ਹੈ ਕਿ ਮੁਰਸ਼ਿਦ ਬਿਨ੍ਹਾਂ ਸੇਧ ਨਹੀਂ ਮਿਲਦੀ।
ਇਤਿਹਾਸ ਗਵਾਹ ਹੈ ਕਿ ਜਿਹਨ੍ਹਾਂ ਦੇਸ਼ਾਂ ਜਾਂ ਕੌਮਾਂ ਨੇ ਸਿੱਖਿਆ ਪ੍ਰਦਾਨ ਕਰਨ ਵਾਲੇ ਗੁਰੂਆਂ ਦੀ ਕਦਰ ਕੀਤੀ ਅਤੇ ਸਿਖਿਆ ਦੇ ਮਹਤੱਵ ਨੂੰ ਸਮਝਿਆ, ਉਹਨਾਂ ਮੁਲਕਾਂ ਅਤੇ ਕੌਮਾਂ ਨੇ ਤਰੱਕੀ ਦੀਆਂ ਨਵੀਆਂ ਸਿਖਰਾਂ ਨੂੰ ਛੋਹਿਆ।
ਇਸ ਸੰਦਰਭ 'ਚ ਜਾਪਾਨ ਦੀ ਉਦਾਹਰਣ ਸਾਡੇ ਲਈ ਕਿਸੇ ਚਾਨਣ ਮੁਨਾਰੇ ਤੋਂ ਘੱਟ ਨਹੀਂ, ਕਹਿੰਦੇ ਜਦੋਂ ਜਾਪਾਨ ਦੇ ਹੀਰੋ-ਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ 'ਤੇ ਅਮਰੀਕਾ ਨੇ ਐਟਮ ਬੰਬ ਗਿਰਾਏ ਤਾਂ ਇਸ ਦੇ ਫਲਸਰੂਪ ਜਾਪਾਨ ਬਿਲਕੁਲ ਤਬਾਹ-ਉ-ਬਰਬਾਦ ਹੋ ਗਿਆ ।
ਪਰ ਜਾਪਾਨੀ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਿ ਉਹਨ੍ਹਾਂ ਲੋਕਾਂ ਨੇ ਹਿੰਮਤ ਨਹੀਂ ਹਾਰੀ ,ਸਗੋਂ ਇਸ ਹਮਲੇ ਉਪਰੰਤ ਸੱਭ ਤੋਂ ਪਹਿਲਾਂ ਜਾਪਾਨੀ ਹੁਕਮਰਾਨਾਂ ਨੇ ਪ੍ਰਾਇਮਰੀ ਟੀਚਰਜ਼ ਦੀ ਇੱਕ ਅਤਿਅੰਤ ਜ਼ਰੂਰੀ ਮੀਟਿੰਗ ਸੱਦੀ ,ਇਸ ਮੀਟਿੰਗ ਦੋਰਾਨ ਉਕਤ ਹੁਕਾਮ ਨੇ ਪ੍ਰਾਇਮਰੀ ਅਧਿਆਪਕਾਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਾਡਾ ਦੇਸ਼ ਐਟਮੀ ਹਮਲੇ ਦੇ ਕਾਰਨ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਅਸੀਂ ਇਸ ਦੀ ਮੁੜ ਤੋਂ ਸਿਰਜਣਾ ਕਰਨੀ ਹੈ ਪਰੰਤੂ ਇਸ ਮੁੜ ਉਸਾਰੀ 'ਚ ( ਕੌਮ ਦੇ ਨਿਰਮਾਤਾ) ਭਾਵ ਤੁਹਾਨੂੰ ਅਧਿਆਪਕਾਂ ਨੂੰ ਬਹੁਤ ਖਾਸ ਅਤੇ ਅਹਿਮ ਜ਼ਿੰਮੇਂਵਾਰੀ ਨਿਭਾਉਣੀ ਪਵੇਗੀ ,ਇਸ ਉਪਰੰਤ ਅਧਿਆਪਕ ਵਰਗ ਨੇ ਅਪਣੇ ਹੁਕਮਰਾਨਾਂ ਦੁਆਰਾ ਪ੍ਰਗਟਾਏ ਵਿਸ਼ਵਾਸ ਤੇ ਪੂਰੇ ਉਤਰਦਿਆਂ ਆਪਣੇ ਤਨੋ,ਮਨੋ ਅਤੇ ਧਨੋ ਦੇਸ਼ ਦੇ ਭਵਿੱਖ ਆਰਥਾਤ ਬੱਚਿਆਂ ਦੀ ਤਰਬੀਅਤ ਅਤੇ ਪਰਵਰਿਸ਼ ਤੇ ਵਿਸ਼ੇਸ਼ ਤਵੱਜੋ ਅਤੇ ਧਿਆਨ ਦਿੱਤਾ,ਉਸੇ ਦਾ ਨਤੀਜਾ ਹੈ ਕਿ ਅੱਜ ਜਾਪਾਨ ਟੈਕਨਾਲੌਜੀ ਦੇ ਪੱਖੋਂ ਅਤੇ ਦੁਨੀਆਂ ਦੇ ਤਰੱਕੀ-ਯਾਫਤਾ ਦੇਸ਼ਾਂ ਚੋਂ ਨੰਬਰ ਇਕ ਤੇ ਆਉਂਦਾ ਹੈ ਤੇ ਉਹੋ ਅਮਰੀਕਾ ਜਿਸਨੇ ਸੱਤ ਦਹਾਕੇ ਪਹਿਲਾਂ ਜਾਪਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਟੈਕਨਾਲੌਜੀ ਦੇ ਮਾਮਲੇ 'ਚ ਜਾਪਾਨ ਤੋਂ ਕਾਫੀ ਪਿੱਛੇ ਵਿਖਾਈ ਦਿੰਦਾ ਹੈ ।ਉਹ ਲੋਕੀ ਅਧਿਆਪਕ ਦੀ ਇਨ੍ਹੀ ਕਦਰ ਕਰਦੇ ਹਨ ਕਿ ਅੱਜ ਵੀ ਜੇਕਰ ਜਾਪਾਨ 'ਚ ਕਿਸੇ ਟੀਚਰ ਨੂੰ ਗ੍ਰਿਫਤਾਰ ਕਰਨ ਦੀ ਨੌਬਤ ਆ ਜਾਵੇ ਤਾਂ ਉਥੋਂ ਦੀ ਪੁਲਿਸ ਨੂੰ ਸਰਕਾਰ ਪਾਸੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ।
ਅਧਿਆਪਕਾਂ ਦੇ ਰੁਤਬੇ ਨੂੰ ਸਮਝਣ ਦੀ ਗਲ੍ਹ ਕਰੀਏ ਤਾਂ ਪਿਛਲੇ ਦਿਨੀਂ ਜਰਮਨ 'ਚ ਜਦ ਇੰਜਨੀਅਰਾਂ ਨੇ ਅਪਣੀ ਤਨਖਾਹ ਦੇ ਵਾਧੇ ਦੀ ਮੰਗ ਸਰਕਾਰ ਅੱਗੇ ਰੱਖੀ ਤਾਂ ਉਥੋਂ ਦੇ ਰਾਜਨੇਤਾਵਾਂ ਨੇ ਸਪੱਸ਼ਟ ਲਫਜ਼ਾਂ 'ਚ ਕਿਹਾ ਕਿ ਤੁਸੀਂ ਸਭ ਇੰਜਨੀਅਰ ਅੱਜ ਜਿਸ ਮੁਕਾਮ ਤੇ ਬਿਰਾਜਮਾਨ ਹੋ ਉਸ ਪਿੱਛੇ ਤੁਹਾਡੇ ਟੀਚਰਾਂ ਦੀ ਬਿਹਤਰੀਨ ਕਾਰਗੁਜ਼ਾਰੀ ਹੈ ਇਸ ਲਈ ਤਹਾਡੀਆਂ ਤਨਖਾਹਾਂ ਵਧਾਉਣ ਤੋਂ ਪਹਿਲਾਂ ਤੁਹਾਡੇ ਅਧਿਆਪਕਾਂ ਦੀਆਂ ਤਨਖਾਹਾਂ 'ਚ ਵਾਧਾ ਜ਼ਰੂਰੀ ਹੈ।
ਜਦ ਕਿ ਪ੍ਰਸਿੱਧ ਅਦੀਬ(ਸਾਹਿਤਕਾਰ)ਅਸ਼ਫਾਕ ਅਹਿਮਦ ਨੇ ਅਧਿਆਪਕ ਦੇ ਅਹਿਤਰਾਮ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ “ਇਟਲੀ ਵਿਚ ਮੇਰਾ ਚਾਲਾਨ ਹੋਇਆ ਪਰ ਮਸਰੂਫ (ਰੁਝੇਵਿਆਂ ਚ) ਹੋਣ ਕਾਰਨ ਮੈਂ ਜੁਰਮਾਨੇ ਵਾਲੀ ਫੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ, ਲਿਹਾਜ਼ਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ । ਮੈਂ ਕਿਹਾ ਕਿ ਪ੍ਰੋਫੈਸਰ ਹਾਂ,ਮਸਰੂਫ ਹੋਣ ਕਾਰਨ ਵਕਤ ਨਹੀਂ ਮਿਲਿਆ।ਇਸ ਤੋਂ ਪਹਿਲਾਂ ਕਿ ਮੈਂ ਅਪਣੀ ਗੱਲ ਪੂਰੀ ਕਰਦਾ ,ਜੱਜ ਬੋਲ ਪਿਆ:ਇੱਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ..! ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮੁਆਫੀ ਮੰਗ ਕੇ ਚਾਲਾਨ ਰੱਦ ਕਰ ਦਿੱਤਾ।ਉਸ ਦਿਨ ਮੈਨੂੰ ਇਸ ਮੁਲਕ ਦੀ ਕਾਮਯਾਬੀ ਦੇ ਰਾਜ਼ ਦਾ ਪਤਾ ਲੱਗਾ।
ਇੱਥੇ ਕੁੱਝ ਹੋਰ ਵਿਕਸਤ ਦੇਸ਼ਾਂ ਦੀਆਂ ਵੀ ਮੈਂ ਉਦਾਹਰਣ ਦੇਣਾ ਚਾਹਾਂਗਾ ਜਿਵੇਂ ਅਮਰੀਕਾ 'ਚ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਵੀ.ਆਈ.ਪੀ.ਸਹੂਲਤਾਂ ਪਰਦਾਨ ਕੀਤੀਆਂ ਜਾਂਦੀਆਂ ਹਨ ਇਹਨ੍ਹਾਂ ਵਿਚ ਅਪਾਹਿਜ,ਸਾਇੰਸ-ਦਾਨ ਦੇ ਨਾਲ-2 ਟੀਚਰ ਵੀ ਸ਼ਾਮਿਲ ਹਨ।ਇਸੇ ਪ੍ਰਕਾਰ ਫਰਾਂਸ ਦੀ ਅਦਾਲਤ ਵਿਚ ਟੀਚਰ ਤੋਂ ਇਲਾਵਾ ਕਿਸੇ ਨੂੰ ਵੀ ਕੁਰਸੀ ਪੇਸ਼ ਨਹੀਂ ਕੀਤੀ ਜਾਂਦੀ।
ਉੱਥੇ ਹੀ ਕੋਰੀਆ ਇਕ ਅਜਿਹਾ ਮੁਲਕ ਹੈ ਜਿੱਥੇ ਇਕ ਅਧਿਆਪਕ ਆਪਣਾ ਸ਼ਨਾਖਤੀ ਕਾਰਡ ਵਿਖਾ ਕੇ ਉਹ ਸਾਰੀਆਂ ਸਹੂਲਤਾਂ ਦੀ ਪ੍ਰਾਪਤੀ ਕਰ ਸਕਦਾ ਹੈ ਜੋ ਕਿ ਸਾਡੇ ਇਸ ਦੇਸ਼ ਵਿਚ ਕਿਸੇ ਵਜ਼ੀਰ, ਐਮ.ਐਲ.ਏ ਜਾਂ ਐਮ.ਪੀ ਨੂੰ ਹਾਸਿਲ ਹਨ।
