ਬੱਚੇ ਮਾਸੂਮ ਹੁੰਦੇ ਹਨ, ਉਹ ਜ਼ਿਆਦਾ ਲੰਮੀ ਨਹੀਂ ਸੋਚਦੇ। ਕਈ ਵਾਰ ਉਹਨਾਂ ਦੀ ਇਹ ਮਾਸੂਮੀਅਤ ਕਿਸੇ ਵੱਡੇ ਕਲੇਸ਼ ਅਤੇ ਮਾਨਸਿਕ ਸੰਕਟ ਦਾ ਕਾਰਨ ਵੀ ਬਣ ਜਾਂਦੀ ਹੈ । ਬਲਵੰਤ ਦੇ ਘਰੇ ਵੀ ਅੱਜ ਇਸੇ ਮਾਸੂਮੀਅਤ ਨੇ ਕਲੇਸ਼ ਦਾ ਝੱਖੜ ਲੈ ਆਦਾਂ ਸੀ । ਆਮ ਵਾਗੂੰ ਹੀ ਜਦੋਂ ਉਹ ਦੋਵੇਂ ਜੀ ਬਹਿਸਦੇ ਖਹਿਬੜਦੇ ਕੰਮਾਂ ਨੂੰ ਜਾਣ ਲੱਗੇ ਸਨ ਤਾਂ ਬੇਟੀ ਨੇ ਮਾਸੂਮੀਅਤ ਨਾਲ ਬਲਵੰਤ ਨੂੰ ਦੱਸ ਦਿੱਤਾ ਸੀ ਕਿ ਦਾਦੀ ਨੇ ਅੱਜ ਸਵੇਰੇ ਉਸ ਦੇ ਪਰਸ ਵਿੱਚੋਂ ਸੌ ਰੁਪਏ ਕੱਢੇ ਸਨ ਪਤਾ ਨਈ ਇਹ ਸੱਚ ਸੀ ਜਾਂ ਬੇਟੀ ਦਾ ਭੁਲੇਖਾ ਪਰ ਹੋਣੀ ਤਾਂ ਵਾਪਰ ਗਈ ਸੀ । ਬਲਵੰਤ ਦਾ ਗੁੱਸਾ ਪਲਾਂ ਵਿੱਚ ਹੀ ਸਿਖਰਾਂ ਨੂੰ ਪਹੁੰਚ ਗਿਆ ਸੀ । ਅੱਖਾਂ ਗਹਿਰੀਆਂ ਹੋ ਗਈਆ ਸਨ । ਤਿਉੜ੍ਹੀਆਂ ਚੜ੍ਹ ਗਈਆਂ ਸਨ । ਉਹ ਬੁੜ੍ਹਬੁੜਾ ਰਿਹਾ ਸੀ ''ਵਾੜ੍ਹ ਹੀ ਖੇਤ ਨੂੰ ਖਾਣ ਲੱਗ ਗਈ ਤਾਂ ਫਿਰ ਕੀ ਬਣੂ ਲੋਕ ਫਾਇਦਾ ਦੇਖੋ ਖੱਟਦੇ..ਊਂ ਤਾਂ ਜਿਵੇਂ ਪੈਸੇ ਮਿਲਦੇ ਈ ਨਈ । ''ਘਰ ਵਿੱਚ ਜਹਿਰ ਭਰੇ ਇਹ ਉੱਚੇ ਬੋਲ ਗੂੰਜ ਰਹੇ ਸਨ । ਬੀਵੀ ਵੀ ਦੂਰ ਸਹਿਮੀ ਖੜ੍ਹੀ ਸੀ ਅਤੇ ਮਾਂ ਜਿਵੇਂ ਸੋਚ ਰਹੀ ਸੀ ਕਿ ਕੀ ਉਪਾਅ ਹੋਵੇ ਕਿ ਅੱਜ ਦੀ ਇਹ ਬਲ੍ਹਾ ਟਲ ਜਾਵੇ । ਉਹ ਆਪਣੇ ਪੁੱਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਹਨੇ ਖਹਿੜਾ ਨਈ ਛੱਡਣਾ, ਸ਼ਾਇਦ ਉਮਰ ਭਰ ਨਾ ਛੱਡੇ । ਹੁਣ ਪਤਾ ਨਈ ਕਿੰਨੇ ਦਿਨ ਇਸ ਗੱਲ ਨੂੰ ਰਿੜਕੀ ਜਾਊ ।