ਨਵੀਂ ਦਿੱਲੀ- ਦੇਸ਼ ਭਰ 'ਚ ਕ੍ਰਿਸ਼ਨ ਜਨਮ ਅਸ਼ਟਮੀ ਅੱਜ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਮੰਦਰਾਂ 'ਚ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਭਗਵਾਨ ਕ੍ਰਿਸ਼ਨ ਦੇ ਜਨਮ ਅਸਥਾਨ ਮਥੁਰਾ ਅਤੇ ਵਰਿੰਦਾਵਨ ਵਿਚ ਜਨਮ ਅਸ਼ਟਮੀ ਮੌਕੇ ਬਹੁਤ ਹੀ ਸੁੰਦਰ ਢੰਗ ਨਾਲ ਮੰਦਰਾਂ ਨੂੰ ਸਜਾਇਆ ਗਿਆ ਹੈ ਅਤੇ ਭਗਤਾਂ ਲਈ ਖ਼ਾਸ ਵਿਵਸਥਾ ਕੀਤੀ ਗਈ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਸੇਵਾ ਸੰਸਥਾ ਨੇ ਐਲਾਨ ਕੀਤਾ ਹੈ ਕਿ ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟਿਆਂ ਲਈ ਖੁੱਲ੍ਹਾ ਰਹੇਗਾ, ਜਿਸ ਤੋਂ ਭਗਤ ਬਿਨਾਂ ਕਿਸੇ ਪਾਬੰਦੀ ਦੇ ਦਰਸ਼ਨ ਕਰ ਸਕਣਗੇ। ਆਮ ਤੌਰ 'ਤੇ ਮੰਦਰ 12 ਘੰਟਿਆਂ ਲਈ ਖੁੱਲ੍ਹਾ ਰਹਿੰਦਾ ਹੈ।
ਨੋਇਡਾ ਦੇ ਇਸਕਾਨ ਟੈਂਪਲ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਜਨਮ ਅਸ਼ਟਮੀ ਨੂੰ ਵੇਖਦੇ ਹੋਏ ਨੋਇਡਾ ਸੈਕਟਰ-33 ਸਥਿਤ ਇਸਕਾਨ ਟੈਂਪਲ ਵਿਚ ਸਵੇਰ ਤੋਂ ਹੀ ਭਗਤਾਂ ਦੀ ਭੀੜ ਲੱਗੀ ਹੋਈ ਹੈ। ਮੰਦਰ ਵਿਚ ਆਉਣ ਵਾਲੇ ਭਗਤਾਂ ਲਈ ਵਿਸ਼ੇਸ਼ ਪੂਜਾ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ ਹੈ।
ਦੂਜੇ ਪਾਸੇ ਦਿੱਲੀ ਦੇ ਬਿਰਲਾ ਮੰਦਰ ਵਿਚ ਫੁੱਲ-ਮਾਲਾ ਅਤੇ ਮੋਰ ਦੇ ਖੰਭਾਂ ਨਾਲ ਖ਼ਾਸ ਸਜਾਵਟ ਕੀਤੀ ਜਾ ਰਹੀ ਹੈ। ਕਈ ਤਰ੍ਹਾਂ ਦੇ ਬਿਜਲੀ ਦੇ ਬਲਬ ਅਤੇ ਆਕਰਸ਼ਕ ਰੰਗ-ਬਿਰੰਗੀਆਂ ਲਾਈਟਾਂ ਵੀ ਮੰਦਰ ਦੀ ਸ਼ੋਭਾ ਵਧਾਉਣ ਲਈ ਲਾਏ ਗਏ ਹਨ। ਕ੍ਰਿਸ਼ਨ ਜਨਮ ਉਤਸਵ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਛੱਪਨ ਭੋਗ ਲਾਇਆ ਜਾਵੇਗਾ। ਨਾਲ ਹੀ ਵਿਸ਼ੇਸ਼ ਪੋਸ਼ਾਕ ਪਹਿਨਾ ਕੇ ਉਨ੍ਹਾਂ ਦਾ ਸ਼ਿੰਗਾਰ ਵੀ ਕੀਤਾ ਜਾਵੇਗਾ।
ਭਗਤਾਂ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਵੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਬਿਰਲਾ ਮੰਦਰ ਵਿਚ ਵੱਡੀ ਗਿਣਤੀ ਵਿਚ ਭਗਤ ਆਉਂਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਤਰ੍ਹਾਂ ਦੇ ਚਾਰ ਪੰਡਾਲ ਬਣਾਏ ਗਏ ਹਨ। ਭਜਨ ਕੀਰਤਨ ਅਤੇ ਸ਼੍ਰੀ ਕ੍ਰਿਸ਼ਨ ਲੀਲਾ ਵੇਖਣ ਲਈ ਇੱਥੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ, ਜਿੱਥੇ ਕ੍ਰਿਸ਼ਨ ਭਗਤ ਜਨਮ ਅਸ਼ਟਮੀ ਦਾ ਆਨੰਦ ਲੈਣਗੇ।
ਕ੍ਰਿਸ਼ਨ ਜਨਮ ਅਸ਼ਟਮੀ ਨੂੰ ਵੇਖਦੇ ਹੋਏ ਪੁਲਸ ਪ੍ਰਸਾਸ਼ਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਲਏ ਹਨ। ਬਿਰਲਾ ਮੰਦਰ ਵਿਚ ਦਿੱਲੀ ਪੁਲਸ ਦੇ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸੀ. ਸੀ. ਟੀ. ਵੀ. ਤੋਂ ਚੱਪੇ-ਚੱਪੇ 'ਤੇ ਨਿਗਰਾਨੀ ਰੱਖੀ ਜਾਵੇਗੀ। ਪੁਲਸ ਕਰਮੀਆਂ ਤੋਂ ਇਲਾਵਾ ਮੰਦਰ ਦੀ ਵਲੰਟੀਅਰ ਵੀ ਸੁਰੱਖਿਆ ਲਈ ਮੌਜੂਦ ਰਹਿਣਗੇ।
ਕਿਉਂ ਮਨਾਉਂਦੇ ਹਨ ਜਨਮ ਅਸ਼ਟਮੀ
ਜਨਮ ਅਸ਼ਟਮੀ ਹਿੰਦੂਆਂ ਦਾ ਇਕ ਮਹੱਤਵਪੂਰਨ ਤਿਉਹਾਰ ਹੈ। ਇਸ ਤਿਉਹਾਰ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਮਹੀਨੇ ਅਗਸਤ ਜਾਂ ਸਤੰਬਰ ਵਿਚ ਆਉਂਦਾ ਹੈ। ਜਨਮ ਅਸ਼ਟਮੀ ਦੇ ਦਿਨ ਭਗਵਾਨ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਵਰਤ ਰੱਖਣ, ਦਾਨ ਕਰਨ ਅਤੇ ਭਗਵਾਨ ਕ੍ਰਿਸ਼ਨ ਦੇ ਮੰਦਰਾਂ ਦੇ ਦਰਸ਼ਨ ਕਰਨ ਦਾ ਵਿਸ਼ੇਸ਼ ਮਹੱਤਵ ਹੈ।
ਸਰਕਾਰ ਨੇ ਲੋਕਾਂ ਨੂੰ ਫਰਜ਼ੀ ਈ-ਮੇਲ ਅਤੇ ਈ-ਨੋਟਿਸ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ
NEXT STORY