ਵਿਧਾਨ ਸਭਾ ਚੋਣਾਂ 2017 'ਚ ਨਹੀਂ, 2015 'ਚ ਹੋਣਗੀਆਂ : ਮਨਪ੍ਰੀਤ
ਅੰਮ੍ਰਿਤਸਰ, (ਬਲਜਿੰਦਰ)-ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੁਪਰੀਮੋ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਚੋਣ 2017 'ਚ ਨਹੀਂ, 2015 ਵਿਚ ਜੁਲਾਈ-ਅਗਸਤ ਮਹੀਨੇ ਤਕ ਹੋ ਜਾਏਗੀ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਪੂਰੀਆਂ-ਪੂਰੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਬਿਆਨ ਦੇ ਰਹੀ ਹੈ, ਉਸ ਤੋਂ ਉਸਦਾ ਦਰਦ ਸਾਫ਼ ਨਜ਼ਰ ਆ ਰਿਹਾ ਹੈ। ਜੇਕਰ ਇਕ ਪਾਰਟੀ ਦਾ ਹੀ ਅਜਿਹਾ ਹਾਲ ਹੋਵੇਗਾ ਤਾਂ ਆਮ ਜਨਤਾ ਦਾ ਹਾਲ ਲੁਕਿਆ ਨਹੀਂ ਹੈ। ਉਹ ਅੱਜ ਅੰਮ੍ਰਿਤਸਰ ਜ਼ਿਲਾ ਦਿਹਾਤੀ ਦੇ ਪ੍ਰਧਾਨ ਪ੍ਰੀਤਇੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿਚ ਹਲਕਾ ਅਜਨਾਲਾ ਵਿਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਅੰਮ੍ਰਿਤਸਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਭਾਜਪਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਭਾਜਪਾ ਅਕਾਲੀ ਦਲ ਨਾਲੋਂ ਆਪਣਾ ਗਠਜੋੜ ਤੋੜ ਲਵੇ, ਨਹੀਂ ਤਾਂ ਪੰਜਾਬ ਦੇ ਭੈੜੇ ਹਾਲਾਤ ਲਈ ਉਹ ਵੀ ਪਾਪ ਦੀ ਭਾਗੀਦਾਰ ਬਣੇਗੀ। ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਨਾਲ ਗਠਜੋੜ ਕਰਕੇ ਚੋਣ ਲੜੇਗੀ। ਇਹੀ ਨਹੀਂ, ਆਉਣ ਵਾਲੀ ਅਗਲੀ ਚੋਣ ਵਿਚ ਵੀ ਉਹ ਇਸ ਗਠਜੋੜ ਨੂੰ ਬਰਕਰਾਰ ਰੱਖੇਗੀ। ਉਨ੍ਹਾਂ ਇਹ ਵੀ ਕਹਿਣ ਤੋਂ ਗੁਰੇਜ ਨਹੀਂ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਅਜੇ ਹੈਸੀਅਤ ਤੇ ਔਕਾਤ ਇੰਨੀ ਨਹੀਂ ਹੈ ਕਿ ਉਹ ਇਕੱਲੀ ਚੋਣ ਲੜ ਸਕੇ। ਉਨ੍ਹਾਂ ਦੀ ਪਾਰਟੀ ਦਾ ਸਿਰਫ ਅਤੇ ਸਿਰਫ ਇਕ ਹੀ ਉਦੇਸ਼ ਹੈ, ਅਕਾਲੀ ਦਲ ਦਾ ਕਿਲਾ ਢਹਿਢੇਰੀ ਕਰਨਾ ਤੇ ਇਸ ਲਈ ਉਹ ਅਕਾਲੀ-ਭਾਜਪਾ ਗਠਜੋੜ ਵਿਰੋਧੀ ਪਾਰਟੀਆਂ ਨਾਲ ਗਠਜੋੜ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭ੍ਰਿਸ਼ਟਾਚਾਰ ਦੇ ਸਮੁੰਦਰ ਵਿਚ ਡੁੱਬ ਗਿਆ ਹੈ ਤੇ ਪੰਜਾਬ ਵਾਸੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 1969 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਇਸ ਵਾਰ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਦੀ ਪੰਜਵੀਂ ਵਾਰ ਸਹੁੰ ਚੁੱਕੀ ਪਰ ਆਪਣੇ ਕਾਰਜਕਾਲਾਂ ਵਿਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੂੰ ਅਜਿਹਾ ਕੀ ਦੇ ਕੇ ਜਾ ਰਹੇ ਹਨ, ਜੋ ਜਨਤਾ ਉਨ੍ਹਾਂ ਨੂੰ ਉਨ੍ਹਾਂ ਦੇ ਬਾਅਦ ਵੀ ਯਾਦ ਰੱਖੇ। ਅਜਿਹੀ ਇਕ ਵੀ ਉਪਲਬਧੀ ਉਨ੍ਹਾਂ ਦੇ ਨਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲਣ ਦੇ ਬਾਅਦ ਇਕ ਦਮ ਹੀ ਚੁੱਪੀ ਧਾਰ ਲੈਂਦੇ ਹਨ ਤੇ ਲੰਬੇ ਸਮੇਂ ਤਕ ਕੁੱਝ ਨਹੀਂ ਬੋਲਦੇ, ਜਦੋਂਕਿ ਉਨ੍ਹਾਂ ਨੂੰ ਆਪਣਾ ਮੋਰਚਾ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਦੇ ਗਠਜੋੜ ਕਾਰਨ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਹੌਲੀ ਚੱਲ ਰਹੀ ਹੈ ਤੇ ਜੇਕਰ ਉਹ (ਮਜੀਠੀਆ) ਪਾਕਿ ਸਾਫ਼ ਹੈ ਤਾਂ ਉਹ ਡਰੇ ਨਾ, ਸਗੋਂ ਕਲੀਨ ਚਿੱਟ ਪ੍ਰਾਪਤ ਕਰੇ।
ਕਿਹੜਾ ਜੰਮ ਪਿਆ ਸੂਰਮਾ ਜਿਹੜਾ ਮੇਨ ਰੋਡ ਤੋਂ ਠੇਕੇ ਨੂੰ ਰੋਕੇ!
NEXT STORY