Fack Check By Vishvas News
ਨਵੀਂ ਦਿੱਲੀ- ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਇਸ 'ਚ ਉਨ੍ਹਾਂ ਨੂੰ 2000 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਮੋਦੀ ਸਰਕਾਰ ਨੇ ਇਕ ਵਾਰ ਫਿਰ ਤੋਂ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਹੈ।
'ਵਿਸ਼ਵਾਸ ਨਿਊਜ਼' ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਸਾਬਤ ਹੋਇਆ। ਦਰਅਸਲ ਪੀ. ਐੱਮ ਮੋਦੀ ਦੇ 2016 ਦੇ ਵੀਡੀਓ ਦੇ ਇਕ ਹਿੱਸੇ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਕਲਿੱਪ ਉਸ ਸਮੇਂ ਦੀ ਹੈ, ਜਦੋਂ ਪੀ. ਐੱਮ ਮੋਦੀ ਨੇ ਨੋਟਬੰਦੀ ਦਾ ਐਲਾਨ ਕਰਦੇ ਹੋਏ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦੇ ਬਾਰੇ ਦੇਸ਼ ਨੂੰ ਜਾਣਕਾਰੀ ਦਿੱਤੀ ਸੀ। ਹੁਣ ਉਸੇ ਹਿੱਸੇ ਨੂੰ ਵਾਇਰਲ ਕਰਕੇ ਭਰਮ ਫੈਲਾਇਆ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਰੁਪਿੰਦਰ ਪਰਿਹਾਰ ਨੇ 19 ਦਸੰਬਰ ਨੂੰ ਪੀ. ਐੱਮ ਮੋਦੀ ਦੀ ਇਕ ਵੀਡੀਓ ਕਲਿੱਪ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਕੀਤਾ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ।
ਕਈ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਪੜਤਾਲ
ਵਾਇਰਲ ਕਲਿੱਪ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਦੇ ਕਈ ਕੀ ਫਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਲੈਂਸ ਟੂਲ ਰਾਹੀਂ ਸਰਚ ਕੀਤਾ। ਸਾਨੂੰ ਕਈ ਥਾਵਾਂ 'ਤੇ ਪੀ. ਐੱਮ ਮੋਦੀ ਦਾ ਪੁਰਾਣਾ ਭਾਸ਼ਣ ਮਿਲਿਆ।
'ਟਾਈਮਜ਼ ਨਾਓ' ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਅਸਲੀ ਵੀਡੀਓ ਮਿਲਿਆ। ਇਹ 9 ਨਵੰਬਰ 2016 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ 32:33 ਮਿੰਟ ਦੇ ਬਾਅਦ ਵਾਇਰਲ ਵੀਡੀਓ ਦੀ ਲਾਈਨ ਸੁਣੀ ਜਾ ਸਕਦੀ ਹੈ।
ਇਸੇ ਤਰ੍ਹਾਂ ਅਸਲੀ ਵੀਡੀਓ ਨੂੰ ਪੀ. ਐੱਮ. ਮੋਦੀ ਦੇ ਯੂਟਿਊਬ ਚੈਨਲ 'ਤੇ ਵੀ ਸੁਣਿਆ ਜਾ ਸਕਦਾ ਹੈ। ਇਹ 8 ਨਵੰਬਰ 2016 ਨੂੰ ਲਾਈਵ ਕੀਤਾ ਗਿਆ ਸੀ। ਵੀਡੀਓ 'ਚ ਪੀ. ਐੱਮ. ਮੋਦੀ ਨੂੰ ਵਾਇਰਲ ਵੀਡੀਓ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ। 32 ਮਿੰਟ ਦੀ ਟਾਈਮ ਲਾਈਨ ਤੋਂ ਬਾਅਦ ਪੀ. ਐੱਮ. ਮੋਦੀ ਕਹਿੰਦੇ ਹਨ ਕਿ ਰਿਜ਼ਰਵ ਬੈਂਕ ਵਲੋਂ 2000 ਰੁਪਏ ਦੇ ਨਵੇਂ ਨੋਟ ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਗਿਆ ਹੈ। ਪੂਰੀ ਤਰ੍ਹਾਂ ਤੋਂ ਨਵੇਂ ਡਿਜ਼ਾਈਨ ਕੀਤੇ ਗਏ 500 ਅਤੇ 2000 ਰੁਪਏ ਦੇ ਨਵੇਂ ਨੋਟ ਸਰਕੁਲੇਸ਼ਨ ਵਿਚ ਲਾਇਆ ਜਾਵੇਗਾ।
ਰਿਜ਼ਰਵ ਬੈਂਕ ਆਫ ਇੰਡੀਆ ਦੇ 19 ਮਈ 2023 ਨੂੰ ਇਕ ਪ੍ਰੈਸ ਨੋਟ ਮੁਤਾਬਕ 2000 ਰੁਪਏ ਦੇ ਬੈਂਕ ਨੋਟ ਨਵੰਬਰ 2016 ਵਿਚ RBI ਐਕਟ 1934 ਦੀ ਧਾਰਾ 24(1) ਦੇ ਤਹਿਤ ਪੇਸ਼ ਕੀਤੇ ਗਏ ਸਨ। 2018-2019 ਵਿਚ ਇਸ ਦੀ ਪ੍ਰਿੰਟਿੰਗ ਬੰਦ ਕਰ ਦਿੱਤੀ ਗਈ। ਇਸ ਪ੍ਰੈਸ ਨੋਟ ਵਿਚ 2000 ਰੁਪਏ ਦੇ ਨੋਟ ਬੰਦ ਕਰਨ ਬਾਰੇ ਵੀ ਸੂਚਨਾ ਦਿੱਤੀ ਗਈ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਰਿਜ਼ਰਵ ਬੈਂਕ ਆਫ ਇੰਡੀਆ ਦੇ ਪ੍ਰਵਕਤਾ ਪੁਨੀਤ ਪੰਚੋਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ। ਜਾਂਚ ਦੇ ਅਖ਼ੀਰ ਵਿਚ ਵਾਇਰਲ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਾ ਕਿ ਯੂਜ਼ਰ ਰਾਜਸਥਾਨ ਦਾ ਰਹਿਣ ਵਾਲਾ ਹੈ। ਫੇਸਬੁੱਕ 'ਤੇ ਯੂਜ਼ਰ ਦੇ 5000 ਤੋਂ ਵੱਧ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗਲਤ ਸਾਬਤ ਹੋਈ। ਨੋਟਬੰਦੀ ਦੌਰਾਨ ਦੇ ਵੀਡੀਓ ਨੂੰ ਐਡਿਟ ਕਰਕੇ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Fact Check: ਬਾਘ ਨੂੰ ਹਾਥੀ 'ਤੇ ਲੈ ਜਾਣ ਦਾ ਵੀਡੀਓ ਬਿਹਾਰ ਦਾ ਨਹੀਂ, ਉੱਤਰਾਖੰਡ ਦਾ ਹੈ
NEXT STORY