ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕੋਈ ਦੇਸ਼ ਉਦੋਂ ਹੀ ਵੱਡੀਆਂ ਪ੍ਰਾਪਤੀਆਂ ਦਾ ਟੀਚਾ ਰੱਖ ਸਕਦਾ ਹੈ ਜਦੋਂ ਉਸ ਦੇ ਕੋਲ ਵੱਡਾ ਵਿਜ਼ਨ ਹੋਵੇ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਤਕਨਾਲੋਜੀ ਦਾ ਅਪਗ੍ਰੇਡੇਸ਼ਨ ਗਰੀਬਾਂ ਦੇ ਸਸ਼ਕਤੀਕਰਨ ਲਈ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਇਹ ਗੱਲ ਇਕ ਪ੍ਰੋਗਰਾਮ ਵਿਚ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ (ਐੱਨ. ਐੱਸ. ਐੱਮ.) ਦੇ ਤਹਿਤ ਦੇਸ਼ ਵਿਚ ਵਿਕਸਤ ਲਗਭਗ 130 ਕਰੋੜ ਰੁਪਏ ਦੀ ਲਾਗਤ ਵਾਲੇ 3 ਪਰਮ ਰੁਦਰ ਸੁਪਰ ਕੰਪਿਊਟਰ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਬਾਅਦ ਕਹੀ।
ਉਨ੍ਹਾਂ ਨੇ ਮੌਸਮ ਅਤੇ ਜਲਵਾਯੂ ਖੋਜ ਲਈ ਤਿਆਰ ਕੀਤੇ ਇਕ ਉੱਚ ਪ੍ਰਦਰਸ਼ਨ ਕੰਪਿਊਟਿੰਗ (ਐੱਚ.ਪੀ.ਸੀ.) ਪ੍ਰਣਾਲੀ ਦਾ ਵੀ ਉਦਘਾਟਨ ਕੀਤਾ। ਮੋਦੀ ਨੇ ਕਿਹਾ ਕਿ ਅੱਜ ਦਾ ਭਾਰਤ ਸੰਭਾਵਨਾਵਾਂ ਦੇ ਅਨੰਤ ਅਸਮਾਨ ’ਚ ਨਵੇਂ ਮੌਕੇ ਪੈਦਾ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘ਵਿਗਿਆਨ ਦਾ ਮਹੱਤਵ ਸਿਰਫ ਕਾਢ ਅਤੇ ਵਿਕਾਸ ’ਚ ਹੀ ਨਹੀਂ, ਸਗੋਂ ਸਭ ਤੋਂ ਅੰਤਿਮ ਵਿਅਕਤੀ ਦੀਆਂ ਆਸਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਵਿਚ ਹੈ। ਅੱਜ ਜੇਕਰ ਅਸੀਂ ਹਾਈ-ਟੈੱਕ ਹੋ ਰਹੇ ਹਾਂ ਤਾਂ ਅਸੀਂ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਸਾਡੀ ਹਾਈ-ਟੈੱਕ ਤਕਨਾਲੋਜੀ ਗਰੀਬਾਂ ਦੀ ਤਾਕਤ ਬਣੇ।’
ਉਨ੍ਹਾਂ ਕਿਹਾ, ‘ਇਕ ਸਮੇਂ ਸੁਪਰ ਕੰਪਿਊਟਰ ਵਿਚ ਗਿਣੇ-ਚੁਣੇ ਦੇਸ਼ਾਂ ਦੀ ਮਹਾਰਤ ਮੰਨੀ ਜਾਂਦੀ ਸੀ। ਅਸੀਂ 2015 ਵਿਚ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ ਸ਼ੁਰੂ ਕੀਤਾ ਸੀ ਅਤੇ ਅੱਜ ਭਾਰਤ ਸੁਪਰਕੰਪਿਊਟਰ ਦੀ ਦਿਸ਼ਾ ਵਿਚ ਵੱਡੇ ਦੇਸ਼ਾਂ ਦੀ ਬਰਾਬਰੀ ਕਰ ਰਿਹਾ ਹੈ। ਅਸੀਂ ਇੱਥੇ ਹੀ ਰੁਕਣ ਵਾਲੇ ਨਹੀਂ ਹਾਂ।’ ਉਨ੍ਹਾਂ ਕਿਹਾ, ‘ਮਿਸ਼ਨ ਗਗਨਯਾਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ 2035 ਤੱਕ ਸਾਡੇ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ।’ ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਪਹਿਲੇ ਪੜਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਪਹਿਲਾਂ ਪੁਣੇ ਤੋਂ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਵਾਲੇ ਸਨ ਪਰ ਮਹਾਰਾਸ਼ਟਰ ਵਿਚ ਭਾਰੀ ਮੀਂਹ ਕਾਰਨ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ ਸੀ।
ਕੇਂਦਰ ਸਰਕਾਰ ਦਾ ਵੱਡਾ ਤੋਹਫਾ! ਕਿਰਤੀਆਂ ਲਈ ਘੱਟੋ-ਘੱਟ ਮਜ਼ਦੂਰੀ ਦਰਾਂ ਵਧਾਈਆਂ
NEXT STORY