ਨਵੀਂ ਦਿੱਲੀ– ਦੇਸ਼ ਦੇ 7ਵੇਂ ਰਾਸ਼ਟਰਪਤੀ ਨੀਲਮ ਸੰਜੀਵ ਰੈੱਡੀ ਭਾਰਤ ਦੇ ਇਤਿਹਾਸ ’ਚ ਸਰਵਉੱਚ ਅਹੁਦੇ ਲਈ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਇਕਲੌਤੇ ਰਾਸ਼ਟਰਪਤੀ ਸਨ। ਉਹ 1977 ’ਚ ਫਕਰੂਦੀਨ ਅਲੀ ਅਹਿਮਦ ਦੇ ਦਿਹਾਂਤ ਮਗਰੋਂ ਰਾਸ਼ਟਰਪਤੀ ਬਣੇ ਸਨ। ਅਹਿਮਦ ਨੇ 11 ਫਰਵਰੀ 1977 ਨੂੰ ਆਖ਼ਰੀ ਸਾਹ ਲਿਆ ਸੀ। ਇਸ ਤੋਂ ਇਕ ਦਿਨ ਪਹਿਲਾਂ ਐਮਰਜੈਂਸੀ ਦੇ ਦੋ ਸਾਲ ਬਾਅਦ ਲੋਕ ਸਭਾ ਚੋਣਾਂ ਹੋਈਆਂ ਸਨ। ਉਸ ਸਮੇਂ ਉੱਪ ਰਾਸ਼ਟਰਪਤੀ ਬੀ. ਡੀ. ਜੱਤੀ ਨੇ ਕਾਰਜਵਾਹਕ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਸ ਸਾਲ ਜੂਨ-ਜੁਲਾਈ ਨੂੰ 11 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਅਤੇ ਰਾਸ਼ਟਰਪਤੀ ਚੋਣਾ ਦੀ ਨੋਟੀਫ਼ਿਕੇਸ਼ਨ 4 ਜੁਲਾਈ ਨੂੰ ਜਾਰੀ ਕੀਤੀ ਗਈ।
ਹਾਲਾਂਕਿ ਲੋਕ ਸਭਾ ਦੇ 524 ਨਵੇਂ ਚੁਣੇ ਸੰਸਦ ਮੈਂਬਰ, ਰਾਜ ਸਭਾ ਦੇ 232 ਮੈਂਬਰ ਅਤੇ 22 ਵਿਧਾਨ ਸਭਾਵਾਂ ਦੇ ਵਿਧਾਇਕ ਰਾਸ਼ਟਰਪਤੀ ਚੋਣਾਂ ’ਚ ਵੋਟਾਂ ਨਹੀਂ ਪਾ ਸਕੇ ਕਿਉਂਕਿ ਰੈੱਡੀ ਚੁਣਾਵੀ ਮੁਕਾਬਲੇ ’ਚ ਇਕਲੌਤੇ ਉਮੀਦਵਾਰ ਸਨ। 36 ਹੋਰ ਉਮੀਦਵਾਰਾਂ ਦਾ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ ਗਿਆ ਸੀ। ਇਹ ਚੋਣਾਂ ਬੇਸ਼ੱਕ ਆਮ ਹਾਲਾਤਾਂ ’ਚ ਹੋਈਆਂ ਸਨ ਪਰ ਸਭ ਤੋਂ ਦਿਲਚਸਪ ਚੋਣਾਂ 1969 ’ਚ ਹੋਈਆਂ ਜਦੋਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਰੈੱਡੀ ਨੇ ਵੀ. ਵੀ. ਗਿਰੀ ਨੂੰ ਹਰਾ ਦਿੱਤਾ ਸੀ। ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਰਟੀ ਅੰਦਰ ਆਪਣੇ ਵਿਰੋਧੀਆਂ ਨੂੰ ਕਿਨਾਰੇ ਲਾਉਣ ਦੀ ਕੋਸ਼ਿਸ਼ ’ਚ ਆਪਣੇ ‘ਵਿਵੇਕ’ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਸੀ। ਇੰਨੇ ਸਾਲਾਂ ’ਚ ਰਾਸ਼ਟਰਪਤੀ ਚੋਣਾਂ ਦੇ ਨਿਯਮਾਂ ’ਚ ਸੋਧ ਵੀ ਕੀਤੀ ਗਈ ਤਾਂ ਕਿ ਅਜਿਹੇ ਉਮੀਦਵਾਰਾਂ ਨੂੰ ਮੁਕਾਬਲੇ ’ਚ ਸ਼ਾਮਲ ਹੋਣ ਤੋਂ ਰੋਕਿਆ ਜਾ ਸਕੇ, ਜੋ ਆਪਣੀ ਉਮੀਦਵਾਰੀ ਨੂੰ ਲੈ ਕੇ ਗੰਭੀਰ ਨਾ ਹੋਣ ਅਤੇ ਜਿਨ੍ਹਾਂ ਦੇ ਚੁਣੇ ਜਾਣ ਦੀ ਸੰਭਾਵਨਾ ਨਾ ਦੇ ਬਰਾਬਰ ਹੋਵੇ।
ਇਸ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਕਿਸੇ ਵੀ ਵਿਅਕਤੀ ਨੂੰ ਨਾਮਜ਼ਦਗੀ ਦਾਖਲ ਕਰਨ ਲਈ ਘੱਟੋ-ਘੱਟ 50 ਪ੍ਰਸਤਾਵਕਾਂ ਅਤੇ 50 ਸਮਰਥਕਾਂ ਦੀ ਸੂਚੀ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਹੋਣ ਵਾਲੀ 16ਵੀਂ ਰਾਸ਼ਟਰਪਤੀ ਚੋਣ 'ਚ 4,809 ਵੋਟਰ ਹੋਣਗੇ, ਜਿਨ੍ਹਾਂ 'ਚੋਂ 776 ਸੰਸਦ ਮੈਂਬਰ ਅਤੇ 4,033 ਵਿਧਾਇਕ ਹਨ। ਇਨ੍ਹਾਂ ਵਿਚ ਰਾਜ ਸਭਾ ਦੇ 233 ਅਤੇ ਲੋਕ ਸਭਾ ਦੇ 543 ਮੈਂਬਰ ਸ਼ਾਮਲ ਹਨ।
ਦੇਸ਼ ਵਿਚ 1952 ’ਚ ਹੋਈਆਂ ਪਹਿਲੇ ਰਾਸ਼ਟਰਪਤੀ ਚੋਣਾਂ ਵਿਚ 5 ਉਮੀਦਵਾਰ ਸਨ, ਜਿਨ੍ਹਾਂ ’ਚੋਂ ਆਖਰੀ ਉਮੀਦਵਾਰ ਨੂੰ ਸਿਰਫ਼ 533 ਵੋਟਾਂ ਮਿਲੀਆਂ ਸਨ। ਰਾਜੇਂਦਰ ਪ੍ਰਸਾਦ ਨੇ ਇਹ ਚੋਣ ਜਿੱਤੀ। 1957 ਦੀਆਂ ਦੂਜੀਆਂ ਚੋਣਾਂ ਵਿਚ ਤਿੰਨ ਉਮੀਦਵਾਰ ਸਨ। ਇਹ ਚੋਣ ਵੀ ਪ੍ਰਸਾਦ ਨੇ ਜਿੱਤੀ ਸੀ। ਤੀਜੀ ਰਾਸ਼ਟਰਪਤੀ ਚੋਣ ’ਚ ਸਿਰਫ਼ 3 ਉਮੀਦਵਾਰ ਸਨ, ਪਰ 1967 ਵਿਚ ਚੌਥੀ ਚੋਣ ’ਚ 17 ਉਮੀਦਵਾਰ ਸਨ, ਜਿਨ੍ਹਾਂ ’ਚੋਂ 9 ਨੂੰ ਇਕ ਵੀ ਵੋਟ ਨਹੀਂ ਮਿਲੀ ਅਤੇ 5 ਉਮੀਦਵਾਰਾਂ ਨੂੰ 1,000 ਤੋਂ ਘੱਟ ਵੋਟਾਂ ਮਿਲੀਆਂ। ਇਸ ਚੋਣ ਵਿਚ ਜ਼ਾਕਿਰ ਹੁਸੈਨ ਨੂੰ 4.7 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। 5ਵੀਂ ਚੋਣ ’ਚ 15 ਉਮੀਦਵਾਰ ਮੈਦਾਨ ’ਚ ਸਨ, ਜਿਨ੍ਹਾਂ ’ਚੋਂ 5 ਨੂੰ ਇਕ ਵੀ ਵੋਟ ਨਹੀਂ ਮਿਲੀ। 