ਬੋਲਦਿਆਂ ਬੋਲਦਿਆਂ ਬਲਵੰਤ ਦੇ ਬੁੱਲ੍ਹ ਸੁੱਕ ਗਏ ਸਨ , ਅੱਖਾਂ ਵਿੱਚ ਲਰਜਿਸ਼ ਦੇ ਲਾਲ ਡੋਰੇ ਆ ਗਏ ਸਨ ਪਰ ਉਹ ਸਾਂਤ ਨਾ ਹੋਇਆ । ਲੇਟ ਹੋ ਗਿਆ ਪਰ ਬਲਵੰਤ ਕੰਮ ਤੇ ਚਲਾ ਗਿਆ । ਉਸ ਦਾ ਦਿਨ ਬੜੀ ਬੇਚੈਨੀ ਅਤੇ ਕੜਵਾਹਟ 'ਚ ਬੀਤਿਆ । ਘਰਦਿਆਂ ਦਾ ਕਿਵੇਂ ਬੀਤਿਆਂ ਹੋਣੈ ਸਮਝਿਆ ਜਾ ਸਕਦਾ ਹੈ ।
ਸ਼ਾਮ ਨੂੰ ਭੂਰੇ ਰੰਗ ਦਾ ਗੇਟ ਫਿਰ ਖੁੱਲ੍ਹਿਆ । ਅੱਜ ਗੇਟ ਦੇ ਖੁੱਲਣ ਵਿੱਚ ਉਤਸ਼ਾਹ ਨਈ ਸੀ ਜਿਵੇਂ ਉਹ ਵੀ ਬਲਵੰਤ ਦੇ ਨਾਲ ਉਦਾਸ ਅਤੇ ਥੱਕਿਆ ਹੋਇਆ ਸੀ । ਬਲਵੰਤ ਉਦਾਸ ਸੀ, ਥੱਕਿਆ ਸੀ ਪਰ ਤਪਿਆ ਵੀ ਸੀ ਤੇ ਮੰਜੇ 'ਤੇ ਲੇਟਦਿਆਂ ਹੀ ਉਸਦੀ ਸਵੇਰ ਵਾਲੀ ਕਸੈਲੀ ਯਾਦ ਫਿਰ ਤਾਜ਼ਾ ਹੋ ਗਈ ਸੀ । ''ਤਰਸ ਨਈ ਆਉਂਦਾ ਇਹਨਾਂ ਨੂੰ ਜਿੱਥੇ ਨੀਤਾਂ ਈ ਖੋਟੀਆਂ ਨੇ ਉੱਥੇ ਕੀ ਹੋਊ '' ਬੀਵੀ ਚਾਹ ਰੱਖ ਗਈ ਪਰ ਉਸਨੇ ਉਸ ਵੱਲ ਧਿਆਨ ਨਈ ਸੀ ਕੀਤਾ । ਬੁੜਬੜਾਉਂਦਾ ਰਿਹਾ ਅਤੇ ਥੱਕ ਕੇ ਅੱਖਾਂ ਮੀਚ ਲਈਆਂ । ਹੁਣ ਤੱਕ ਵੀ ਨਾ ਤਾਂ ਬੀਵੀ ਵਿੱਚ ਹਿੰਮਤ ਸੀ ਉਸਦੇ ਕੋਲ ਆਉਣ ਦੀ ਤੇ ਨਾਂ ਹੀ ਮਾਂ ਵਿੱਚ ਉਸਨੂੰ ਵਰਾਉਣ ਦਾ ਹੌਸਲਾ । ਹੌਸਲਾ ਦਿਖਾਇਆ ਫਿਰ Àਸੇ ਮਾਸੂਮੀਅਤ ਨੇ ਜਿਸ ਨੂੰ ਡਰ ਦਾ ਇਲਮ ਨਈ ਤਾਅਨੇ ਮਿਹਨਿਆਂ ਦਾ ਅਸਰ ਨਈ, ਜ਼ਿਆਦਾ ਸੋਚ ਵਿਚਾਰ ਨਹੀਂ । ''ਪਾਪਾ ! ਅੱਜ ਬਿਜਲੀ ਆਲੇ ਆਏ ਸੀ ਤਾਰ ਕੱਟਣ ''। ਬੇਟੀ ਨੇ ਫਿਰ ਜਿਵੇਂ ਚਾਬੁਕ ਮਾਰ ਦਿੱਤਾ ਸੀ ।
''ਫੇਰ '' ਬਲਵੰਤ ਇੱਕਦਮ ਤਣਾਅ ਵਿੱਚ ਆ ਗਿਆ ਸੀ । ਪਹਿਲਾਂ ਹੀ ਇੰਨੇ ਸਿਆਪੇ ਐ ਜਾਣ ਨੂੰ ਇਹ ਇੱਕ ਹੋਰ । ਇਦੂੰ ਤਾਂ ਰੱਬ ਚੱਕ ਕਿਉਂ ਨਈ ਲੈਦਾਂ ਉਹਨੂੰ ।ਉਹ ਤਰੇਲਿਓਂ ਤਰੇਲੀ ਹੋ ਗਿਆ ਸੀ ।
''ਫੇਰ ਕੀ , ਦਾਦੀ ਨੇ ਦੇ ਦਿੱਤੇ ਸੀ ਸਾਰੇ ਪੈਸੇ '' ਮਾਸੂਮੀਅਤ ਨੇ ਆਪਣਾ ਰੰਗ ਬਿਖੇਰਿਆ ਤੇ ਤਿਤਲੀ ਵਾਂਗ ਉੱਡ ਗਈ ਸੀ ।ਬਲਵੰਤ ਸੋਚੀਂ ਪੈ ਗਿਆ । ਬਿਲ ਤਾਂ ਪੰਜ ਛੇ ਹਜ਼ਾਰ ਰੁਪਏ ਹੋਣੈ ਫਿਰ ਮਾਂ ਨੇ ਕਿੱਥੋਂ ਲਿਆਦੇ ਹੋਣੈ ਐ ਪੈਸੇ ? ਬੀਵੀ ਕੋਲੇ ਆ ਕੇ ਬੈਠੀ ਤਾਂ ਇਸ ਸਵਾਲ ਦਾ ਵੀ ਜਵਾਬ ਮਿਲ ਗਿਆ । ਉਸ ਨੇ ਦੱਸਿਆ ਸੀ ਕਿ ਮਾਂ ਔਖੇ ਸੌਖੇ ਸਮੇਂ ਵਾਸਤੇ ਪੈਸਾ ਪੈਸਾ ਜੋੜ ਕੇ ਕੁੱਝ ਨਾ ਕੁੱਝ ਇਕੱਠਾ ਕਰ ਲੈਦੀਂ ਹੈ । ਇਹ ਵੀ ਉਹੀ ਪੈਸੇ ਸਨ । ਰਾਤ ਹੋਣ ਨੂੰ ਆਈ ਸੀ ਪਰ ਬਲਵੰਤ ਉਵੇਂ ਹੀ ਲੰਮੇ ਪਿਆ ਹੋਇਆ ਖਿਆਲਾ ਦੇ ਤਾਣੇ ਬਾਣੇ ਵਿੱਚ ਉਲਝਿਆ ਸੀ । ਕਿੰਨਾ ਕੁੱਝ ਬੋਲਿਆ ਹਾਂ ਕਾਸ਼! ਸਮਾਂ ਥੋੜਾ ਜਿਹਾ ਪਿੱਛੇ ਚੱਲਿਆ ਜਾਵੇ ਅਤੇ ਬੋਲੇ ਹੋਏ ਬੋਲਾਂ ਦੀ ਹੋਂਦ ਖਤਮ ਹੋ ਜਾਵੇ । ਉਸ ਨੇ ਹਿੰਮਤ ਕੀਤੀ ਮਾਂ ਦੇ ਕਮਰੇ ਕੋਲ ਗਿਆ ਪਰ ਮਾਂ ਕੋਲ ਜਾਣ ਦੀ ਹਿੰਮਤ ਨਾ ਪਈ ।
ਹਵਾ ਦਾ ਇੱਕ ਬੁੱਲਾ ਆਇਆ ਤੇ ਤਰੇਲੀਆਂ ਨਾਲ ਭਿੱਜੇ ਬਲਵੰਤ ਦੀ ਹਸਤੀ ਜਿਵੇਂ ਠੰਢੀ ਸੀਤ ਹੁੰਦੀ ਚਲੀ ਗਈ ਸੀ ।
ਤਰਸੇਮ ਬਸ਼ਰ
ਪ੍ਰਤਾਪ ਨਗਰ ਬਠਿੰਡਾ।
ਬਹੁਤ ਮਿਹਨਤੀ ਅਤੇ ਸਿਰੜੀ ਸਨ ਮੇਰੇ ਜਨਮਦਾਤਾ
NEXT STORY