ਉਪਰੋਕਤ ਤੱਥਾਂ ਦੀ ਰੋਸ਼ਨੀ 'ਚ ਇਹ ਗਲ ਸਮਝ ਆਉਂਦੀ ਹੈ ਕਿ ਉਕਤ ਸਾਰੇ ਦੇਸ਼ ਸਾਡੇ ਨਾਲੋਂ ਇਮਾਨਦਾਰੀ ਅਤੇ ਤਰੱਕੀ ਵਿਚ ਕਿਉਂ ਅੱਗੇ ਹਨ ਕਿਉਂ ਕਿ ਉਹਨ੍ਹਾਂ ਦੇਸ਼ਾ 'ਚ ਸਿੱਖਿਆ ਅਤੇ ਸਿੱਖਿਆ ਸਾਸ਼ਤਰੀਆਂ ਦੀ ਨਾ ਸਿਰਫ ਕਦਰ ਕੀਤੀ ਜਾਂਦੀ ਹੈ ਬਲਕਿ ਉਹਨ੍ਹਾਂ ਦੇ ਹੱਕਾਂ ਦੀ ਰਾਖੀ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦਿੱਤੀ ਹੈ।
ਅੱਜ ਦੇਸ਼ 'ਚ ਜੋ ਵੀ ਨੌਜਵਾਨਾਂ 'ਚ ਅਸੰਤੋਸ਼ ਅਤੇ ਬੇਚੈਨੀ ਵਾਲੀ ਹਾਲਤ ਪਾਈ ਜਾ ਰਹੀ ਹੈ ਜਾਂ ਜਿਸ ਪ੍ਰਕਾਰ ਨਾਲ ਯੁਵਕ ਕਿਸੇ ਖਾਸ ਵਰਗ ਪ੍ਰਤੀ ਉਤੇਜਿਤ ਹੋ ਕੇ ਫਿਰਕਾਪ੍ਰਸਤੀ ਵਾਲਾ ਰਵੱਈਆ ਅਪਣਾ ਕੇ ਅਪਣੇ ਹੱਕਾਂ ਅਤੇ ਭਵਿੱਖ ਤੋਂ ਅਣਜਾਣ,ਅਪਣਾ ਅਤੇ ਦੇਸ਼ ਦਾ ਭਵਿੱਖ ਖਤਰੇ 'ਚ ਪਾ ਰਹੇ ਹਨ ਤਾਂ ਇਸ ਦੀ ਵੱਡੀ ਵਜਾਹ ਇਹੋ ਹੈ ਕਿ ਉਹਨ੍ਹਾਂ ਨੂੰ ਸਹੀ ਰੂਪ ਵਿਚ ਵਿੱਦਿਆ ਦੀ ਪ੍ਰਾਪਤੀ ਨਹੀਂ ਕਰਵਾਈ ਜਾ ਸਕੀ ।ਕਿਉਂਕਿ ਅਸਲ 'ਚ ਵਿੱਦਿਆ ਇਨਸਾਨ ਦੇ ਦਿਲ ਨੂੰ ਨਰਮ ਜ਼ਹਿਨ ਨੂੰ ਠੰਡਾ ਅਤੇ ਮਨ ਨੂੰ ਸਹਿਜਤਾ ਜਿਹੇ ਗੁਣਾਂ ਦਾ ਧਾਰਨੀ ਬਣਾਉਂਦੀ ਹੈ।
ਬਾਕੀ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇਹੋ ਕਹਾਂਗਾ ਕਿ “ਹਾਥ ਕੰਗਣ ਕੋ ਆਰਸੀ ਕਿਯਾ,ਪੜ੍ਹੇ ਲਿਖੇ ਕੋ ਫਾਰਸੀ ਕਿਯਾ''
ਸਾਨੂੰ ਹਰਗਿਜ਼ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਕਿਸੇ ਦੇਸ਼ ਦੀਆਂ ਨੀਹਾਂ ਮਜ਼ਬੂਤ ਹਨ ਤਾਂ ਹੀ ਦੇਸ਼ ਦੀ ਅਗੋਂ ਹੋਰ ਉਸਾਰੀ ਵਧੇਰੇ ਆਸਾਨੀ ਅਤੇ ਪੁਖਤਗੀ ਨਾਲ ਕੀਤੀ ਜਾ ਸਕਦੀ ਹੈ ਪਰੰਤੂ ਜੇਕਰ ਕਿਸੇ ਦੇਸ਼ ਦੀਆਂ ਨੀਹਾਂ ਹੀ ਕਮਜ਼ੋਰ ਹਨ ਤਾਂ ਉਸ ਤੇ ਕਦੀ ਵੀ ਮਜ਼ਬੂਤ ਉਸਾਰੀ ਨਹੀਂ ਹੋ ਸਕਦੀ।ਫਾਰਸੀ ਦੇ ਪ੍ਰਸਿੱਧ ਕਵੀ ਸ਼ੇਖ ਸਆਦੀ ਨੇ ਕਿਨ੍ਹਾਂ ਸੋਹਣਾ ਕਿਹਾ ਹੈ ਕਿ :