1969 ਦੀਆਂ ਚੋਣਾਂ ’ਚ ਪਹਿਲੀ ਵਾਰ ਕਈ ਪ੍ਰਯੋਗ ਕੀਤੇ ਗਏ, ਜਿਸ ਵਿਚ ਵੋਟਿੰਗ ਦੀ ਸਖ਼ਤ ਗੁਪਤਤਾ ਨੂੰ ਕਾਇਮ ਰੱਖਣਾ ਅਤੇ ਕੁਝ ਵਿਧਾਇਕਾਂ ਨੂੰ ਆਪਣੇ ਸੂਬੇ ਦੀਆਂ ਰਾਜਧਾਨੀਆਂ ਦੀ ਬਜਾਏ ਨਵੀਂ ਦਿੱਲੀ ’ਚ ਸੰਸਦ ਭਵਨ ਵਿਚ ਵੋਟ ਪਾਉਣ ਦੀ ਆਗਿਆ ਦੇਣਾ ਸ਼ਾਮਲ ਹੈ।
ਇਸ ਦੇ ਨਾਲ ਹੀ 1974 ਦੀਆਂ 6ਵੀਂ ਚੋਣਾਂ ਵਿਚ ਪਹਿਲੀ ਵਾਰ ਚੋਣ ਕਮਿਸ਼ਨ ਨੇ ਆਪਣੇ ਉਮੀਦਵਾਰਾਂ ਪ੍ਰਤੀ ਸੰਜੀਦਾ ਨਾ ਹੋਣ ਵਾਲਿਆਂ ਖ਼ਿਲਾਫ਼ ਕਈ ਕਦਮ ਚੁੱਕੇ। ਇਸ ਚੋਣ ’ਚ ਸਿਰਫ਼ ਦੋ ਉਮੀਦਵਾਰ ਸਨ। ਸਾਲ1977 ਵਿਚ 7ਵੀਂ ਚੋਣ ’ਚ 37 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ’ਤੇ ਚੋਣ ਅਧਿਕਾਰੀ ਨੇ 36 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਅਤੇ ਸਿਰਫ਼ ਇਕ ਉਮੀਦਵਾਰ ਰੈੱਡੀ ਚੋਣ ਮੈਦਾਨ ਵਿਚ ਸੀ। 1982 ਵਿਚ ਹੋਈ 8ਵੀਂ ਰਾਸ਼ਟਰਪਤੀ ਚੋਣ ’ਚ 2 ਉਮੀਦਵਾਰ ਸਨ, ਜਦੋਂ ਕਿ 1987 ਵਿਚ 9ਵੀਂ ਰਾਸ਼ਟਰਪਤੀ ਚੋਣ ’ਚ 3 ਉਮੀਦਵਾਰ ਸਨ। ਇਸ ਚੋਣ ਵਿਚ ਇਕ ਉਮੀਦਵਾਰ ਮਿਥਿਲੇਸ਼ ਕੁਮਾਰ ਸਿਨਹਾ ਨੇ ਚੋਣ ਕਮਿਸ਼ਨ ਨੂੰ ਆਲ ਇੰਡੀਆ ਰੇਡੀਓ/ਦੂਰਦਰਸ਼ਨ 'ਤੇ ਆਪਣੇ ਵਿਚਾਰ ਰੱਖਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਠੁਕਰਾ ਦਿੱਤਾ ਗਿਆ। ਇਸ ਤੋਂ ਬਾਅਦ 1992 ਵਿਚ 10ਵੀਂ ਰਾਸ਼ਟਰਪਤੀ ਚੋਣ ’ਚ ਚਾਰ ਉਮੀਦਵਾਰ ਮੈਦਾਨ ਵਿਚ ਸਨ। 1997 ਵਿਚ 11ਵੀਂ ਰਾਸ਼ਟਰਪਤੀ ਚੋਣ ਤੋਂ ਬਾਅਦ ਸਿਰਫ 2 ਉਮੀਦਵਾਰ ਹੀ ਰਹੇ ਹਨ, ਜਦੋਂ ਸੁਰੱਖਿਆ ਰਾਸ਼ੀ ਅਤੇ ਪ੍ਰਸਤਾਵਕਾਂ ਅਤੇ ਸਮਰਥਕਾਂ ਦੀ ਗਿਣਤੀ ’ਚ ਕਾਫੀ ਵਾਧਾ ਕੀਤਾ ਗਿਆ ਸੀ।
ਛੋਟੀ ਬੱਚੀ ਨੇ ਫ਼ੌਜੀ ਦੇ ਲਾਏ ਪੈਰੀਂ ਹੱਥ, ਸਮਰਿਤੀ ਨੇ ਸਾਂਝੀ ਕੀਤੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ
NEXT STORY