ਨਵੀਂ ਦਿੱਲੀ- ਆਮ ਧਾਰਨਾ ਇਹ ਹੈ ਕਿ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਜੁਲਾਈ ਨੂੰ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਮਿਲਣ ਸਮੇਂ ਉਨ੍ਹਾਂ ਨੂੰ ਉੱਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਬਾਰੇ ਸੂਚਨਾ ਦੇ ਦਿੱਤੀ ਸੀ ਪਰ ਇਹ ਧਾਰਨਾ ਪੂਰੀ ਤਰ੍ਹਾਂ ਗਲਤ ਹੈ। ਦਰਅਸਲ ਇਹ ਧਨਖੜ ਹੀ ਸਨ ਜਿਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਾਲ ਪਹਿਲਾਂ ਹੀ ਮੁਲਾਕਾਤਾਂ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਇਨ੍ਹਾਂ ਬੈਠਕਾਂ ਦੀ ਮੰਗ ਇਸ ਲਈ ਕੀਤੀ ਸੀ ਕਿਉਂਕਿ ਉਹ ਅਹੁਦਾ ਛੱਡ ਰਹੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਰਾਜਪਾਲਾਂ ਦੇ ਰਵਾਇਤੀ ਡਿਨਰ ’ਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਸਨ। ਉਹ ਪੱਛਮੀ ਬੰਗਾਲ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਣ ਲਈ ਦੋਵਾਂ ਨੇਤਾਵਾਂ ਨੂੰ ਮਿਲਣਾ ਚਾਹੁੰਦੇ ਸਨ। ਧਨਖੜ ਜਦੋਂ ਮੋਦੀ ਨੂੰ ਮਿਲੇ ਤਾਂ ਸਾਰੀ ਚਰਚਾ ਪੱਛਮੀ ਬੰਗਾਲ ਤੱਕ ਹੀ ਸੀਮਤ ਰਹੀ। ਨਾ ਤਾਂ ਸ਼ਾਹ ਅਤੇ ਨਾ ਹੀ ਮੋਦੀ ਨੇ ਧਨਖੜ ਨੂੰ ਕੋਈ ਸੁਰਾਗ ਦਿੱਤਾ ਕਿ ਉਨ੍ਹਾਂ ਦੀ ਸ਼ਾਮ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਦਾ ਐਲਾਨ ਕੀਤਾ ਜਾਏਗਾ।
ਹਾਲਾਂਕਿ ਪੀ. ਐਮ. ਓ. ਵੱਲੋਂ ਟਵਿੱਟਰ ’ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਪੋਸਟ ਕਰਨ ਤੋਂ ਤੁਰੰਤ ਬਾਅਦ ਧਨਖੜ ਦਾ ਨਾਮ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਸੀ ਪਰ ਧਨਖੜ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਧਨਖੜ ਸ਼ਾਮ ਨੂੰ ਰਾਸ਼ਟਰਪਤੀ ਭਵਨ ’ਚ ਡਿਨਰ ਟੇਬਲ ’ਤੇ ਸਨ ਜਦੋਂ ਉਨ੍ਹਾਂ ਦੇ ਮੋਬਾਈਲ ’ਤੇ ਕਈ ਮਿਸ ਕਾਲਾਂ ਅਤੇ ਸੁਨੇਹੇ ਆਏ। ਕਿਉਂਕਿ ਇਹ ਰਾਤ ਦੇ ਖਾਣੇ ਦੀ ਸ਼ਮੂਲੀਅਤ ਸੀ, ਇਸ ਲਈ ਉਹ ਨਾ ਤਾਂ ਕਾਲ ਸੁਣ ਸਕਦੇ ਸਨ ਅਤੇ ਨਾ ਹੀ ਸੰਦੇਸ਼ ਦੇਖ ਸਕਦੇ ਸਨ। ਫਿਰ ਰਾਸ਼ਟਰਪਤੀ ਭਵਨ ਤੋਂ ਇੱਕ ਅਰਦਲੀ ਉਨ੍ਹਾਂ ਦੀ ਸੀਟ ’ਤੇ ਗਿਆ ਅਤੇ ਹੌਲੀ ਜਿਹੀ ਕਿਹਾ ਕਿ ਉਨ੍ਹਾਂ ਦੇ ਫ਼ੋਨ ਵਿਚ ਇਕ ਖਾਸ ਸੁਨੇਹਾ ਹੈ। ਧਨਖੜ ਨੇ ਆਪਣੇ ਸਮਰਥਕਾਂ ਕੋਲ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ’ਚ ਡਿਨਰ ਟੇਬਲ ’ਤੇ ਆਪਣੀ ਉਮੀਦਵਾਰੀ ਬਾਰੇ ਪਤਾ ਲੱਗਾ। ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪੀ. ਐੱਮ. ਪ੍ਰੋਟੋਕੋਲ ਲਈ ਸਖ਼ਤ ਹਨ ਅਤੇ ਅੰਤ ਤੱਕ ਚੀਜ਼ਾਂ ਨੂੰ ਆਪਣੇ ਤੱਕ ਗੁਪਤ ਰੱਖਣ ਲਈ ਜਾਣੇ ਜਾਂਦੇ ਹਨ। ਜੇ ਉਹ ਪਹਿਲਾਂ ਹੀ ਧਨਖੜ ਨੂੰ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਦੱਸ ਦਿੰਦੇ ਤਾਂ ਭਾਜਪਾ ਸੰਸਦੀ ਬੋਰਡ ਦੇ ਚੋਟੀ ਦੇ ਆਗੂਆਂ ਦੀ ਮੀਟਿੰਗ ਬੇਲੋੜੀ ਹੋ ਜਾਂਦੀ। ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਬੋਰਡ ਨੂੰ ਦੱਸਿਆ ਕਿ ਉਨ੍ਹਾਂ ਨੂੰ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਤਿੰਨ ਨਾਂ ਮਿਲੇ ਹਨ ਅਤੇ ਬੋਰਡ ਇਨ੍ਹਾਂ 'ਤੇ ਫੈਸਲਾ ਕਰੇਗਾ। ਉਸ ਤੋਂ ਬਾਅਦ ਕੀ ਹੋਇਆ ਸਭ ਨੂੰ ਪਤਾ ਹੈ।
ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
NEXT STORY