ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ’ਚ ਭਿਆਨਕ ਸਮੁੰਦਰੀ ਤੂਫਾਨ ‘ਦਾਨਾ’ ਅਤੇ ਮੀਂਹ ਕਾਰਨ 2.80 ਲੱਖ ਏਕੜ ਜ਼ਮੀਨ ’ਚ ਪਾਣੀ ਭਰ ਜਾਣ ਅਤੇ 1.75 ਲੱਖ ਏਕੜ ਜ਼ਮੀਨ ’ਤੇ ਬੀਜੀਆਂ ਫਸਲਾਂ ਨਸ਼ਟ ਹੋ ਜਾਣ ਦਾ ਖਦਸ਼ਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਮੁੱਢਲੇ ਅੰਦਾਜ਼ਿਆਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਮੁੰਦਰੀ ਤੂਫਾਨ ਕਾਰਨ ਫਸਲ ਦੇ ਨੁਕਸਾਨ ਦਾ ਮੁਲਾਂਕਣ ਕਰਨ ਦਾ ਹੁਕਮ ਦਿੱਤਾ ਹੈ। ਖੇਤੀਬਾੜੀ ਅਤੇ ਕਿਸਾਨ ਸਸ਼ਕਤੀਕਰਨ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਰਬਿੰਦ ਪਾਧੀ ਨੇ ਸੋਸ਼ਲ ਮੀਡਿਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਮੁੱਢਲੀ ਰਿਪੋਰਟ ਅਨੁਸਾਰ, ਭਿਆਨਕ ਸਮੁੰਦਰੀ ਤੂਫਾਨ ‘ਦਾਨਾ’ ਕਾਰਨ 2,80,000 ਏਕੜ (1,12,310 ਹੈਕਟੇਅਰ) ਜ਼ਮੀਨ ’ਚ ਪਾਣੀ ਭਰ ਜਾਣ ਅਤੇ 1,75,000 ਏਕੜ (69,995 ਹੈਕਟੇਅਰ) ਜ਼ਮੀਨ ’ਤੇ ਪੈਦਾ ਫਸਲ ਨਸ਼ਟ ਹੋ ਜਾਣ ਦਾ ਖਦਸ਼ਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਖੇਤੀਬਾੜੀ ਵਿਭਾਗ ਦੇ ਖੇਤਰੀ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਮਾਲ ਵਿਭਾਗ ਦੇ ਮੁਲਾਜ਼ਮਾਂ ਨਾਲ ਮਿਲ ਕੇ ਜ਼ਿਲਾ ਅਧਿਕਾਰੀਆਂ ਦੀ ਨਿਗਰਾਨੀ ’ਚ ਟੀਮਾਂ ਬਣਾ ਕੇ ਫਸਲ ਨੁਕਸਾਨ (33 ਫ਼ੀਸਦੀ ਅਤੇ ਉਸ ਤੋਂ ਵੱਧ) ਦਾ ਮੁਲਾਂਕਣ ਕਰਨ ਅਤੇ ਉਸ ਦਾ ਹਿਸਾਬ ਲਗਾਉਣ।
ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਸ਼ੁੱਕਰਵਾਰ ਰਾਤ ਇਕ ਸਮੀਖਿਆ ਬੈਠਕ ਦੌਰਾਨ ਕਿਹਾ ਕਿ ਖੇਤੀਬਾੜੀ ਖੇਤਰ ’ਚ ਹੋਏ ਨੁਕਸਾਨ ਦਾ ਕੁੱਲ ਅੰਦਾਜ਼ਾ ਵਿਸਥਾਰਤ ਰਿਪੋਰਟ ਤੋਂ ਪਤਾ ਲੱਗੇਗਾ, ਜਿਸ ਦੇ ਆਧਾਰ ’ਤੇ ਸਰਕਾਰ ਕਿਸਾਨਾਂ ਲਈ ਮੁਆਵਜ਼ੇ ’ਤੇ ਫੈਸਲਾ ਕਰੇਗੀ।
ਸੋਨੀਆ ਵਿਹਾਰ 'ਚ ਜਲ ਬੋਰਡ ਦਾ ਪਲਾਂਟ ਬੰਦ, ਕਈ ਇਲਾਕਿਆਂ 'ਚ ਲੋਕ ਪਾਣੀ ਨੂੰ ਤਰਸੇ
NEXT STORY