ਛੱਤੀਸਗੜ — ਦੇਸ਼ 'ਚ 8 ਸੂਬਿਆਂ ਤ੍ਰਿਪੁਰਾ, ਕਰਨਾਟਕ, ਛੱਤੀਸਗੜ੍ਹ, ਨਾਗਾਲੈਂਡ, ਮੱਧ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ ਤੇ ਰਾਜਸਥਾਨ ਦੀਆਂ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ 'ਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ।
ਇਸੇ ਕੜੀ ਵਿਚ ਹੁਣੇ ਜਿਹੇ ਸ਼ਿਵ ਸੈਨਾ ਵਲੋਂ ਭਾਜਪਾ ਨੂੰ ਝਟਕਾ ਦਿੰਦਿਆਂ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ਦੇ ਇਕ ਹੋਰ ਸਹਿਯੋਗੀ ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਵਿਚ ਵੀ ਭਾਜਪਾ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਵਧ ਰਹੀ ਹੈ।
1998 ਦੀਆਂ ਚੋਣਾਂ, ਜਿਨ੍ਹਾਂ ਦੇ ਸਿੱਟੇ ਵਜੋਂ ਅਟਲ ਬਿਹਾਰੀ ਵਾਜਪਾਈ ਦੀ ਪ੍ਰਧਾਨ ਮੰਤਰੀ ਵਜੋਂ ਵਾਪਸੀ ਹੋਈ ਸੀ, ਵਿਚ ਤੇਦੇਪਾ ਨੇ ਭਾਜਪਾ ਨੂੰ ਬਾਹਰੋਂ ਹਮਾਇਤ ਦਿੱਤੀ ਸੀ ਤੇ ਰਾਜਗ ਦੇ ਬਹੁਮਤ ਹਾਸਲ ਕਰਨ ਵਿਚ ਤੇਦੇਪਾ ਦਾ ਵੀ ਯੋਗਦਾਨ ਸੀ।
2004 ਦੀਆਂ ਚੋਣਾਂ ਵਿਚ ਰਾਜਗ ਨਾਲੋਂ ਨਾਤਾ ਤੋੜ ਲੈਣ ਮਗਰੋਂ ਤੇਲਗੂ ਦੇਸ਼ਮ ਪਾਰਟੀ ਨੇ 6 ਅਪ੍ਰੈਲ 2014 ਨੂੰ ਰਾਜਗ ਨਾਲ ਮੁੜ ਨਾਤਾ ਜੋੜ ਲਿਆ ਪਰ ਹੁਣ ਅਜਿਹਾ ਲੱਗਦਾ ਹੈ ਕਿ ਇਸ ਦਾ ਭਾਜਪਾ ਲੀਡਰਸ਼ਿਪ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।
ਬੀਤੇ ਦਿਨੀਂ 'ਤੇਦੇਪਾ' ਦੇ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਰਾਜਗ ਨਾਲੋਂ ਸਬੰਧ ਤੋੜਨ ਦੇ ਸੰਕੇਤ ਦਿੰਦਿਆਂ ਕਿਹਾ ਕਿ ''ਜੇ ਭਾਜਪਾ ਗੱਠਜੋੜ ਜਾਰੀ ਨਹੀਂ ਰੱਖਣਾ ਚਾਹੁੰਦੀ ਤਾਂ ਤੇਦੇਪਾ ਵੀ ਆਪਣੇ ਰਾਹ 'ਤੇ ਚੱਲੇਗੀ।''
ਚੰਦਰਬਾਬੂ ਨਾਇਡੂ ਦਾ ਕਹਿਣਾ ਹੈ ਕਿ ''ਅਸੀਂ ਮਿੱਤਰ ਧਰਮ ਦੀ ਪਾਲਣਾ ਕਰ ਰਹੇ ਹਾਂ ਤੇ ਇਸੇ ਲਈ ਚੁੱਪ ਹਾਂ ਪਰ ਭਾਜਪਾ ਦੇ ਸਥਾਨਕ ਆਗੂ ਹੱਦ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਅਤੇ ਵੱਖ-ਵੱਖ ਮੁੱਦਿਆਂ ਉੱਤੇ 'ਤੇਦੇਪਾ' ਦਾ ਵਿਰੋਧ ਕਰ ਰਹੇ ਹਨ।''
''ਸੂਬੇ ਦੇ ਭਾਜਪਾ ਆਗੂ ਸਰਕਾਰ ਦੀ ਆਲੋਚਨਾ ਕਰ ਰਹੇ ਹਨ, ਜਿਨ੍ਹਾਂ ਨੂੰ ਰੋਕਣਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ। ਜੇ ਉਹ ਸਾਨੂੰ ਨਹੀਂ ਚਾਹੁੰਦੇ ਤਾਂ ਅਸੀਂ ਵੀ ਉਨ੍ਹਾਂ ਨੂੰ 'ਨਮਸਕਾਰਮ' ਕਹਿ ਕੇ ਆਪਣੇ ਵੱਖਰੇ ਰਾਹ 'ਤੇ ਚੱਲ ਪਵਾਂਗੇ।''
ਜ਼ਿਕਰਯੋਗ ਹੈ ਕਿ 1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਰਾਜਗ ਦੀਆਂ ਸਿਰਫ 3 ਪਾਰਟੀਆਂ ਦੇ ਗੱਠਜੋੜ ਨੂੰ ਵਧਾਉਂਦਿਆਂ 26 ਪਾਰਟੀਆਂ ਤਕ ਪਹੁੰਚਾ ਦਿੱਤਾ ਸੀ ਤੇ ਆਪਣੇ ਕਿਸੇ ਵੀ ਗੱਠਜੋੜ ਸਹਿਯੋਗੀ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਤੇ ਖੁਸ਼ ਰੱਖਿਆ।
ਹੁਣ ਕੀ ਵਜ੍ਹਾ ਹੈ ਕਿ ਸ਼੍ਰੀ ਵਾਜਪਾਈ ਦੇ ਸਰਗਰਮ ਸਿਆਸਤ ਤੋਂ ਹਟਣ ਮਗਰੋਂ ਇਸ ਦੇ ਕਈ ਗੱਠਜੋੜ ਸਹਿਯੋਗੀ ਵੱਖ-ਵੱਖ ਮੁੱਦਿਆਂ 'ਤੇ ਅਸਹਿਮਤੀ ਕਾਰਨ ਇਸ ਨੂੰ ਛੱਡ ਗਏ ਹਨ? ਇਸ 'ਤੇ ਭਾਜਪਾ ਨੂੰ ਸਵੈ-ਮੰਥਨ ਕਰਨ ਦੀ ਲੋੜ ਹੈ।ਵਿਜੇ ਕੁਮਾਰ
ਸ਼ੋਪੀਆਂ ਫਾਇਰਿੰਗ 'ਤੇ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ
NEXT STORY