ਨਵੀਂ ਦਿੱਲੀ (ਨੈਸ਼ਨਲ ਡੈਸਕ) - ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੇ ਜਨਰਲ ਸਕੱਤਰ ਤੇ ਛੱਤੀਸਗੜ੍ਹ ਦੇ ਇੰਚਾਰਜ ਪੀ. ਐੱਲ. ਪੂਨੀਆ ਨੇ ਸੂਬੇ ਵਿਚ ‘ਮੁੱਖ ਮੰਤਰੀ ਦੇ ਰੋਟੇਸ਼ਨ ’ਤੇ ਕਿਸੇ ਵੀ ਤਰ੍ਹਾਂ ਦੀ ਸਮਝ’ ਦੀ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪੂਨੀਆ ਨੇ ਦਾਅਵਾ ਕਰਦਿਆਂ ਕਿਹਾ ਕਿ ਛੱਤੀਸਗੜ੍ਹ ਵਿਚ ਮੁੱਖ ਮੰਤਰੀ ਦੇ ਅਹੁਦੇ ਨੂੰ ਸਾਂਝਾ ਕਰਨ ਲਈ ਸੀ. ਐੱਮ. ਭੂਪੇਸ਼ ਬਘੇਲ ਤੇ ਸੂਬੇ ਦੇ ਸਿਹਤ ਮੰਤਰੀ ਟੀ. ਐੱਸ. ਸਿੰਘਦੇਵ ਦਰਮਿਆਨ ਢਾਈ ਸਾਲ ਲਈ ਕਦੇ ਵੀ ਕੋਈ ਗੈਰ-ਰਸਮੀ ਜਾਂ ਰਸਮੀ ਸਮਝੌਤਾ ਹੋਇਆ ਹੀ ਨਹੀਂ ਸੀ।
ਇਕ ਮੀਡੀਆ ਰਿਪੋਰਟ ਅਨੁਸਾਰ ਪੂਨੀਆ ਨੇ ਇਸ ਤਰ੍ਹਾਂ ਦੀ ਗੱਲ ਨੂੰ ਬੇਬੁਨਿਆਦ ਦੱਸਿਆ ਹੈ। ਸੀ. ਐੱਮ. ਬਘੇਲ ਨੇ ਵੀ ਪਾਰਟੀ ਲੀਡਰਸ਼ਿਪ ਵਲੋਂ ਅਜਿਹੀ ਕਿਸੇ ਵੀ ਵਿਵਸਥਾ ਤੋਂ ਇਨਕਾਰ ਕੀਤਾ ਹੈ। ਹਿਮਾਚਲ ਤੇ ਦਿੱਲੀ ਦੌਰੇ ਤੋਂ ਵਾਪਸ ਆਏ ਬਘੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਹਾਂ ਕਿ ਅਜਿਹੀ ਕੋਈ ਵਿਵਸਥਾ ਨਹੀਂ ਸੀ। ਇਸ ਤਰ੍ਹਾਂ ਦੀ ਸਮਝ ਆਮ ਤੌਰ ’ਤੇ ਗਠਜੋੜ ਸਰਕਾਰ ਵਿਚ ਹੁੰਦੀ ਹੈ। ਸਾਡੀ ਸਰਕਾਰ ਇੱਥੇ ਤਿੰਨ-ਚੌਥਾਈ ਬਹੁਮਤ ਵਿਚ ਹੈ।’’ ਉਨ੍ਹਾਂ ਕਿਹਾ ਕਿ ਸੀ. ਐੱਮ. ਦੇ ਰੋਟੇਸ਼ਨ ਦੀਆਂ ਅਫਵਾਹਾਂ ਭਾਜਪਾ ਫੈਲਾ ਰਹੀ ਹੈ ਤਾਂ ਜੋ ਸਰਕਾਰ ਨੂੰ ਅਸਥਿਰ ਕੀਤਾ ਜਾ ਸਕੇ।
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼
ਕਾਂਗਰਸ ਹਾਈਕਮਾਨ ਕੋਲ ਹੈ ਮਾਮਲਾ
ਦੱਸਿਆ ਜਾ ਰਿਹਾ ਹੈ ਕਿ 17 ਜੂਨ ਨੂੰ ਢਾਈ ਸਾਲ ਪੂਰੇ ਕਰਨ ਵਾਲੇ ਮੁੱਖ ਮੰਤਰੀ ਭੂਪੇਸ਼ ਬਘੇਲ ਤੇ ਸਿਹਤ ਮੰਤਰੀ ਟੀ. ਐੱਸ. ਸਿੰਘਦੇਵ ਦਰਮਿਆਨ ਵਿਵਾਦ ਪੁਰਾਣਾ ਹੈ ਅਤੇ ਪਿਛਲੇ 15 ਦਿਨਾਂ ਵਿਚ ਇਸ ਵਿਚ ਤੇਜ਼ੀ ਆਈ ਹੈ ਕਿਉਂਕਿ ਸੂਬੇ ਵਿਚ ਸਰਕਾਰ ਬਣਨ ਵੇਲੇ ਢਾਈ-ਢਾਈ ਸਾਲ ਦੇ ਫਾਰਮੂਲੇ ਦਾ ਵਾਅਦਾ ਕੀਤਾ ਗਿਆ ਸੀ, ਜਦੋਂਕਿ ਹੁਣ ਬਘੇਲ ਨੂੰ ਕਾਂਗਰਸ ਹਾਈਕਮਾਨ ਨੇ ਆਸ਼ੀਰਵਾਦ ਦਿੱਤਾ ਹੈ ਤਾਂ ਜੋ ਉਹ ਅੱਗੇ ਢਾਈ ਸਾਲ ਸੂਬੇ ਵਿਚ ਰਾਜ ਕਰ ਸਕਣ।
