ਨਵੀਂ ਦਿੱਲੀ - ਆਲੂ ਦੀ ਚੰਗੀ ਫਸਲ ਕਾਰਨ ਇਸ ਦੀਆਂ ਕੀਮਤਾਂ 'ਚ ਆਈ ਕਮੀ ਨੇ ਜਿੱਥੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ, ਉਥੇ ਹੀ ਲਗਪਗ ਹੋਰ ਸਾਰੀਆਂ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨਾਲ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ ।
ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸਰਕਾਰ ਨੇ 500 ਕਰੋੜ ਰੁਪਏ ਦੀ ਲਾਗਤ ਨਾਲ ਮੁੱਲ ਸਥਿਰੀਕਰਨ ਫੰਡ ਦੇ ਗਠਨ ਕਰਨ ਅਤੇ ਇਸਦੇ ਘੇਰੇ 'ਚ ਤੁਰੰਤ ਆਲੂ-ਪਿਆਜ਼ ਨੂੰ ਲਿਆਉਣ ਦੇ ਫੈਸਲੇ ਦੇ ਬਾਵਜੂਦ ਰਾਸ਼ਟਰੀ ਰਾਜਧਾਨੀ ਖੇਤਰ 'ਚ ਮਟਰ, ਗੋਭੀ, ਟਮਾਟਰ ਅਤੇ ਕੁਝ ਹੋਰ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ । ਨਵਾਂ ਆਲੂ 10 ਤੋਂ 12 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ ।
ਰਾਜਧਾਨੀ ਖੇਤਰ 'ਚ ਮਾਸ ਦੀ ਕੀਮਤ 'ਚ ਅਚਾਨਕ 60 ਰੁਪਏ ਪ੍ਰਤੀ ਕਿਲੋ ਤਕ ਦਾ ਵਾਧਾ ਹੋ ਗਿਆ ਹੈ । ਪ੍ਰਚੂਨ ਬਾਜ਼ਾਰ 'ਚ ਮਟਰ 70 ਰੁਪਏ ਪ੍ਰਤੀ ਕਿਲੋ, ਗੋਭੀ 45 ਰੁਪਏ, ਟਮਾਟਰ 40 ਤੋਂ 45 ਰੁਪਏ ਅਤੇ ਪਿਆਜ਼ 30 ਤੋਂ 35 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ ।
ਰਾਜਧਾਨੀ 'ਚ ਵੱਡੇ ਪੈਮਾਨੇ 'ਤੇ ਸਾਂਝੇ ਰੂਪ ਨਾਲ ਕਾਰੋਬਾਰ ਕਰਨ ਵਾਲੀ ਮਦਰ ਡੇਅਰੀ ਦੀਆਂ ਦੁਕਾਨਾਂ 'ਚ ਵੀ ਹਰੇ ਛੋਲੇ 150 ਰੁਪਏ ਕਿਲੋ ਅਤੇ ਬੈਂਗਨ 40 ਰੁਪਏ ਕਿਲੋ ਮਿਲ ਰਹੇ ਹਨ । ਲੌਕੀ ਵੀ ਆਮ ਤੌਰ 'ਤੇ 40 ਰੁਪਏ ਕਿਲੋ ਅਤੇ ਫਲੀਆਂ 40 ਤੋਂ 60 ਰੁਪਏ ਪ੍ਰਤੀ ਕਿਲੋ ਮਿਲ ਰਹੀਆਂ ਹਨ ।
ਪ੍ਰਚੂਨ ਬਾਜ਼ਾਰ 'ਚ ਛੋਲੀਏ ਦਾ ਸਾਗ 80 ਰੁਪਏ ਅਤੇ ਬਾਥੂ ਦਾ ਸਾਗ 35 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ । ਸਰ੍ਹੋਂ ਦਾ ਸਾਗ ਕੁਝ ਸਸਤਾ ਹੈ । ਬਾਜ਼ਾਰ ਸੂਤਰਾਂ ਅਨੁਸਾਰ ਪਿਛਲੇ ਦਿਨੀਂ ਹੋਈ ਵਰਖਾ ਕਾਰਨ ਬਾਜ਼ਾਰ 'ਚ ਸਬਜ਼ੀਆਂ ਦੀ ਸਪਲਾਈ ਘੱਟ ਹੋਈ ਹੈ, ਜਿਸ ਕਾਰਨ ਇਸਦਾ ਮੁੱਲ ਵਧਣਾ ਸੁਭਾਵਿਕ ਹੈ । ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀਆਂ ਅਨੁਸਾਰ ਹਾਲ 'ਚ ਹੋਈ ਵਰਖਾ ਨਾਲ ਸਬਜ਼ੀਆਂ ਸਮੇਤ ਸਾਰੀਆਂ ਫਸਲਾਂ ਨੂੰ ਭਾਰੀ ਫਾਇਦਾ ਹੋਵੇਗਾ ਤੇ ਉਤਪਾਦਨ ਵੀ ਵਧੇਗਾ, ਇਸ ਦੇ ਇਲਾਵਾ ਫਸਲਾਂ 'ਤੇ ਕੋਰੇ ਦੇ ਕਹਿਰ ਦਾ ਖ਼ਤਰਾ ਘੱਟ ਹੋ ਗਿਆ ਹੈ । ਬਾਜ਼ਾਰ 'ਚ ਨਾ ਕੇਵਲ ਬੱਕਰੇ ਦੇ ਮਾਸ ਦੇ ਮੁੱਲ ਵਧੇ ਹਨ ਬਲਕਿ ਚਿਕਨ ਦੀ ਕੀਮਤ ਵੀ ਵੱਧ ਗਈ ਹੈ ।
ਸੋਨਾ 10 ਹਫਤੇ ਦੇ ਉੱਚ ਪੱਧਰ 'ਤੇ ਪਹੁੰਚਿਆ
NEXT STORY