ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ। ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਯਾਦ 'ਚ ਉਨ੍ਹਾਂ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ। ਸੰਸਦ ਦੇ ਏਨੇਕਸੀ ਭਵਨ 'ਚ ਆਯੋਜਿਤ ਸਮਾਰੋਹ 'ਚ ਵਾਜਪੇਈ ਦੇ ਖਾਸ ਸਹਿਯੋਗੀ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਰਹੇ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮਦਿਨ 'ਤੇ 25 ਦਸੰਬਰ ਨੂੰ ਹਰ ਸਾਲ 'ਸੁਸ਼ਾਸਨ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਵਾਜਪੇਈ ਨੂੰ 2014 'ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ। ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਵਾਜਪੇਈ ਦਾ ਇਸੇ ਸਾਲ 16 ਅਗਸਤ ਨੂੰ 93 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਮੋਦੀ ਨੇ ਸਿੱਕਾ ਜਾਰੀ ਕਰਨ ਮੌਕੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵਾਜਪੇਈ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲਣ ਲਈ ਆਪਣੀ ਵਚਨਬੱਧਤਾ ਦੋਹਰਾਉਣ ਲਈ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਸਮਾਰਕ 'ਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ,''ਅਟਲ ਜੀ ਚਾਹੁੰਦੇ ਸਨ ਕਿ ਲੋਕਤੰਤਰ ਸਰਵਉੱਚ ਰਹੇ। ਉਨ੍ਹਾਂ ਨੇ ਜਨਸੰਘ ਬਣਾਇਆ ਪਰ ਜਦੋਂ ਸਾਡੇ ਲੋਕਤੰਤਰ ਨੂੰ ਬਚਾਉਣ ਦਾ ਸਮਾਂ ਆਇਆ ਉਦੋਂ ਉਹ ਅਤੇ ਹੋਰ ਜਨਤਾ ਪਾਰਟੀ 'ਚ ਚੱਲੇ ਗਏ। ਇਸੇ ਤਰ੍ਹਾਂ ਜਦੋਂ ਸੱਤਾ 'ਚ ਰਹਿਣ ਜਾਂ ਵਿਚਾਰਧਾਰਾ 'ਤੇ ਕਾਇਮ ਰਹਿਣ ਦੇ ਬਦਲ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਜਨਤਾ ਪਾਰਟੀ ਛੱਡ ਦਿੱਤੀ ਅਤੇ ਭਾਜਪਾ ਦੀ ਸਥਾਪਨਾ ਕੀਤੀ।''
ਸਮਾਰਕ ਸਿੱਕੇ 'ਤੇ ਸਾਹਮਣੇ ਵੱਲ ਭਾਰਤ ਦਾ ਪ੍ਰਤੀਕ ਚਿੰਨ੍ਹ ਹੈ। ਇਸ 'ਤੇ ਅਸ਼ੋਕ ਸਤੰਭ ਅਤੇ ਇਸ ਦੇ ਹੇਠਾਂ ਦੇਵਨਾਗਿਰੀ ਲਿਪੀ 'ਚ 'ਸੱਤਿਆਮੇਵ ਜਯਤੇ' ਲਿਖਿਆ ਹੈ। ਸਿੱਕੇ 'ਤੇ ਦੇਵਨਾਗਿਰੀ ਲਿਪੀ 'ਚ 'ਭਾਰਤ' ਅਤੇ ਰੋਮਨ ਅੱਖਰਾਂ 'ਚ 'ਇੰਡੀਆ' ਲਿਖਿਆ ਹੈ। ਪ੍ਰਤੀਕ ਚਿੰਨ੍ਹ ਹੇਠਾਂ ਸਿੱਕੇ ਦਾ ਮੁੱਲ 100 ਲਿਖਿਆ ਹੈ। ਸਿੱਕੇ ਦੇ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਤਸਵੀਰ ਅਤੇ ਦੇਵਨਾਗਿਰੀ ਅਤੇ ਰੋਮਨ ਲਿਪੀ 'ਚ ਉਨ੍ਹਾਂ ਦਾ ਨਾਂ ਲਿਖਿਆ ਗਿਆ ਹੈ। ਉਨ੍ਹਾਂ ਦੇ ਜਨਮ ਅਤੇ ਦਿਹਾਂਤ ਦਾ ਸਾਲ 1924-2018 ਵੀ ਇਸ 'ਤੇ ਲਿਖਿਆ ਹੈ।
ਇੰਡੋਨੇਸ਼ੀਆ ਸੁਨਾਮੀ : ਮਮਤਾ ਬੈਨਰਜੀ ਨੇ ਟਵੀਟ ਕਰ ਕੇ ਪ੍ਰਗਟਾਇਆ ਦੁੱਖ
NEXT STORY