ਸਿੰਘਦੇਵ ਪਿਛਲੇ 2 ਹਫਤਿਆਂ ਵਿਚ ਘੱਟੋ-ਘੱਟ 2 ਵਾਰ ਸੀ. ਐੱਮ. ਬਘੇਲ ਦੇ ਫੈਸਲੇ ਦਾ ਵਿਰੋਧ ਕਰ ਚੁੱਕੇ ਹਨ। ਮਾਮਲਾ ਵਿਗੜਦਾ ਦੇਖ ਕੇ ਪ੍ਰਿਯੰਕਾ ਗਾਂਧੀ ਨੇ ਦਿੱਲੀ ਵਿਚ ਦੋਵਾਂ ਨੇਤਾਵਾਂ ਨੂੰ ਨਸੀਹਤ ਦੇ ਦਿੱਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਿੰਘਦੇਵ ਨੇ ਇਸ ’ਤੇ ਸਹਿਮਤੀ ਦੇ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਕਿਉਂ ਪੈਦਾ ਹੋਇਆ ਸਿਆਸੀ ਸੰਕਟ?
ਕਾਂਗਰਸੀ ਨੇਤਾ ਤੇ ਵਰਕਰ ਖੁੱਲ੍ਹ ਕੇ ਨਹੀਂ ਕਹਿੰਦੇ ਪਰ ਸੱਚਾਈ ਇਹ ਹੈ ਕਿ ਢਾਈ ਸਾਲ ਪਹਿਲਾਂ ਦੇ ਇਸ ਫਾਰਮੂਲੇ ਵਿਚ ਕਾਂਗਰਸ ਦੇ ਮੌਜੂਦਾ ਸੰਕਟ ਦੀਆਂ ਜੜ੍ਹਾਂ ਲੁਕੀਆਂ ਹੋਈਆਂ ਹਨ। ਕਾਂਗਰਸੀ ਨੇਤਾ ਢਾਈ ਸਾਲ ਤਕ ਮੁੱਖ ਮੰਤਰੀ ਵਰਗੇ ਕਿਸੇ ਫਾਰਮੂਲੇ ਦੀ ਗੱਲ ਤੋਂ ਇਨਕਾਰ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਇਹ ਚਰਚਾ ਬਘੇਲ ਦੇ ਮੁੱਖ ਮੰਤਰੀ ਬਣਨ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ 2018 ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਦੋਂ ਛੱਤੀਸਗੜ੍ਹ ਵਿਚ ਮੁੱਖ ਮੰਤਰੀ ਚੁਣਨ ਦੀ ਵਾਰੀ ਆਈ ਤਾਂ 67 ਵਿਚੋਂ 44 ਵਿਧਾਇਕਾਂ ਨੇ ਟੀ. ਐੱਸ. ਸਿੰਘਦੇਵ ਦਾ ਸਮਰਥਨ ਕੀਤਾ ਸੀ।
ਇੱਧਰ ਕਾਂਗਰਸ ਹਾਈਕਮਾਨ ਚਾਹੁੰਦਾ ਸੀ ਕਿ ਭੂਪੇਸ਼ ਬਘੇਲ ਸੀ. ਐੱਮ. ਬਣਨ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਦੇ 4 ਸੰਭਾਵਤ ਉਮੀਦਵਾਰਾਂ–ਟੀ. ਐੱਸ. ਸਿੰਘਦੇਵ, ਤਾਮਰਧਵਜ ਸਾਹੂ, ਭੂਪੇਸ਼ ਬਘੇਲ ਤੇ ਚਰਨਦਾਸ ਮਹੰਤ ਨਾਲ ਉਨ੍ਹਾਂ ਦੇ ਘਰ ’ਚ ਮੁਲਾਕਾਤ ਕੀਤੀ ਸੀ ਅਤੇ ਭੂਪੇਸ਼ ਬਘੇਲ ਦਾ ਨਾਂ ਸੀ. ਐੱਮ. ਦੇ ਅਹੁਦੇ ਲਈ ਫਾਈਨਲ ਕੀਤਾ ਸੀ। ਇਸ ਦੇ ਬਾਅਦ ਤੋਂ ਚਰਚਾ ਸੀ ਕਿ ਢਾਈ ਸਾਲ ਬਾਅਦ ਸਿੰਘਦੇਵ ਮੁੱਖ ਮੰਤਰੀ ਬਣਨਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਖੁਦ ਦੇ ਬੂਥ ਤੋਂ ਮਿਲੀ ਇਕ ਵੋਟ : ਕੰਵਰ ਪਾਲ ਗੁੱਜਰ
NEXT STORY