ਪੰਜਾਬੀ ਰਿਸ਼ਤਿਆਂ ਵਿਚ ਤਾਅਨੇ ਮਿਹਣੇ ਅਤੇ ਨੋਕ_ਝੋਕ ਆਮ ਚੱਲਦੀ ਰਹਿੰਦੀ ਹੈ । ਸੱਸ ਦੇ ਤਾਅਨੇ ਨੂੰ ਤਲਵਾਰ ਬਰਾਬਰ ਸਮਝਿਆ ਜਾਂਦਾ ਹੈ। ਸੱਸ ਨੂੰ ਮਾਂ ਅਤੇ ਨੂੰਹ ਨੂੰ ਧੀ ਸਮਝਣ ਵਾਲਿਆਂ ਦੀ ਨਫਰੀ ਘੱਟ ਹੁੰਦੀ ਹੈ। ਮੇਰੇ ਇਕ ਅਜ਼ੀਜ ਨੇ ਆਪਣੀ ਕੁੜੀ ਪੜ੍ਹਾ ਲਿਖਾ ਕੇ ਰੁਜ਼ਗਾਰ ਲਗਵਾ ਦਿੱਤੀ । ਇਸ ਤੋਂ ਬਾਅਦ ਵਰ ਲੱਭਣ ਦੇ ਯਤਨ ਆਰੰਭ ਹੋਏ । ਆਖਿਰ ਵਰ ਲੱਭ ਗਿਆ। ਵਿਆਹ ਦਾ ਦਿਨ ਨਿਯਤ ਹੋ ਗਿਆ। ਕੁੜੀ ਦਾ ਪਿਉ ਸਮਾਜ ਸੁਧਾਰਕ ਸੀ । ਉਸ ਨੇ ਕੁੜੀ ਨੂੰ ਪੜ੍ਹਾਈ ਦਾ ਦਾਜ ਦੇ ਦਿੱਤਾ ਸੀ । ਉਸ ਵਲੋਂ ਸਮਝਿਆ ਗਿਆ ਕਿ ਪੜ੍ਹਾਈ ਲਿਖਾਈ ਹੀ ਕੁੜੀ ਦਾ ਦਾਜ ਹੈ । ਆਖਿਰ ਪੜ੍ਹਾਈ ਦੇ ਦਾਜ ਨਾਲ ਲੈਣ_ਦੇਣ ਦੇ ਦਾਜ ਤੋਂ ਬਿਨਾਂ ਡੋਲੀ ਤੋਰ ਦਿੱਤੀ ਗਈ।
ਅਗਲੇ ਦਿਨ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਦੇ ਘਰ ਮਿਲਣੀ ਲਈ ਆਣਾ ਸੀ। ਕੁੜੀ ਵਾਲੇ ਮਿਲਣੀ ਕਰਨ ਮੁੰਡੇ ਦੇ ਘਰ ਪਹੁੰਚੇ। Àਹਨਾਂ ਦੀ ਮਹਿਮਾਨ ਨਿਵਾਜੀ ਕਰਨਾ ਮੁੰਡੇ ਵਾਲਿਆਂ ਦਾ ਫਰਜ਼ ਸੀ। ਕੁੜੀ ਵਲੋਂ ਆਪਣੇ ਮਾਪਿਆਂ ਦੀ ਆਉ ਭਗਤ ਲਈ ਮੱਠਾ ਅਤੇ ਬਝਿਆ ਹੁੰਗਾਰਾ ਦੇਖਿਆ ਤਾਂ ਆਪਣੀ ਇਕ ਦਿਨਾ ਸੱਸ ਨੂੰ ਪੁੱਛਿਆ ਕਿ “ਭਾਂਡੇ ਅਤੇ ਵਿਛਾਉਣ ਲਈ ਚਾਦਰਾਂ ਦਿਉ ਤਾਂ ਜੋ ਮਾਪਿਆਂ ਦੀ ਮਹਿਮਾਨ ਨਿਵਾਜੀ ਕੀਤੀ ਜਾ ਸਕੇ । ਅੱਗੋਂ ਸੱਸ ਬਘਿਆੜੀ ਟੱਕਰੀ ਦੀ ਕਹਾਵਤ ਨੂੰ ਸੱਸ ਨੇ ਅਮਲੀ ਜਾਮਾ ਪਹਿਨਾਉਂਦੇ ਹੋਏ ਕਿਹਾ, “ਜੋ ਤੂੰ ਕੱਲ ਆਪਣੇ ਮਾਪਿਆਂ ਤੋਂ ਚਾਦਰਾਂ ਅਤੇ ਭਾਂਡੇ ਲੈ ਕੇ ਆਈ ਹੈ, ਉਹੀ ਕੱਢ ਲੈ। ਇਹ ਗੱਲ ਸੁਣ ਕੇ ਕੁੜੀ ਦੇ ਮੂੰਹ ਤੇ ਸਿੱਕੜੀ ਆ ਗਈ।
ਦੋ ਕੁ ਦਿਨ ਬਾਅਦ ਮੁੰਡੇ ਵਾਲੇ ਕੁੜੀ ਦੇ ਘਰ ਮਿਲਣੀ ਲਈ ਪਹੁੰਚੇ ਤਾਂ ਕੁੜੀ ਨੇ ਸਾਰਾ ਰਾਜ ਮਾਂ ਪਿਉ ਸਾਹਮਣੇ ਖੋਲਿਆ। ਜਿਸ ਨਾਲ ਮਾਂ ਪਿਉ ਵੀ ਆਪਣੇ ਆਪ ਨੂੰ ਵਕਤੋਂ ਉੱਕੇ ਮਹਿਸੂਸ ਕਰਨ ਲੱਗੇ ਅਤੇ ਸਮਾਜ ਸੁਧਾਰਾਂ ਪ੍ਰਤੀ ਕਿਤਾਬੀ ਵਰਕੇ ਫਰੋਲਣ ਲੱਗੇ। ਜਿਸ ਵਿਚੋਂ ਦੋ ਸਵਾਲ ਪੈਦਾ ਹੋਏ ਇਕ ਸਮਾਜ ਦੇ ਸੁਧਾਰ ਕਿੰਨੀ ਦੂਰ ਹਨ? ਦੂਜਾ ਸੱਸ ਦੂਜੀ ਮਾਂ ਕਦੋਂ ਬਣੂੰ? ਅੱਜ ਲੋੜ ਹੈ ਲੋਭੀ ਆਦਤਾਂ ਦਾ ਤਿਆਗ ਕਰਕੇ ਸੱਸ ਨੂੰ ਮਾਂ ਦਾ ਸਬੂਤ ਦੇਣ ਲਈ ਤਾਂ ਜੋ ਸਮਾਜ ਦਾ ਮਾਹੌਲ ਸੁਖਾਵਾਂ ਅਤੇ ਅਗਾਂਹ ਵਧੂ ਹੋ ਸਕੇ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਇਹਨੂੰ ਕਹਿੰਦੇ ਨੇ ਮਾਂ...
NEXT STORY