(ਦਿੱਲੀ ਗੁ: ਪ੍ਰ: ਕਮੇਟੀ ਦੇ ਇਤਿਹਾਸ ਦਾ ਇਕ ਪੰਨਾ)
1950 ਵਿਚ ਦਿੱਲੀ ਵਿਖੇ ਪੰਜਾਬੀਆਂ ਦੀ ਬੜੀ ਚੜ੍ਹਤ ਅਤੇ ਦੱਬ ਦਬਾ ਸੀ। ਪਾਕਿ: ਤੋਂ ਉੱਜੜ ਕੇ ਆਏ ਪੰਜਾਬੀਆਂ ਨੇ ਰੈਣ ਬਸੇਰੇ ਅਤੇ ਕੰਮ ਦੀ ਭਾਲ ਵਿਚ ਦਿੱਲੀ ਵਿਖੇ ਜਾ ਡੇਰੇ ਲਾਏ। ਇਨ੍ਹਾਂ ਵਿਚ ਹੀ ਮੇਰੇ ਪਿਤਾ ਸ. ਸਤਨਾਮ ਸਿੰਘ ਦਰਦੀ ਵੀ ਸ਼ੁਮਾਰ ਸਨ। ਉਸ ਵਕਤ ਦੀ ਇਕ ਇਤਿਹਾਸਿਕ ਘਟਨਾ ਉਨ੍ਹਾਂ ਬ-ਯਾਦਾਸ਼ਤ, ਇੰਝ ਕਹਿ ਸੁਣਾਈ-
"ਕਰੀਬ 1949-50 ਵਿਚ ਦਿੱਲੀ ਗੁ. ਪ੍ਰ.ਕਮੇਟੀ ਨੇ ਦੇਵ ਨਗਰ ਕਰੋਲ ਬਾਗ ਦਿੱਲੀ ਵਿਚ ਇਕ ਕਾਲਜ ਬਣਾਉਣ ਦਾ ਫੈਸਲਾ ਕੀਤਾ। ਜਿਸ ਦਾ ਨੀਂਹ ਪੱਥਰ ਰੱਖਣ ਲਈ ਅੰਮ੍ਰਿਤਸਰ ਤੋਂ ਤਦੋਂ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਸੱਦਿਆ ਗਿਆ। ਇਤਫਾਕਨ ਉਨ੍ਹਾਂ ਦਿਨਾਂ ਵਿਚ ਗੁਰਪੁਰਬ ਸੀ। ਜਿਸ ਦਾ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸੀਸ ਗੰਜ ਤੋਂ ਸ਼ੁਰੂ ਹੋ ਕੇ ਅਜ਼ਮੇਰੀ.. ਗੇਟ, ਲਾਹੌਰੀ ਗੇਟ ਅਤੇ ਕਸ਼ਮੀਰੀ ਗੇਟ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸ਼੍ਰੀ ਸੀਸ ਗੰਜ ਆ ਕੇ ਸਮਾਪਤ ਹੁੰਦਾ ਸੀ। ਪਰ ਐਤਕੀਂ ਕਮੇਟੀ ਨੇ ਫੈਸਲਾ ਕੀਤਾ ਕਿ ਨਗਰ ਕੀਰਤਨ ਕਾਲਜ ਵਾਲੀ ਜਗ੍ਹਾ ’ਤੇ ਜਾ ਕੇ ਸਮਾਪਤ ਕੀਤਾ ਜਾਵੇ। ਪ੍ਰੋਗਰਾਮ ਮੁਤਾਬਕ ਸਾਰੀ ਦਿੱਲੀ ਵਿਚ ਪੋਸਟਰ ਲਗਾ ਦਿੱਤੇ ਗਏ। ਗੱਤਕਾ ਪਾਰਟੀਆਂ ਨੂੰ ਵੀ ਸੱਦਾ ਪੱਤਰ ਭੇਜ ਦਿੱਤੇ ਗਏ। ਉਸ ਵਕਤ ਦਿੱਲੀ ਵਿਚ ਗੱਤਕੇ ਦੇ ਦੋ ਹੀ ਵੱਡੇ ਅਖਾੜੇ ਸਨ। ਇਕ ਸੀ ਰਣਜੀਤ ਅਖਾੜਾ, ਜਿਸ ਦਾ ਉਸਤਾਦ ਮਾਝੇ ਦਾ ਇਕ ਸੇਵਾ ਮੁੱਕਤ ਸੂਬੇਦਾਰ ਸੀ। ਦੂਸਰਾ ਸੀ, ਦਿਲਜੀਤ ਅਖਾੜਾ, ਜਿਸ ਦਾ ਉਸਤਾਦ ਯੂਪੀ ਦਾ ਝੰਡਾ ਸਿੰਘ ਸੀ। ਮੈਂ ਅਤੇ ਮੇਰੇ ਪਿੰਡ ਤੋਂ ਹੋਰ 5-7 ਜਵਾਨ ਇਸੇ ਅਖਾੜੇ ਦੇ ਮੈਂਬਰ ਸਾਂ। ਵੈਸੇ ਮੇਰੀ ਜ਼ਿਆਦਾ ਨੇੜਤਾ ਇਕ ਹੋਰ ਗੱਤਕਾ ਮੈਂਬਰ ਨਿਹੰਗ ਜਗਜੀਤ ਸਿੰਘ ਨਾਲ ਸੀ, ਜੋ ਪਿੱਛੋਂ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਦੇ ਪਿੰਡ ਤੋਂ ਸੀ।
ਅਸੀਂ ਹਰ ਨਗਰ ਕੀਰਤਨ ’ਤੇ ਇਕ ਢੋਲ ਵਾਲਾ ਨਾਲ ਲੈ ਕੇ ਜਾਈਦਾ ਸੀ, ਜਿਸ ਨੂੰ ਕਮੇਟੀ ਵਾਲੇ ਪੈਸੇ ਦਿੰਦੇ ਸਨ। ਸਾਡੇ ਨਾਲ ਚਾਨੀਆਂ ਪਿੰਡ ਦੇ ਹੋਰ ਵੀ ਕਈ ਬੰਦੇ, ਜੋ ਗੱਤਕਾ ਨਹੀਂ ਵੀ ਜਾਣਦੇ ਸਨ, ਸਾਡੀ ਹੌਂਸਲਾ ਅਫਜ਼ਾਈ ਲਈ ਪੱਗਾਂ ਉਪਰ ਕੇਸਰੀ ਠਾਠੀਆਂ ਬੰਨ ਕੇ ਨਾਲ ਤੁਰ ਪੈਂਦੇ ਸਨ। ਐਤਕੀਂ ਵਿੱਕੋਲਿਤਰੀ ਗੱਲ ਇਹ ਹੋਈ ਕਿ ਨਹਿਰੂ ਸਰਕਾਰ ਨੇ ਇਸ ਨਗਰ ਕੀਰਤਨ ਰੂਟ ਉੱਪਰ ਪਾਬੰਦੀ ਲਾ ਦਿੱਤੀ। ਦਿੱਲੀ ਕਮੇਟੀ ਵੀ ਉਸ ਵਕਤ ਕੁਝ ਸਰਕਾਰ ਪੱਖੀ ਹੀ ਸੀ, ਜਿਸ ਨੇ ਸਾਰੀ ਦਿੱਲੀ ਵਿਚ ਇਹ ਇਸ਼ਤਿਆਰ ਲੱਗਵਾ ਦਿੱਤੇ ਕਿ ਰੋਸ ਵਜੋਂ ਐਤਕੀਂ ਨਗਰ ਕੀਰਤਨ ਕੱਢਿਆ ਹੀ ਨਹੀਂ ਜਾਵੇਗਾ। ਪੁਲਸ ਨੇ ਵੀ ਨਵੇਂ ਰੂਟ ਉੱਪਰ ਪਹਿਰਾ ਲਗਾ ਦਿੱਤਾ, ਜਿਸ ਦਾ ਲੋਕਾਂ ਨੂੰ ਪਤਾ ਨਹੀਂ ਸੀ। ਸੋ ਛੁੱਟੀ ਹੋਣ ’ਤੇ ਵੀ ਲੋਕ ਘਰਾਂ ਵਿਚ ਹੀ ਬੈਠੇ ਰਹੇ ਕਿ ਨਗਰ ਕੀਰਤਨ ਤਾਂ ਕੈਂਸਲ ਹੀ ਹੈ। ਮੈਂ ਅਤੇ ਨਿਹੰਗ ਸ਼ੁਕਲ ਮੂਵਜ਼ ਹੀ ਸਵੇਰ 11 ਕੁ ਵਜੇ ਗੁਰਦੁਆਰਾ ਸ਼੍ਰੀ ਸੀਸ ਗੰਜ ਵੱਲ ਚੱਲ ਪਏ। ਮੈਂ ਖਾਲੀ ਹੱਥ ਅਤੇ ਨਿਹੰਗ ਪਾਸ ਕੇਵਲ ਇਕ ਲੰਮੇ ਦਸਤੇ ਵਾਲੀ ਗੜਾਸੀ ਸੀ। ਇਸੇ ਦੌਰਾਨ ਹੀ ਕੁਝ ਗਰਮ ਖਿਆਲੀਆਂ ਨੇ ਉਦਮ ਕਰ ਲਿਆ ਕਿ ਨਗਰ ਕੀਰਤਨ ਕੱਢਿਆ ਜਾਵੇ। ਜਿੰਨਾਂ ਵਿਚ ਪ੍ਰਮੁੱਖ ਦਿੱਲੀ ਤੋਂ ਛੱਪਦੀ ਅਖਬਾਰ ਦਾ ਮਾਲਕ ਬੁੱਧ ਸਿੰਘ ਅਤੇ ਬਖਸ਼ੀ ਗੁਰਚਰਨ ਸਿੰਘ ਸੀ, ਜਿੰਨਾਂ ਦੇ ਅਸੀਂ ਸ਼ਕਲੋਂ ਵਾਕਫ ਸਾਂ।
ਪੜ੍ਹੋ ਇਹ ਵੀ ਖਬਰ - ਕੀ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ ਕਰ ਸਕੇਗੀ ‘ਪੰਜਾਬ ਸਰਕਾਰ’, ਸੁਣੋ ਇਹ ਵੀਡੀਓ
ਪੜ੍ਹੋ ਇਹ ਵੀ ਖਬਰ - ਰਬਿੰਦਰ ਨਾਥ ਟੈਗੋਰ ਦੇ ਜਨਮ ਦਿਨ 'ਤੇ ਵਿਸ਼ੇਸ਼ : 'ਟੈਗੋਰ ਅਤੇ ਪੰਜਾਬ'
ਅਸੀਂ ਗੁਰਦੁਆਰਾ ਸਾਹਮਣੇ ਪਹੁੰਚੇ ਹੀ ਸਾਂ ਕਿ ਅੰਦਰੋਂ ਸਿਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚੁੱਕੀ ਬਖਸ਼ੀ ਗੁਰਚਰਨ ਸਿੰਘ ਨਿਕਲਿਆ ਅਤੇ ਉਸ ਮਗਰ 8-10 ਬੰਦੇ ਹੋਰ ਸਨ। ਅਸੀਂ ਵੀ ਨਾਲ ਹੋ ਤੁਰੇ। ਹਾਲੇ ਕੁਝ ਕੁ ਹੀ ਦੂਰੀ ’ਤੇ ਗਏ ਸਾਂ ਕਿ ਅੱਗੋਂ ਕੋਤਵਾਲੀ ਦੀ ਤਰਫੋਂ ਪੁਲਸ ਦੀ ਇਕ ਵੱਡੀ ਭੀੜ ਨੇ ਸੜਕ ਰੋਕ ਲਈ। ਉਸ ਵਕਤ ਹਿੰਦੂ-ਸਿੱਖਾਂ ਵਿਚ ਪਿਆਰ ਬਹੁਤਾ ਸੀ। ਜਦ ਰੌਲ਼ਾ ਰੱਪਾ ਪਿਆ ਤਾਂ ਸੈਂਕੜੇ ਹਿੰਦੂ-ਸਿੱਖਾਂ ਦੀ ਭੀੜ ਨਗਰ ਕੀਰਤਨ ਵਿਚ ਆਣ ਸ਼ਾਮਲ ਹੋਈ। ਕੁਝ ਸਮਾਂ ਧੱਕਾ-ਮੁੱਕੀ ਹੁੰਦੀ ਰਹੀ। ਸੰਗਤ ਵਿਚ ਜ਼ੋਸ਼ ਅਤੇ ਜਜ਼ਬਾ ਏਨਾਂ ਵੱਧ ਗਿਆ ਕਿ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਅਜਿਹਾ ਧੱਕਾ ਮਾਰਿਆ ਕਿ ਪੁਲਸ ਦੀ ਪਹਿਲੀ ਦੀਵਾਰ ਤੋੜ੍ਹ ਮਾਰੀ ਅਤੇ ਬੀੜ ਵਾਲੇ ਸਿੰਘ ਸਾਡੇ ਵੱਲ ਆ ਮਿਲੇ। ਅੱਗੇ ਕੁਝ ਕਦਮ ਹੀ ਚੱਲੇ ਸਾਂ ਕਿ ਮੂਹਰਿਓਂ ਅੱਥਰੂ ਗੈਸ ਦੇ ਗੋਲੇ ਚੱਲਣ ਲੱਗੇ। ਅਸੀਂ ਪਹਿਲੀ ਵਾਰ ਗੈਸ ਦੇਖੀ ਸੀ। ਅੱਖਾਂ ਫਟਣ ਨੂੰ ਫਿਰਨ।
ਅਜਿਹਾ ਮੌਕਾ ਦੇਖ ਚੁੱਕੇ ਕਈਆਂ ਨੇ ਰੌਲ਼ਾ ਪਾਇਆ ਕਿ ਅੱਖਾਂ ਨੂੰ ਪਾਣੀ ਮਾਰੋ। ਨਿਹੰਗ ਬੀੜ ਸਾਹਿਬ ਦੀ ਰਾਖੀ ਲਈ ਖੜ੍ਹ ਗਿਆ ਅਤੇ ਮੈਂ ਉਸ ਦੇ ਗਲ਼ ਪਾਇਆ ਪਰਨਾ ਪਾੜ ਕੇ ਦੋ ਥਾਈਂ ਕਰ ਲਿਆ। ਜਿਥੇ ਵੀ ਪਾਣੀ ਮਿਲੇ ਗਿੱਲਾ ਕਰ ਕੇ ਮੈਂ ਇਕ ਆਪ ’ਤੇ ਇਕ ਉਸ ਨੂੰ ਦੇ ਦਿਆ ਕਰਾਂ। ਕਈ ਤਜ਼ਰਬੇ ਵਾਲੇ ਬੰਦੇ ਪਾਣੀ ਦੀਆਂ ਬਾਲਟੀਆਂ ਭਰ ਲਿਆਏ ਅਤੇ ਕਈ ਖਾਲੀ ਬੋਰੀਆਂ। ਜਦ ਵੀ ਅੱਥਰੂ ਗੈਸ ਦਾ ਗੋਲਾ ਡਿੱਗੇ ਉਸ ਨੂੰ ਪਾਣੀ ਪਾ ਕੇ ਠੰਡਾ ਕਰ ਦਿਆ ਕਰਨ ਜਾਂ ਬੋਰੀ ਨਾਲ ਚੁੱਕ ਕੇ ਪੁਲਸ ਵੱਲ ਵਗਾਹ ਮਾਰਨ। ਦੇਖਦਿਆਂ ਹੀ ਭੀੜ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਪਹੁੰਚ ਗਈ। ਲੋਕਾਂ ਦੇ ਜੋਸ਼ ਅੱਗੇ ਪੁਲਸ ਦੀ ਦੂਜੀ ਲਾਈਨ ਵੀ ਠਹਿਰ ਨਾ ਸਕੀ।
ਪਤਾ ਨਹੀਂ ਮਿੰਟਾਂ ਵਿਚ ਹੀ ਇਕ ਦਮ ਪੰਜਾਬੀਆਂ ਦਾ ਠਾਠਾਂ ਮਾਰਦਾ ਸਮੁੰਦਰ ਕਿਧਰੋਂ ਉਮੱਡ ਪਿਆ। ਬਹੁਤੇ ਕਲੀਨ ਸ਼ੇਵ ਪੰਜਾਬੀ ਵੀ ਹਕੂਮਤ ਵਿਰੁੱਧ ਨਾਅਰੇ ਲਗਾ ਰਹੇ ਸਨ। ਲੋਕਾਂ ਭਾਣੇ ਪੁਲਸ ਨਾਕੇ ਟੁੱਟ ਚੁੱਕੇ ਸਨ ਪਰ ਅੱਗੇ ਦਾ ਕਿਸੇ ਨੂੰ ਪਤਾ ਨਹੀਂ ਸੀ। ਮਹਾਰਾਜ ਜੀ ਦੀ ਸਵਾਰੀ ਤੋਂ ਵੀ ਸੰਗਤ ਅੱਗੇ ਦੂਰ ਤੱਕ ਨਿਕਲ ਗਈ। ਮੈਂ ਬੀੜ ਦੇ ਅੱਗੇ ਸਾਂ ਅਤੇ ਨਿਹੰਗ ਪਿੱਛੇ ਬਖਸ਼ੀ ਨਾਲ ਬੀੜ ਸਾਹਿਬ ਦੀ ਰਾਖੀ। ਸਾਡੇ ਤੋਂ ਅੱਗੇ ਟੋਪੀ ਵਾਲੀ ਪੁਲਸ ਦਾ ਦਸਤਾ ਸੀ, ਜਿਸ ਨੂੰ ਲੋਕ ਧੱਕੇ ਮਾਰ-ਮਾਰ ਅੱਗੇ ਦੌੜਾਈ ਜਾਂਦੇ ਸਨ। ਜਦ ਸਦਰ ਬਾਜ਼ਾਰ ਵਾਲੇ ਬਾਰਾਂ ਟੂਟੀ ਵਾਲੇ ਚੌਕ ਕੋਲ ਪਹੁੰਚੇ ਤਾਂ ਅੱਗਿਓਂ ਇਕ ਗੈਸ ਦਾ ਗੋਲਾ ਮੇਰੇ ਅੱਗੇ ਖੜ੍ਹੇ ਸਿਪਾਹੀ ਦੇ ਮੱਥੇ ਵਿਚ ਆਣ ਲੱਗਾ, ਜੋ ਪਿੱਛੇ ਮੇਰੇ ਉਪਰ ਡਿੱਗ ਪਿਆ। ਦੂਰ ਅੱਗੇ ਬੰਦੂਕ ਧਾਰੀ ਬਖਤਰਬੰਦ ਗੱਡੀਆਂ ਦਾ ਸਖਤ ਪਹਿਰਾ ਸੀ। ਲਾਠੀਆਂ ਵਾਲੀ ਪੁਲਸ ਵੀ ਅੱਗੇ ਸੀ। ਇਕ ਮਜਿਸਟਰੇਟ ਸਪੀਕਰ ’ਤੇ ਅਨਾਊਂਸਮੈਂਟ ਕਰ ਰਿਹਾ ਸੀ ਕਿ ਪਿੱਛੇ ਮੁੜ੍ਹ ਜਾਓ ਨਹੀਂ ’ਤੇ ਸ਼ਖਤੀ ਵਰਤਾਂਗੇ। ਸਵਾਰੀ ਤੋਂ ਅਗਲੇ ਬੰਦੇ ਸੱਜੇ ਖੱਬੇ ਖਿੱਲਰ ਗਏ। ਸਵਾਰੀ ਦੇ ਪਿੱਛਲੇ ਬੰਦੇ ਹੀ ਰਹਿ ਗਏ।
ਇਥੇ ਲੰਬਾ ਸਮਾਂ ਕਸ਼-ਮ-ਕਸ਼ ਹੁੰਦੀ ਰਹੀ। ਸੰਗਤਾਂ ਦੀ ਭੀੜ੍ਹ ਵੱਧਦੀ ਜਾ ਰਹੀ ਸੀ। ਜਦ ਵਾਰ-ਵਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਭੀੜ੍ਹ ਨਾ ਖਿੰਡਰੀ ਤਾਂ ਲਾਠੀਚਾਰਜ ਦਾ ਹੁਕਮ ਹੋਇਆ। ਗੁਰੁ ਦੀ ਸਵਾਰੀ ਚੁੱਕੀ ਬਖਸ਼ੀ ਗੁਰਚਰਨ ਸਿੰਘ ਦੀਆਂ ਲੱਤਾਂ ’ਤੇ ਕਈ ਲਾਠੀਆਂ ਲੱਗੀਆਂ ਪਰ ਉਹ ਗੁਰੁ ਦਾ ਜਾਇਆ ਸੰਭਲ ਕੇ ਅਡੋਲ ਖੜ੍ਹਾ ਰਿਹਾ। ਨਿਹੰਗ ਨੇ ਇਕ ਪੁਲਸ ਵਾਲੇ ਉਪਰ ਗੜਾਸੀ ਦਾ ਵਾਰ ਕੀਤਾ ਤਾਂ ਉਹ ਸਭ ਪਾਸੇ ਹੋ ਗਏ। ਕੁਝ ਲਾਠੀਆਂ ਬੀੜ੍ਹ ਸਾਹਿਬ ਉਪਰ ਵੀ ਲੱਗਣ ’ਤੇ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਆਲੇ-ਦੁਅਲੇ ਦੁਕਾਨਾਂ ਤੋਂ ਲੋਕਾਂ ਨੂੰ ਜੋ ਕੁਝ ਵੀ ਲੱਭਾ ਉਨ੍ਹਾਂ ਪੁਲਸ ਉਪਰ ਵਗਾਹ ਮਾਰਿਆ। ਡਾਂਗਾਂ ਵਾਲੀ ਪੁਲਸ ਭੱਜ ਗਈ ਤਾਂ ਮਜਿਸਟਰੇਟ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਡਰ ਸੀ ਕਿ ਕਿਧਰੇ ਬਖਸ਼ੀ ਦੇ ਗੋਲੀ ਲੱਗ ਕੇ ਬੀੜ੍ਹ ਸਹਿਬ ਦਾ ਨਿਰਾਦਰ ਨਾ ਹੋ ਜਾਵੇ, ਗੁਰੁ ਵਾਕ ਹੈ, ਕਹਿਨੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ'।ਉਸ ਵਕਤ ਦਾ ਦਰਿਸ਼ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਇਕ ਗੋਲੀ ਸਾਡੇ ਵੱਲ ਆਈ ਜੋ ਮੇਰੀ ਹਿੱਕ ਨਾਲ ਖਹਿ ਕੇ ਨਿਹੰਗ ਦਾ ਅੱਧਾ ਗਿੱਟਾ ਲਾਹ ਕੇ ਲੈ ਗਈ। ਉਸ ਨੇ ਆਪਣਾ ਸਾਫਾ ਘੁੱਟ ਕੇ ਬੰਨ ਲਿਆ ਅਤੇ ਮੋਰਚੇ ’ਤੇ ਡਟਿਆ ਰਿਹਾ। ਦੇਸ਼ ਦੀ ਵੰਡ ਤਾਜੀ-ਤਾਜੀ ਹੋ ਕੇ ਹਟੀ ਸੀ।
ਪੜ੍ਹੋ ਇਹ ਵੀ ਖਬਰ - ‘ਅੰਨ ਭੰਡਾਰ ਹੁੰਦੇ ਹੋਏ ਵੀ ਭੁੱਖੇ ਮਰ ਰਹੇ ਹਨ ਲੋਕ’, ਜਾਣੋ ਆਖਰ ਕਿਉਂ (ਵੀਡੀਓ)
ਪੜ੍ਹੋ ਇਹ ਵੀ ਖਬਰ - ਬੀਮਾਰੀਆਂ ਤੇ ਵਾਤਾਵਰਨ ਦੇ ਸੰਕਟ ਦਾ ਹੱਲ ਹਨ ‘ਮੂਲ ਅਨਾਜ’ : ਖੇਤੀਬਾੜੀ ਮਾਹਿਰ
ਉਸ ਵਕਤ ਪੰਜਾਬੀਆਂ ਵਿਚ ਹਿੰਦੂ-ਸਿੱਖ ਨਾਲੋਂ ਪੰਜਾਬੀਅਤ ਦਾ ਜਜ਼ਬਾ ਭਾਰੂ ਸੀ। ਉਨ੍ਹਾਂ ਸਿਰਲੱਥ ਯੋਧਿਆਂ ਦੀ ਦਾਦ ਦੇਣੀ ਬਣਦੀ ਹੈ, ਜੋ ਬਗੈਰ ਕਿਸੇ ਆਗੂ ਅਤੇ ਬਗੈਰ ਕਿਸੇ ਮਿੱਥੇ ਪ੍ਰੋਗਰਾਮ ਤੋਂ ਆਪਣੀਆਂ ਕਮੀਜ਼ਾਂ ਉਤਾਰ ਕੇ ਛਾਤੀਆਂ ਡਾਹ-ਡਾਹ ਅੱਗੇ ਖੜ੍ਹਦੇ ਰਹੇ। ਜਿਸ ਦੇ ਵੀ ਗੋਲੀ ਲੱਗੇ ਉਸ ਨੂੰ ਕੁਝ ਚੜ੍ਹਦੀ ਉਮਰ ਦੇ ਜਵਾਨ ਚੁੱਕ-ਚੁੱਕ ਬਾਹਰ ਲਈ ਜਾਣ। ਬਹੁਤੇ ਲੋਕ ਫੱਟੜ ਹੋ ਗਏ ਪਰ ਸਾਬਾਸ਼ ਕਿ ਕਿਸੇ ਭੱਜਣ ਦੀ ਕਾਇਰਤਾ ਨਹੀਂ ਦਿਖਾਈ। ਇਸੇ ਦੌਰਾਨ ਇਕ ਚੜ੍ਹਦੀ ਉਮਰ ਦਾ ਨੌਜਵਾਨ ਭੀੜ ਵਿਚੋਂ ਸੱਭ ਤੋਂ ਅੱਗੇ ਹੋਇਆ। ਉਸ ਦੋਹੇਂ ਹੱਥ ਉਪਰ ਚੁੱਕ ਕੇ ਲੋਕਾਂ ਨੂੰ ਵੰਗਾਰ ਪਾਈ। ਕਹਿਓਸ, "ਓ ਪੰਜਾਬੀਓ, ਕੀ ਹੋ ਗਿਐ ਥੋਨੂੰ, ਮਾਰੋ ਧੱਕਾ,ਚੜ੍ਹ ਜਾਓ ਪੁਲਸ ਦੇ ਉਤੇ"। ਇਹ ਕਹਿੰਦਿਆਂ ਉਹ ਖੁਦ ਪੁਲਸ ਸਾਹਮਣੇ ਚਲਦੀ ਗੋਲੀ ਵਿਚ ਛਾਤੀ ਡਾਹ ਕੇ ਖੜ੍ਹ ਗਿਆ। ਉਸੇ ਵਕਤ ਉਸ ਦੇ ਗੋਲੀ ਆਣ ਲੱਗੀ। ਉਹ ਡਿੱਗ ਪਿਆ।ਕੁੱਝ ਨੌਜਵਾਨ ਉਸ ਨੂੰ ਵੀ ਚੁੱਕ ਕੇ ਬਾਹਰ ਲੈ ਗਏ। ਉਸ ਦੀ ਵੰਗਾਰ ਨਾਲ ਲੋਕਾਂ ਦਾ ਜਜ਼ਬਾ ਉਬਾਲਾ ਮਾਰ ਗਿਆ। ਹੱਲਾ ਬੋਲ ਕੇ ਪੁਲਸ ਉਪਰ ਜਾ ਚੜ੍ਹੇ। ਦੇਖਦਿਆਂ ਹੀ ਪਤਾ ਨਹੀ ਕਿਧਰ ਗਈ ਪੁਲਸ ਅਤੇ ਕਿਧਰ ਭੱਜ ਗਿਆ ਮਜਿਸਟਰੇਟ। ਲੋਕ ਗੱਡੀਆਂ ਵਿਚੋਂ ਦੀ ਅੱਗੇ ਨਿਕਲ ਗਏ। ਪੁਲਸ ਨੇ ਗੱਡੀਆਂ ਚਲਾ ਕੇ ਅੱਗੋਂ ਰਸਤਾ ਬੰਦ ਕਰਨ ਦਾ ਯਤਨ ਕੀਤਾ ਪਰ ਲੋਕ ਗੱਡੀਆਂ ਦੇ ਅੱਗੇ ਲੰਬੇ ਪੈ ਗਏ। ਨਗਰ ਕੀਰਤਨ ਅੱਗੇ ਨਿਕਲ ਗਿਆ। ਅੱਗੋਂ ਫਿਰ ਪੁਲਸ ਨੇ ਘੇਰਾ ਪਾ ਕੇ ਲਾਠੀਚਾਰਜ ਕੀਤਾ ਪਰ ਧੱਕਾ ਮੁੱਕੀ ਵਿਚ ਜਲੂਸ ਆਪਣੀ ਮਿੱਥੀ ਮੰਜ਼ਲ ਉਪਰ ਪਹੁੰਚਣ ਵਿਚ ਕਾਮਯਾਬ ਰਿਹਾ।
ਰਾਤ ਨੂੰ ਹੀ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਹਸਪਤਾਲ ਸਨ, ਉਨ੍ਹਾਂ ’ਤੇ ਪਰਚਾ ਦਰਜ ਹੋ ਗਏ। ਮਾਸਟਰ ਤਾਰਾ ਸਿੰਘ ਨੂੰ ਵੀ ਅੰਬਰਸਰੋਂ ਆਉਂਦਿਆ ਨਰੇਲਾ ਸਟੇਸ਼ਨ ’ਤੇ ਗ੍ਰਿਫਤਾਰ ਕਰ ਲਿਆ। ਅਸੀਂ ਜਿਸ ਕਾਰਖਾਨੇ ਵਿਚ ਕੰਮ ਕਰਦੇ ਸਾਂ 4-5 ਜਣੇ ਸਰਦਾਰ ਸਾਂ ਤੇ ਬਾਕੀ ਸਾਰੇ ਭਈਏ। ਅਸੀਂ ਫੜੇ ਜਾਣ ਦੇ ਡਰੋਂ ਹਸਪਤਾਲ ਨਹੀਂ ਗਏ ਸਗੋਂ ਇਕ ਪਰਾਈਵੇਟ ਸਰਦਾਰ ਡਾ: ਪਾਸੋਂ, ਕਾਰਖਾਨੇ ਵਿਚ ਸੱਟ ਲੱਗੀ ਦੱਸ ਕੇ ਇਲਾਜ ਸ਼ੁਰੂ ਕਰਵਾਇਆ। ਸਲਾਹ ਨਾਲ ਅਸਾਂ ਤੀਸ ਹਜ਼ਾਰੀ ਪੁਲ ਕੋਲ ਨਵੀਂ ਦਿੱਲੀ ਵਲੋਂ ਆਉਂਦੀ ਰੇਲਵੇ ਲਾਈਨ ਦੇ ਨਾਲ 10-12 ਫੁੱਟ ਨੀਵੀਂ ਜਗਾ ਬਣੇ ਪਾਕਿ ਤੋਂ ਉੱਜੜ ਕੇ ਆਏ ਰਿਫਿਊਜੀਆਂ ਦੇ ਕੈਂਪ ਵਿਚ, ਇਕ ਜਾਣਕਾਰ ਰਾਹੀਂ, ਇਕ ਕੁਆਰਟਰ ਕਿਰਾਏ ਉਪਰ ਲੈ ਕੇ ਨਿਹੰਗ ਸਿੰਘ ਨੂੰ ਉਥੇ ਰੱਖਿਆ। ਇਹ ਇਤਲਾਹ ਨਿਹੰਗ ਦੇ ਪਿੰਡ ਧਾਰੋਵਾਲੀ ਵੀ ਚਿੱਠੀ ਰਾਹੀਂ ਭੇਜ ਦਿੱਤੀ ਗਈ।
ਹਫਤੇ ਕੁ ਬਾਅਦ ਨਿਹੰਗ ਦੀ ਮਾਤਾ ਅਤੇ ਇਕ ਮੁਟਿਆਰ ਜਨਾਨੀ ਦੱਸੇ ਪਤੇ ’ਤੇ ਆ ਗਈਆਂ। ਮਾਤਾ ਹਫਤਾ ਕੁ ਰਹਿ ਕੇ ਪਿੰਡ ਵਾਪਸ ਚਲੇ ਗਈ ਅਤੇ ਜਨਾਨੀ ਮਹੀਨੇ ਕੁ ਬਾਅਦ। ਨਿਹੰਗ ਨੂੰ ਆਰਾਮ ਨਾ ਆਉਂਦਾ ਦੇਖ ਕੇ ਅਸੀਂ ਉਸ ਦਾ ਇਲਾਜ ਇਕ ਪੰਜਾਬੀ ਵੈਦ ਤੋਂ ਸ਼ੁਰੂ ਕੀਤਾ। 4 ਕੁ ਮਹੀਨੇ ਪੂਰਾ ਆਰਾਮ ਆਉਣ ਨੂੰ ਲੱਗ ਗਏ ਤੇ ਹੁਣ ਨਿਹੰਗ ਸੋਟੇ ਨਾਲ ਤੁਰਨ ਲੱਗ ਪਿਆ। ਉਪਰੰਤ ਅਸੀਂ ਮੁੜ ਕਾਰਖਾਨੇ ਆ ਕੇ ਰਹਿਣ ਲੱਗ ਪਏ। ਕਸ਼ਟ ਤਾਂ ਅਸਾਂ ਬਹੁਤਾ ਝੱਲਿਆ ਪਰ ਪੁਲਸ ਦੀ ਪਕੜ੍ਹ ਤੋਂ ਬਚ ਗਏ"।
ਸਤਵੀਰ ਸਿੰਘ ਚਾਨੀਆਂ
92569-73526
ਵਿਸ਼ਾਖਾਪਟਨਮ ਗੈਸ ਲੀਕ ਤ੍ਰਾਸਦੀ : PM ਮੋਦੀ ਨੇ ਬੁਲਾਈ NDMA ਨਾਲ ਬੈਠਕ, ਅਮਿਤ ਸ਼ਾਹ ਵੀ ਮੌਜੂਦ
NEXT STORY