ਖਿਸ਼ਤ-ਏ-ਅੱਵਲ਼ ਚੂੰ ਨਹਿਦ ਮਂੈਮਾਰ ਕੱਜ।
ਤਾ ਸੁਰੱਈਆ ਮੀ ਰੂ ਦੀਵਾਰ ਕੱਜ£
ਭਾਵ ਸਾਅਦੀ ਦੀਵਾਰ ਦੀ ਉਸਾਰੀ ਕਰਨ ਵਾਲੇ ਮਿਸਤਰੀ ਨੂੰ ਸੰਬੋਧਨ ਹਨ ਕਿ ਤੂੰ ਬੁਨਿਆਦ ਦੀ ਜੋ ਪਹਿਲੀ ਇੱਟ(ਖਿਸ਼ਤ) ਹੈ ਉਸਨੂੰ ਬਹੁਤ ਹੀ ਗ਼ੌਰ ਨਾਲ ਦੇਖ-ਭਾਲ ਕੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਕੇ ਲਗਾ, ਜੇਕਰ ਬੁਨਿਆਦ 'ਚ ਹੀ ਕਜ(ਨੁਕਸ) ਰਹਿ ਗਿਆ ਤਾਂ ਭਾਵੇਂ ਦੀਵਾਰ ਨੂੰ ਉਸਾਰਦਿਆਂ-2 ਚਾਹੇ ਆਸਮਾਨਾਂ ਦੀਆਂ ਬੁਲੰਦੀਆਂ ਤੇ ਦਿਸਦੇ ਸਿਤਾਰਿਆਂ ਦੇ ਝੁੰੜ ਤੱਕ ਲੈ ਜਾਵੀਂ ਫਿਰ ਵੀ ਉਸ 'ਚ ਉਹ ਨੁਕਸ ਬਰਕਰਾਰ ਰਹੇਗਾ।
ਇਸੇ ਪ੍ਰਕਾਰ ਇੱਕ ਅਧਿਆਪਕ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਬੱਚਿਆਂ ਦੀ ਮੁੱਢਲੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਵੇ,ਤਾਂ ਜੋ ਮੁਲਕ ਦਾ ਭਵਿੱਖ ਸੁਰੱਖਿਅਤ ਬਣ ਸਕੇ। ਇੱਥੇ ਇਹ ਵੀ ਇਕ ਸੱਚਾਈ ਹੈ ਕਿ ਅਧਿਆਪਕ ਵੀ ਤਦ ਹੀ ਆਪਣੇ ਪਾਸ ਪੜ੍ਹਦੇ ਬੱਚਿਆਂ ਉਪਰ ਧਿਆਨ ਦੇ ਪਾਵੇਗਾ ਜਦ ਸਰਕਾਰ ਅਤੇ ਸਮਾਜ ਉਸਦੇ ਹੱਕਾਂ ਦੇ ਨਾਲ-2 ਉਸਦੇ ਇੱਜ਼ਤ ਅਤੇ ਅਹਿਤਰਾਮ ਨੂੰ ਯਕੀਨੀ ਬਣਾਵੇਗਾ।
ਮੁਹੰਮਦ ਅੱਬਾਸ ਧਾਲੀਵਾਲ
ਮੈਨੇਜਰ ਇਸਲਾਮੀਆ ਗਰਲਜ਼ ਕਾਲਜ
ਮਲੇਰਕੋਟਲਾ।
ਸੰਪਰਕ:09855259650
13 ਅਪ੍ਰੈਲ 1919 ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ
NEXT STORY